ਤਿੰਨ ਹਫਤਿਆਂ ਤੋਂ ਬੰਦ ਸੀਵਰੇਜ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ ਗੁਰਜੈਪਾਲ ਨਗਰ ਵਾਸੀ

09/06/2020 4:14:38 PM

ਜਲੰਧਰ (ਸੋਮਨਾਥ) – ਵਾਰਡ ਨੰਬਰ 21 ’ਚ ਆਉਂਦੇ ਗੁਰਜੈਪਾਲ ਨਗਰ ਦੇ ਰਹਿਣ ਵਾਲੇ ਲੋਕਾਂ ਨੂੰ ਪਿਛਲੇ ਤਿੰਨ ਹਫਤਿਆਂ ਤੋਂ ਸੀਵਰੇਜ ਬੰਦ ਹੋਣ ਕਾਰਣ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਰਜੈਪਾਲ ਵੈੱਲਫੇਅਰ ਸੋਸਾਇਟੀ ਦੇ ਮੈਂਬਰ ਸੁਖਵਿੰਦਰ ਮਾਨ, ਰੋਮੀਓ ਤਿਵਾੜੀ, ਸੁਖਰਾਜ ਸਿੰਘ, ਅਜੀਤ ਸਿੰਘ, ਸੁਰਿੰਦਰ ਅਟਵਾਲ, ਰਾਜਿੰਦਰ ਮਲਹੋਤਰਾ, ਪਰਮਿੰਦਰ ਸਿੰਘ ਅਤੇ ਮਨਰਾਜ ਸਾਰਥਕ ਦਾ ਕਹਿਣਾ ਹੈ ਕਿ ਇਸ ਸਬੰਧ ’ਚ ਉਹ ਕੌਂਸਲਰ ਮਨਜੀਤ ਕੌਰ ਸਮੇਤ ਨਗਰ ਨਿਗਮ ਦੇ ਜੇ. ਈ. ਅਤੇ ਐੈੱਸ. ਡੀ. ਓ. ਤਕ ਨੂੰ ਲਿਖਤੀ ਸ਼ਿਕਾਇਤਾਂ ਦੇ ਚੁੱਕੇ ਹਨ ਪਰ ਉਨ੍ਹਾਂ ਦੇ ਮੁਹੱਲੇ ਨੂੰ ਬੰਦ ਸੀਵਰੇਜ ਦੀ ਸਮੱਸਿਆ ਤੋਂ ਨਿਜਾਤ ਨਹੀਂ ਮਿਲੀ। ਉਨ੍ਹਾਂ ਨੇ ਕਿਹਾ ਕਿ ਕੌਂਸਲਰ ਵੀ ਜੇ. ਈ. ਅਤੇ ਐੈੱਸ. ਡੀ. ਓ. ਨੂੰ ਕਹਿ ਚੁੱਕੇ ਹਨ ਪਰ ਉਨ੍ਹਾਂ ਹੁਣ ਤਕ ਸਮੱਸਿਆ ਦਾ ਹੱਲ ਨਹੀਂ ਕੱਢਿਆ ਹੈ।

ਉਨ੍ਹਾਂ ਨੇ ਦੱਸਿਆ ਕਿ 21-22 ਦਿਨਾਂ ’ਚ ਸਿਰਫ ਇਕ ਵਾਰ ਸੀਵਰੇਜ ਵਿਭਾਗ ਨੇ ਛੋਟੀ ਮਸ਼ੀਨ ਭੇਜ ਕੇ ਥੋੜ੍ਹੀ ਬਲਾਕੇਜ ਖੋਲ੍ਹੀ ਪਰ ਇਹ ਸਮੱਸਿਆ ਪੂਰੀ ਤਰ੍ਹਾਂ ਨਾਲ ਹੱਲ ਨਹੀਂ ਹੋਈ ਹੈ।

