ਰੈਸਟੋਰੈਂਟ ਦੇ ਸਟਾਫ ''ਤੇ ਹਮਲਾ ਕਰਨ ਦੇ ਮਾਮਲੇ ''ਚ ਪੁਲਸ ਨੇ ਦਰਜ ਕੀਤਾ ਕੇਸ

02/15/2020 10:15:42 AM

ਜਲੰਧਰ (ਮ੍ਰਿਦੁਲ)— ਬੀਤੇ ਦਿਨੀਂ ਸ਼ਹਿਰ 'ਚ ਨਾਮੀ ਰੈਸਟੋਰੈਂਟ ਏ. ਐੱਮ. ਪੀ. ਐੱਮ. ਦੇ ਸਟਾਫ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ ਪੁਲਸ ਨੇ ਰੈਸਟੋਰੈਂਟ ਦੇ ਮੈਨੇਜਰ ਸਾਰਥਕ ਸੂਦ ਦੇ ਬਿਆਨਾਂ 'ਤੇ ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਪੀੜਤ ਮੈਨੇਜਰ ਸਾਰਥਕ ਸੂਦ ਨੇ ਕਿਹਾ ਕਿ ਉਹ ਏ. ਐੱਮ. ਪੀ. ਐੱਮ. ਰੈਸਟੋਰੈਂਟ 'ਚ ਕਰੀਬ 3 ਮਹੀਨਿਆਂ ਤੋਂ ਕੰਮ ਕਰ ਰਿਹਾ ਹੈ। ਬੀਤੀ 2 ਫਰਵਰੀ ਨੂੰ ਉਨ੍ਹਾਂ ਦੇ ਰੈਸਟੋਰੈਂਟ ਦੇ ਮਾਲਕ ਹਰੀਸ਼ ਜੈਨ ਜਦੋਂ ਰੈਸਟੋਰੈਂਟ ਦੇ ਬਾਹਰ ਸਨ ਤਾਂ ਇੰਨੇ 'ਚ ਕਰੀਬ ਸਾਢੇ 12 ਵਜੇ ਮੁਲਜ਼ਮ ਗੁਰਵਿੰਦਰ, ਕਰਣ, ਗੋਬਿੰਦ, ਰੋਹਿਤ ਅਤੇ ਉਨ੍ਹਾਂ ਦੇ ਨਾਲ ਕਰੀਬ 15 ਲੋਕ ਸਨ ਅਤੇ ਉਨ੍ਹਾਂ ਨੇ ਆ ਕੇ ਗਾਲੀ-ਗਲੋਚ ਕੀਤਾ ਅਤੇ ਧਮਕੀਆਂ ਦਿੰਦੇ ਹੋਏ ਕਿਹਾ ਕਿ ਜੈਨੀ ਨੂੰ ਬਾਹਰ ਕੱਢੋ। ਅੱਜ ਉਸ ਨੂੰ ਖਤਮ ਕਰਕੇ ਹੀ ਸਾਹ ਲਵਾਂਗੇ। ਇੰਨੇ ਵਿਚ ਉਕਤ ਮੁਲਜ਼ਮਾਂ ਨੇ ਗਾਹਕਾਂ ਦੀਆਂ ਗੱਡੀਆਂ ਤੋੜਨੀਆਂ ਸ਼ੁਰੂ ਕਰ ਦਿੱਤੀਆਂ।

ਮੈਨੇਜਰ ਮੁਤਾਬਕ ਉਕਤ ਮੁਲਜ਼ਮਾਂ ਨੇ ਉਨ੍ਹਾਂ ਦੇ ਰੈਸਟੋਰੈਂਟ ਦੇ ਸਟਾਫ ਮੈਂਬਰ ਵਿਜੇ ਰਾਏ ਨੂੰ ਰੈਸਟੋਰੈਂਟ ਤੋਂ ਬਾਹਰ ਕੱਢ ਕੇ ਤੇਜ਼ਧਾਰ ਹਥਿਆਰਾਂ ਅਤੇ ਬੇਸਬਾਲ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਜਦੋਂ ਆਪਣੇ ਸਾਥੀ ਨੂੰ ਬਚਾਉਣ ਲਈ ਉਨ੍ਹਾਂ ਰੋਕਿਆ ਤਾਂ ਮੁਲਜ਼ਮ ਕਰਣ ਅਤੇ ਗੋਬਿੰਦ ਨੇ ਉਨ੍ਹਾਂ ਦੇ ਸਿਰ 'ਤੇ ਬੇਸਬਾਲ ਨਾਲ ਹਮਲਾ ਕਰ ਦਿੱਤਾ। ਮੁਲਜ਼ਮ ਗੁਰਿੰਦਰ ਨੇ ਵੀ ਉਨ੍ਹਾਂ ਦੀ ਪਿੱਠ 'ਤੇ ਹਮਲਾ ਕੀਤਾ। ਹਮਲੇ ਦੌਰਾਨ ਮੁਲਜ਼ਮਾਂ ਨੇ ਵਿਜੇ ਰਾਏ ਤੋਂ ਸਾਢੇ 3 ਲੱਖ ਰੁਪਏ ਕੈਸ਼ ਲੁੱਟ ਲਏ ਅਤੇ ਆਪਣੇ ਹਥਿਆਰ ਅਤੇ ਇਕ ਮਾਰੂਤੀ ਕਾਰ ਨੂੰ ਛੱਡ ਕੇ ਫਰਾਰ ਹੋ ਗਏ, ਜਿਸ ਤੋਂ ਬਾਅਦ ਸਟਾਫ ਮੈਂਬਰ ਮਿੰਟੂ ਨੇ ਰੈਸਟੋਰੈਂਟ ਦੇ ਮਾਲਕ ਹਰੀਸ਼ ਜੈਨ ਨੂੰ ਫੋਨ ਕੀਤਾ।

