ਮਨਪ੍ਰੀਤ ਬਾਦਲ ਦੀ ਬਜਾਏ ਹੁਣ ਸੁਖਜਿੰਦਰ ਰੰਧਾਵਾ ਲਹਿਰਾਉਣਗੇ ਤਿਰੰਗਾ

01/25/2020 12:09:09 PM

ਜਲੰਧਰ (ਚੋਪੜਾ)— ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਗਣਤੰਤਰ ਦਿਵਸ ਨਾਲ ਸਬੰਧਤ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਬੀਤੇ ਦਿਨ ਕਰਵਾਈ ਗਈ ਫੁੱਲ ਡਰੈੱਸ ਰਿਹਰਸਲ ਦਾ ਜਾਇਜ਼ਾ ਲਿਆ। ਰਿਹਸਲ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਅਤੇ ਨੌਜਵਾਨ ਆਈ. ਪੀ. ਐੱਸ. ਅੰਕੁਰ ਗੁਪਤਾ ਦੀ ਅਗਵਾਈ 'ਚ ਸ਼ਾਨਦਾਰ ਮਾਰਚ ਪਾਸਟ ਨੇ ਸਲਾਮੀ ਦਿੱਤੀ। ਡਿਪਟੀ ਕਮਿਸ਼ਨਰ ਅਤੇ ਪੁਲਸ ਕਮਿਸ਼ਨਰ ਨੇ ਵੱਖ-ਵੱਖ ਵਿੱਦਿਅਕ ਅਦਾਰਿਆਂ ਵੱਲੋਂ ਤਿਆਰ ਕੀਤੇ ਗਏ ਸੱਭਿਆਚਾਰਕ ਪ੍ਰੋਗਰਾਮ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਉਣਾ ਸੀ ਪਰ ਹੁਣ ਉਨ੍ਹਾਂ ਦੀ ਥਾਂ 'ਤੇ ਸਹਿਕਾਰਤਾ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਰਾਸ਼ਟਰੀ ਝੰਡਾ ਲਹਿਰਾਉਣਗੇ।

ਗਣਤੰਤਰ ਦਿਵਸ ਨੂੰ ਸੁਚਾਰੂ ਢੰਗ ਨਾਲ ਮਨਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਦੱਸਿਆ ਕਿ ਇਸ ਸਮਾਗਮ ਨੂੰ ਪੂਰੇ ਉਤਸ਼ਾਹ ਨਾਲ ਦੇਸ਼ ਭਗਤੀ ਅਤੇ ਸੱਭਿਆਚਾਰਕ ਰੰਗ ਿਵਚ ਮਨਾਇਆ ਜਾਵੇਗਾ। ਉਨ੍ਹਾਂ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀਆਂ ਨੂੰ ਕਿਹਾ ਕਿ ਪ੍ਰੋਗਰਾਮ ਸਬੰਧੀ ਲਾਈਆਂ ਗਈਆਂ ਡਿਊਟੀਆਂ ਨੂੰ ਪੂਰੀ ਲਗਨ ਨਾਲ ਨਿਭਾਉਣ, ਡਿਊਟੀ 'ਚ ਕਿਸੇ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਦੋਵਾਂ ਅਧਿਕਾਰੀਆਂ ਨੇ ਕਿਹਾ ਕਿ ਅਨੇਕਤਾ ਵਿਚ ਏਕਤਾ ਜੋ ਸਾਡੇ ਦੇਸ਼ ਦਾ ਆਧਾਰ ਹੈ, ਵਿਸ਼ੇ 'ਤੇ ਵਿਦਿਆਰਥੀਆਂ ਵਲੋਂ ਪੇਸ਼ ਕੀਤਾ ਜਾਣ ਵਾਲਾ ਪ੍ਰੋਗਰਾਮ ਦੇਸ਼ ਭਗਤੀ ਅਤੇ ਸੂਬੇ ਦੇ ਅਮੀਰ ਸੱਭਿਆਚਾਰ 'ਤੇ ਆਧਾਰਿਤ ਹੋਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਅਤੇ ਜਸਵੀਰ ਸਿੰਘ, ਉਪ ਮੰਡਲ ਮੈਜਿਸਟਰੇਟ ਰਾਹੁਲ ਸਿੰਧੂ, ਸਹਾਇਕ ਕਮਿਸ਼ਨਰ ਹਰਦੀਪ ਸਿੰਘ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ ਪੁਲਸ ਅਰੁਣ ਸੈਣੀ, ਸਹਾਇਕ ਕਮਿਸ਼ਨਰ ਪੁਲਸ ਧਰਮਪਾਲ ਅਤੇ ਏ. ਸੀ. ਪੀ. ਐੱਚ. ਐੱਸ. ਭੱਲਾ ਤੋਂ ਇਲਾਵਾ ਹੋਰ ਵੀ ਮੌਜੂਦ ਸਨ।