ਗੰਦਾ ਪਾਣੀ ਮਾਰ ਰਿਹਾ ਹੈ ਬੈਕ, ਉਪਰੋਂ ਮੱਛਰਾਂ ਦੀ ਭਰਮਾਰ

ਕਲੱਬ ਮੈਂਬਰ ਸੁਖਰਾਜ ਸਿੰਘ ਨੇ ਦੱਸਿਆ ਕਿ ਪਿਛਲੇ ਤਿੰਨ ਹਫਤਿਆਂ ਤੋਂ ਸੀਵਰੇਜ ਬੰਦ ਹੋਣ ਕਾਰਣ ਪਾਣੀ ਬੈਕ ਮਾਰ ਰਿਹਾ ਹੈ ਅਤੇ ਗਲੀਆਂ ’ਚ ਪਾਣੀ ਖੜ੍ਹਾ ਹੋ ਜਾਂਦਾ ਹੈ। ਹੁਣ ਤਾਂ ਪਾਣੀ ਬਦਬੂ ਮਾਰ ਰਿਹਾ ਹੈ ਅਤੇ ਉਪਰੋਂ ਬਰਸਾਤ ਦਾ ਮੌਸਮ ਹੋਣ ਕਾਰਣ ਗਲੀਆਂ ’ਚ ਖੜ੍ਹੇ ਹੁੰਦੇ ਪਾਣੀ ਦੇ ਉਪਰ ਮੱਛਰਾਂ ਦੀ ਭਰਮਾਰ ਹੈ, ਜਿਸ ਕਾਰਣ ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ।

ਮਲੇਰੀਆ ਅਤੇ ਡੇਂਗੂ ਫੈਲਣ ਦਾ ਡਰ

ਸੋਸਾਇਟੀ ਮੈਂਬਰਾਂ ਨੇ ਖਦਸ਼ਾ ਪ੍ਰਗਟ ਕੀਤਾ ਕਿ ਕਈ ਦਿਨਾਂ ਤੋਂ ਖੜ੍ਹੇ ਪਾਣੀ ਉਪਰ ਪੈਦਾ ਹੋ ਰਹੇ ਮੱਛਰਾਂ ਨਾਲ ਕਦੇ ਵੀ ਮਲੇਰੀਆ ਫੈਲ ਸਕਦਾ ਹੈ ਅਤੇ ਮੀਂਹ ਦਾ ਮੌਸਮ ਹੋਣ ਕਾਰਣ ਡੇਂਗੂ ਫੈਲਾਉਣ ਵਾਲੇ ਮੱਛਰ ਵੀ ਸਰਗਰਮ ਹਨ। ਉਨ੍ਹਾਂ ਨੇ ਕਿਹਾ ਕਿ ਮੱਛਰਾਂ ਕਾਰਣ ਕੋਈ ਬੀਮਾਰੀ ਫੈਲਦੀ ਹੈ ਤਾਂ ਇਸ ਲਈ ਕੌਣ ਜ਼ਿੰਮੇਵਾਰ ਹੋਵੇਗਾ? ਸੋਸਾਇਟੀ ਨੇ ਨਗਰ ਨਿਗਮ ਮੇਅਰ ਤੋਂ ਜਲਦੀ ਇਸ ਸਮੱਸਿਆ ਦਾ ਹੱਲ ਕਰਨ ਦੀ ਅਪੀਲ ਕੀਤੀ ਹੈ।

ਇਸ ਸਬੰਧ ’ਚ ਗੱਲ ਕਰਨ ’ਤੇ ਕੌਂਸਲਰ ਮਨਜੀਤ ਕੌਰ ਦੇ ਪਤੀ ਮਨਮੋਹਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਵੀ ਇਸ ਸਬੰਧ ’ਚ ਐੈੱਸ. ਡੀ. ਓ. ਭਾਗ ਸਿੰਘ ਨਾਲ ਗੱਲ ਕੀਤੀ ਹੈ, ਜਿਨ੍ਹਾਂ ਇਸ ਸਮੱਸਿਆ ਦਾ ਜਲਦੀ ਹੱਲ ਕੱਢੇ ਜਾਣ ਦਾ ਭਰੋਸਾ ਦਿਵਾਇਆ ਹੈ।

 


Harinder Kaur

Content Editor

Related News