ਬਾਸਮਤੀ ਦੀ ਥਾਂ ਦੁਕਾਨਦਾਰ ਨੂੰ ਸਸਤੇ ਚੌਲ ਵੇਚਣ ਆਇਆ ਠੱਗ, ਹੋਇਆ ਹੰਗਾਮਾ

05/30/2020 1:55:03 PM

ਜਲੰਧਰ (ਰਮਨ)— ਸ਼ਹਿਰ 'ਚ ਠੱਗ ਗਿਰੋਹ ਇੰਨਾ ਸਰਗਰਮ ਹੋ ਗਿਆ ਹੈ ਕਿ ਰੋਜ਼ ਲੋਕਾਂ ਦੀ ਠੱਗੀ ਦੇ ਨਵੇਂ-ਨਵੇਂ ਪੈਂਤੜੇ ਸੁਣਨ ਨੂੰ ਮਿਲ ਰਹੇ ਹਨ। ਅਜਿਹਾ ਹੀ ਇਕ ਮਾਮਲਾ ਥਾਣਾ ਨੰਬਰ 4 ਅਧੀਨ ਪੈਂਦੇ ਧੋਬੀ ਮੁਹੱਲਾ 'ਚ ਵੇਖਣ ਨੂੰ ਮਿਲਿਆ ਜਿੱਥੇ 5 ਠੱਗ ਅੰਮ੍ਰਿਤਸਰੀ ਨੰਬਰ ਦੀ ਬਲੈਰੋ ਗੱਡੀ ਨਾਲ ਕਰਿਆਨੇ ਦੀਆਂ ਦੁਕਾਨਾਂ 'ਤੇ ਜਾਂਦੇ ਹਨ ਅਤੇ ਦੁਕਾਨਦਾਰ ਨੂੰ ਬਾਸਮਤੀ ਚੌਲ ਸਸਤੇ ਭਾਅ ਵੇਚਣ ਦਾ ਝਾਂਸਾ ਦੇ ਕੇ ਹਲਕੇ ਪਰਮਲ ਚੌਲ ਦੇ ਕੇ ਠੱਗ ਰਹੇ ਹਨ। ਇਸੇ ਕਾਰਨ ਮੁਹੱਲੇ 'ਚ ਸ਼ੁੱਕਰਵਾਰ ਹੰਗਾਮੇ ਵਾਲੀ ਸਥਿਤੀ ਬਣ ਗਈ ਹੈ।

ਜਾਣਕਾਰੀ ਦਿੰਦੇ ਹੋਏ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਸਵੇਰੇ 5 ਵਿਅਕਤੀ ਅੰਮ੍ਰਿਤਸਰ ਨੰਬਰ ਵਾਲੀ ਬਲੈਰੋ ਕਾਰ ਵਿਚ ਆਉਂਦੇ ਹਨ ਅਤੇ ਪੁਰਾਣੀ ਬਾਸਮਤੀ ਸਸਤੇ ਭਾਅ 'ਤੇ ਖਰੀਦਣ ਦਾ ਲਾਲਚ ਦਿੰਦੇ ਹਨ। 5 ਲੋਕਾਂ 'ਚੋਂ ਸਿਰਫ 2 ਲੋਕ ਦੁਕਾਨ ਤੱਕ ਚੌਲਾਂ ਦੀ ਬੋਰੀ ਲੈ ਕੇ ਗੱਲਬਾਤ ਕਰਨ ਲਈ ਆਉਂਦੇ ਹਨ ਅਤੇ 3 ਗੱਡੀ 'ਚ ਬੈਠੇ ਰਹਿੰਦੇ ਹਨ। ਸ਼ਰਮਾ ਨੇ ਦੱਸਿਆ ਕਿ ਦੋਵੇਂ ਵਿਅਕਤੀਆਂ ਨਾਲ ਬਾਸਮਤੀ ਚੌਲ ਦਾ ਰੇਟ ਤੈਅ ਹੋ ਜਾਂਦਾ ਹੈ ਅਤੇ ਉਹ ਉਨ੍ਹਾਂ ਨੂੰ 7 ਬੋਰੀਆਂ ਚੌਲ ਦੇਣ ਲਈ ਕਹਿੰਦਾ ਹੈ। ਉਕਤ ਠੱਗ ਉਨ੍ਹਾਂ ਨੂੰ ਪਹਿਲਾਂ 3 ਬੋਰੀਆਂ ਚੌਲ ਗੱਡੀ ਵਿਚੋਂ ਕੱਢ ਕੇ ਦਿੰਦੇ ਹਨ। ਉਹ ਉਨ੍ਹਾਂ ਨੂੰ 1000 ਰੁਪਏ ਪ੍ਰਤੀ ਬੋਰੀ ਦੇ ਹਿਸਾਬ ਨਾਲ ਰਕਮ ਅਦਾ ਕਰ ਦਿੰਦੇ ਹਨ। ਜਿਵੇਂ ਹੀ ਉਹ ਉਨ੍ਹਾਂ ਨੂੰ 4 ਬੋਰੀਆਂ ਹੋਰ ਚੌਲ ਲਿਆਉਣ ਲਈ ਕਹਿੰਦੇ ਹਨ ਤਾਂ ਉਨ੍ਹਾਂ ਦਾ ਭਤੀਜਾ ਆ ਜਾਂਦਾ ਹੈ ਅਤੇ ਉਹ ਉਨ੍ਹਾਂ ਨੂੰ ਪਛਾਣ ਲੈਂਦਾ ਹੈ। ਉਹ ਚੌਲਾਂ ਦੀਆਂ ਬੋਰੀਆਂ 'ਤੇ ਲੱਗੇ ਮਾਰਕੇ ਬਾਰੇ ਪੁੱਛਦਾ ਹੈ ਤਾਂ ਦੋਵੇਂ ਠੱਗ ਘਬਰਾ ਜਾਂਦੇ ਹਨ।

