ਬਜਰੀ ਨਾਲ ਭਰਿਆ ਟਿੱਪਰ ਕਾਰ 'ਤੇ ਪਲਟਿਆ, ਇਕ ਦੀ ਮੌਤ, ਦੋ ਜ਼ਖਮੀ (ਵੀਡੀਓ)

01/20/2019 5:35:00 PM

ਰੂਪਨਗਰ (ਵਿਜੇ) — ਰੋਪੜ-ਮਨਾਲੀ ਨੈਸ਼ਨਲ ਹਾਈਵੇਅ-205 'ਤੇ ਬਜਰੀ ਨਾਲ ਭਰਿਆ ਟਿੱਪਰ ਸਵਿੱਫਟ ਕਾਰ 'ਤੇ ਪਲਟਣ ਕਾਰਨ ਸੜਕ ਹਾਦਸਾ ਵਾਪਰਨ ਵਾਪਰ ਗਿਆ। ਕਾਰ 'ਚ ਕਰੀਬ 3 ਲੋਕ ਸਵਾਰ ਸਨ। ਇਸ ਹਾਦਸੇ 'ਚ ਕਾਰ 'ਚ ਸਵਾਰ ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿਨ੍ਹਾਂ ਵਿਚੋਂ ਇਕ ਸਵਾਰ ਨੂੰ ਸੈਕਟਰ-32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਰੂਪਨਗਰ ਵੱਲੋਂ ਇਕ ਕਾਰ ਜਿਸ ਵਿਚ ਸ੍ਰੀ ਅਨੰਦਪੁਰ ਸਾਹਿਬ ਦਾ ਇਕ ਪਰਿਵਾਰ ਬੈਠਾ ਸੀ ਉਹ ਪੁੱਤਰ ਦੇ ਰਿਸ਼ਤੇ ਦੇ ਲਈ ਲੁਧਿਆਣਾ ਜਾ ਰਿਹਾ ਸੀ ਅਤੇ ਜਿਉਂ ਹੀ ਕਾਰ ਨੇ ਓਵਰਟੇਕ ਕਰ ਕੇ ਜੇ. ਆਰ. ਥੀਏਟਰ ਦੇ ਕੋਲ ਤੋਂ ਸਰਹਿੰਦ ਨਹਿਰ ਨੂੰ ਮੁੜਨਾ ਸੀ ਅਤੇ ਉਸ ਦੇ ਨਾਲ ਹੀ ਬਜਰੀ ਦਾ ਭਰਿਆ ਹੋਇਆ ਇਕ ਟਿੱਪਰ ਵੀ ਉਸੇ ਸਾਈਡ ਨੂੰ ਮੁੜ ਰਿਹਾ ਸੀ ਤਾਂ ਅਚਾਨਕ ਇਹ ਟਿੱਪਰ ਕਾਰ 'ਤੇ ਪਲਟ ਗਿਆ ਅਤੇ ਕਾਰ ਟਿੱਪਰ ਦੇ ਹੇਠਾਂ ਦੱਬ ਗਈ, ਜਿਸ ਕਾਰਨ ਕਾਰ ਸਵਾਰ ਰਾਜਿੰਦਰ ਕੌਰ ਪਤਨੀ ਸਤਪਾਲ ਸਿੰਘ ਨਿਵਾਸੀ ਸ੍ਰੀ ਅਨੰਦਪੁਰ ਸਾਹਿਬ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਕਾਰ ਚਾਲਕ ਸਤਪਾਲ ਸਿੰਘ ਅਤੇ ਉਸ ਦਾ ਪੁੱਤਰ ਵਰਿੰਦਰਪਾਲ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਏ। 


ਹਾਦਸੇ ਦੇ ਤੁਰੰਤ ਬਾਅਦ ਲੋਕ ਮੌਕੇ 'ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਕਾਰ ਸਵਾਰਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਕਾਰ ਬੁਰੀ ਤਰ੍ਹਾਂ ਕੁਚਲੀ ਗਈ ਸੀ ਅਤੇ ਕਰੇਨ ਦੀ ਮਦਦ ਨਾਲ ਕਾਰ ਸਵਾਰਾਂ ਨੂੰ ਕੱਢਿਆ ਜਾ ਸਕਿਆ ਅਤੇ ਤੁਰੰਤ ਐਂਬੂਲੈਂਸ ਬੁਲਾਈ ਗਈ। ਮੌਕੇ 'ਤੇ ਹਾਜ਼ਰ ਪੁਲਸ ਅਧਿਕਾਰੀ ਏ. ਐੱਸ. ਆਈ. ਸੋਹਣ ਸਿੰਘ ਨੇ ਦੱਸਿਆ ਕਿ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਅਤੇ ਉਸ ਦੇ ਵਿਰੁੱਧ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਟਿੱਪਰ ਨੂੰ ਕਬਜ਼ੇ 'ਚ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਤੇਜ਼ ਰਫਤਾਰ ਸਵਿੱਫਟ ਕਾਰ ਇਕਦਮ ਟਰੱਕ ਦੇ ਅੱਗੇ ਤੋਂ ਮੁੜਨ ਲੱਗੀ ਤਾਂ ਇਸੇ ਦੌਰਾਨ ਟਰੱਕ ਕਾਰ 'ਤੇ ਪਲਟ ਗਿਆ। ਇਸ ਘਟਨਾ ਦੇ ਨਾਲ ਹਾਈਵੇਅ 'ਤੇ ਜਾਮ ਲੱਗ ਗਿਆ। ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਸੜਕ ਖੁੱਲ੍ਹਵਾਉਣ ਦੀ ਕਾਰਵਾਈ ਕੀਤੀ ਗਈ। ਇਹ ਹਾਦਸਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਿਆ ਹੈ।

shivani attri

This news is Content Editor shivani attri