ਹਰੀਸ਼ ਜੈਨ ਸਾਰੇ ਸਟਾਫ ਮੈਂਬਰਾਂ ਨੂੰ ਆਪਣੀ ਕਾਰ 'ਚ ਬਿਠਾ ਕੇ ਸਿਵਲ ਹਸਪਤਾਲ ਲੈ ਗਏ ਅਤੇ ਐੱਮ. ਐੱਲ. ਆਰ. ਕਟਵਾਈ। ਬਾਅਦ 'ਚ ਉਨ੍ਹਾਂ ਨੂੰ ਪਤਾ ਲੱਗਾ ਕਿ ਉਕਤ ਮੁਲਜ਼ਮਾਂ ਨੇ ਵੀ ਡਾਕਟਰਾਂ ਦੀ ਮਿਲੀਭੁਗਤ ਨਾਲ ਆਪਣੀ ਝੂਠੀ ਐੱਮ. ਐੱਲ. ਆਰ. ਕਟਵਾ ਲਈ ਹੈ। ਜਦਕਿ ਉਨ੍ਹਾਂ ਦੇ ਰੈਸਟੋਰੈਂਟ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਸਾਰੀ ਰਿਕਾਰਡਿੰਗ ਹੈ। ਜਿਸ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਰੈਸਟੋਰੈਂਟ ਦੇ ਸਟਾਫ 'ਤੇ ਹਮਲਾ ਹੋਇਆ ਹੈ, ਨਾ ਕਿ ਉਨ੍ਹਾਂ ਦੇ ਸਟਾਫ ਮੈਂਬਰਾਂ ਨੇ ਉਕਤ ਮੁਲਜ਼ਮਾਂ ਨੂੰ ਮਾਰਿਆ ਹੈ। ਐੱਸ. ਐੱਚ. ਓ. ਸੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਮੁਲਜ਼ਮਾਂ ਦੀ ਤਲਾਸ਼ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਦੂਜੀ ਧਿਰ ਪੁਲਸ 'ਤੇ ਕਰਾਸ ਕੇਸ ਦਰਜ ਕਰਨ ਦਾ ਬਣਾ ਰਹੀ ਹੈ ਸਿਆਸੀ ਦਬਾਅ
ਸੂਤਰਾਂ ਦੀ ਮੰਨੀਏ ਤਾਂ ਇਸ ਮਾਮਲੇ 'ਚ ਪੁਲਸ 'ਤੇ ਕਾਫੀ ਰਾਜਨੀਤਕ ਦਬਾਅ ਪਾਇਆ ਜਾ ਰਿਹਾ ਹੈ ਕਿਉਂਕਿ ਦੂਜੀ ਧਿਰ ਵੀ ਸ਼ਹਿਰ ਦੀ ਹਾਈ ਕਲਾਸ ਲਾਬੀ ਨਾਲ ਸਬੰਧ ਰੱਖਦੀ ਹੈ, ਜਿਸ ਨੂੰ ਲੈ ਕੇ ਦੂਜੀ ਧਿਰ ਸਿਆਸੀ ਨੇਤਾਵਾਂ ਦਾ ਸਹਾਰਾ ਲੈ ਕੇ ਕਰਾਸ ਕੇਸ ਦਰਜ ਕਰਵਾਉਣ ਲਈ ਦਬਾਅ ਬਣਾ ਰਹੀ ਹੈ। ਹੋ ਸਕਦਾ ਹੈ ਕਿ ਪੁਲਸ ਆਉਣ ਵਾਲੇ ਦਿਨਾਂ 'ਚ ਕਰਾਸ ਕੇਸ ਵੀ ਦਰਜ ਕਰ ਲਵੇ।

shivani attri

This news is Content Editor shivani attri