ਅਜਿਹੇ ਵਿਚ ਉਨ੍ਹਾਂ ਦਾ ਭਤੀਜਾ ਚੌਲਾਂ ਦੀਆਂ ਬੋਰੀਆਂ ਦਾ ਭਾਰ ਤੋਲਦਾ ਹੈ ਤਾਂ ਉਹ ਬੋਰੀਆਂ 20 ਕਿਲੋ ਦੀਆਂ ਨਿਕਲਦੀਆਂ ਹਨ। ਗੱਡੀ 'ਚ ਬੈਠਾ ਇਕ ਹੋਰ ਵਿਅਕਤੀ ਬਾਹਰ ਆਉਂਦਾ ਹੈ ਅਤੇ ਸਾਰੀਆਂ ਬੋਰੀਆਂ ਵਾਪਸ ਗੱਡੀ ਵਿਚ ਰੱਖ ਕੇ ਉਨ੍ਹਾਂ ਦੇ ਪੈਸੇ ਘੱਟ ਕਰਨ ਨੂੰ ਕਹਿ ਕੇ ਆਪਣੇ ਸਾਥੀਆਂ ਸਮੇਤ ਗੱਡੀ ਵਿਚ ਬੈਠ ਜਾਂਦਾ ਹੈ। ਇਸ ਦੌਰਾਨ ਮੁਹੱਲੇ 'ਚ ਹੰਗਾਮਾ ਹੋ ਜਾਂਦਾ ਹੈ। ਉਨ੍ਹਾਂ ਦਾ ਭਤੀਜਾ ਦੱਸਦਾ ਹੈ ਕਿ 2 ਦਿਨ ਪਹਿਲਾਂ ਉਕਤ ਗਿਰੋਹ ਕਿਸੇ ਹੋਰ ਦੁਕਾਨਦਾਰ ਨੂੰ ਚੂਨਾ ਲਾ ਕੇ ਜਾ ਚੁੱਕੇ ਹਨ। ਜਦੋਂ ਬੋਰੀਆਂ ਖੋਲ੍ਹ ਕੇ ਦੇਖਿਆ ਗਿਆ ਤਾਂ ਉਸ ਵਿਚ ਬਾਸਮਤੀ ਦੀ ਥਾਂ ਘਟੀਆ ਕੁਆਲਿਟੀ ਦੇ ਪਰਮਲ ਚੌਲ ਨਿਕਲੇ, ਜਿਸ ਨੂੰ ਵੇਖ ਕੇ ਉਹ ਹੈਰਾਨ ਰਹਿ ਗਏ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦਾ ਭਤੀਜਾ ਮੌਕੇ 'ਤੇ ਨਾ ਪਹੁੰਚਦਾ ਤਾਂ ਘਟੀਆ ਕੁਆਲਿਟੀ ਦੇ 7 ਬੋਰੀਆਂ ਚੌਲ ਬਾਸਮਤੀ ਚੌਲ ਕਹਿ ਕੇ ਵੇਚ ਜਾਂਦੇ, ਜਿਸ ਕਾਰਣ ਉਨ੍ਹਾਂ ਦੀ ਵੱਡੇ ਪੱਧਰ 'ਤੇ ਠੱਗੀ ਹੋਣੀ ਸੀ।

ਉਨ੍ਹਾਂ ਦੱਸਿਆ ਕਿ ਉਕਤ ਘਟਨਾ ਸਬੰਧੀ ਕਿਸੇ ਨੇ ਪੁਲਸ ਨੂੰ ਫੋਨ ਰਾਹੀਂ ਜਾਣਕਾਰੀ ਦਿੱਤੀ ਸੀ। ਜਿੰਨੇ ਦੇਰ ਵਿਚ ਪੁਲਸ ਮੁਲਾਜ਼ਮ ਉਥੇ ਪਹੁੰਚੇ। ਇਹ ਠੱਗ ਗੱਡੀ ਲੈ ਕੇ ਉਥੋਂ ਫਰਾਰ ਹੋ ਗਏ ਸਨ। ਉਕਤ ਸਾਰੀ ਘਟਨਾ ਸਬੰਧੀ ਜਦੋਂ ਥਾਣਾ ਨੰਬਰ 4 ਦੀ ਪੁਲਸ ਤੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਸ਼ਿਕਾਇਤ ਉਨ੍ਹਾਂ ਕੋਲ ਨਹੀਂ ਪਹੁੰਚੀ ਹੈ।

shivani attri

This news is Content Editor shivani attri