ਗੁਰਪ੍ਰੀਤ ਭੁੱਲਰ ਨੇ ਪੁਲਸ ਅਧਿਕਾਰੀਆਂ ਨੂੰ ਫਿੱਟਨੈੱਸ ਲਈ ਪ੍ਰੇਰਿਆ
ਪੁਲਸ ਕਮਿਸ਼ਨਰ ਗੁਰਪ੍ਰੀਤ ਿਸੰਘ ਭੁੱਲਰ ਨੇ ਰਿਹਰਸਲ ਦੌਰਾਨ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਫਿੱਟਨੈੱਸ ਬਣਾਈ ਰੱਖਣ ਲਈ ਵੀ ਪ੍ਰੇਰਿਤ ਕੀਤਾ। ਇਸ ਦੌਰਾਨ ਬੇਹੱਦ ਹਲਕੇ ਫੁਲਕੇ ਮਾਹੌਲ ਵਿਚ ਗੁਰਪ੍ਰੀਤ ਸਿੰਘ ਭੁੱਲਰ ਨੇ ਮੋਟਾਪੇ ਦਾ ਸ਼ਿਕਾਰ ਹੋ ਰਹੇ ਮੁਲਾਜ਼ਮਾਂ ਨੂੰ ਪੇਟ ਘੱਟ ਕਰਨ ਦਾ ਸੁਝਾਅ ਦਿੱਤਾ ਅਤੇ ਕੁਝ ਮੁਲਾਜ਼ਮਾਂ ਦੀ ਡਰੈੱਸ ਸੈਂਸ ਵਿਚ ਕਮੀ ਹੋਣ ਕਾਰਣ ਉਨ੍ਹਾਂ ਦੀ ਪਗੜੀ ਖੁਦ ਠੀਕ ਕਰਦਿਆਂ ਉਨ੍ਹਾਂ ਨੂੰ ਹਦਾਇਤਾਂ ਦਿੱਤੀਆਂ ਕਿ ਕੱਲ ਪ੍ਰੋਗਰਾਮ ਦੌਰਾਨ ਅਜਿਹੀਆਂ ਲਾਪ੍ਰਵਾਹੀਆਂ ਸਾਹਮਣੇ ਨਾ ਆਉਣ।

ਰਿਹਰਸਲ 'ਚ 15 ਮਿੰਟ ਦੇਰੀ ਨਾਲ ਲਹਿਰਾਇਆ ਗਿਆ ਰਾਸ਼ਟਰੀ ਝੰਡਾ
ਫੁੱਲ ਡਰੈੱਸ ਰਿਹਰਸਲ ਦੌਰਾਨ ਰਾਸ਼ਟਰੀ ਝੰਡੇ ਨੂੰ ਤੈਅ ਸਮੇਂ ਤੋਂ 15 ਮਿੰਟ ਦੇਰ ਨਾਲ ਲਹਿਰਾਇਆ ਗਿਆ, ਜਿਸ 'ਤੇ ਡਿਪਟੀ ਕਮਿਸ਼ਨਰ ਨੇ ਪ੍ਰੋਗਰਾਮ ਵਿਚ ਸਮੇਂ ਦੀ ਪਾਬੰਦੀ ਵੱਲ ਸਭ ਦਾ ਧਿਆਨ ਦਿਵਾਉਂਦਿਆਂ ਕਿਹਾ ਕਿ 26 ਜਨਵਰੀ ਦੇ ਪ੍ਰੋਗਰਾਮ ਵਿਚ ਸੁਧਾਰ ਕਰ ਦਿੱਤਾ ਜਾਵੇਗਾ।

shivani attri

This news is Content Editor shivani attri