ਗਣਤੰਤਰ ਦਿਵਸ ਦੇ ਮੱਦੇਨਜ਼ਰ ਪੁਲਸ ਨੇ ਚੈਕਿੰਗ ਮੁਹਿੰਮ ਕੀਤੀ ਤੇਜ਼

01/24/2020 12:27:59 PM

ਜਲੰਧਰ (ਸ਼ੋਰੀ): ਗਣਤੰਤਰ ਦਿਵਸ ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਸ ਨੇ ਸ਼ਹਿਰ ਵਿਚ ਚੈਕਿੰਗ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸਾਰੇ ਪੁਲਸ ਅਧਿਕਾਰੀਆਂ ਨੂੰ ਫੀਲਡ ਵਿਚ ਆਪਣੀ ਨਿਗਰਾਨੀ ਵਿਚ ਚੈਕਿੰਗ ਮੁਹਿੰਮ ਚਲਾਉਣ ਲਈ ਕਿਹਾ ਹੈ। ਪੁਲਸ ਨੇ ਰਾਤ ਦੇ ਨਾਕਿਆਂ ਨੂੰ ਜਿਥੇ ਚੁਸਤ-ਦਰੁਸਤ ਬਣਾਇਆ ਹੈ, ਉਥੇ ਸਵੇਰ ਦੇ ਸਮੇਂ ਵੀ ਸ਼ਹਿਰ ਵਿਚ ਥਾਂ-ਥਾਂ 'ਤੇ ਨਾਕੇ ਲਾ ਕੇ ਅੱਜ ਵਾਹਨਾਂ ਦੀ ਤਲਾਸ਼ੀ ਲਈ । ਪੁਲਸ ਕਮਿਸ਼ਨਰ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਡੀ. ਸੀ. ਪੀ. (ਲਾਅ ਐਂਡ ਆਰਡਰ) ਬਲਕਾਰ ਸਿੰਘ ਨੇ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਰੋਜ਼ਾਨਾ ਚੈਕਿੰਗ ਦੀ ਰਿਪੋਰਟ ਆਪਣੇ ਅਧੀਨ ਆਉਂਦੇ ਪੁਲਸ ਥਾਣਿਆਂ ਦੇ ਪ੍ਰਮੁੱਖਾਂ ਤੋਂ ਲੈਣ।

ਗਣਤੰਤਰ ਦਿਵਸ 'ਤੇ ਸਟੇਡੀਅਮ ਵਿਚ ਰਾਸ਼ਟਰੀ ਝੰਡਾ ਲਹਿਰਾਇਆ ਜਾਣਾ ਹੈ, ਜਿਸ ਨੂੰ ਦੇਖਦੇ ਹੋਏ ਸਟੇਡੀਅਮ ਨੂੰ ਪਹਿਲਾਂ ਹੀ ਸੀਲ ਕਰ ਦਿੱਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਗਣਤੰਤਰ ਦਿਵਸ 'ਚ ਰਾਸ਼ਟਰੀ ਝੰਡਾ ਲਹਿਰਾਉਣ ਦੇ ਪ੍ਰੋਗਰਾਮ ਵਿਚ ਸਟੇਡੀਅਮ ਵਿਚ ਅਨੇਕਾਂ ਵੀ. ਆਈ. ਪੀਜ਼ ਨੇ ਭਾਗ ਲੈਣਾ ਹੈ। ਇਸ ਲਈ ਸਟੇਡੀਅਮ ਦੇ ਨੇੜੇ-ਤੇੜੇ ਡਾਗ ਸਕੁਐਡ ਨਾਲ ਵੀ ਸਰਚ ਕੀਤੀ ਜਾ ਰਹੀ ਹੈ। ਗਣਤੰਤਰ ਦਿਵਸ ਨੂੰ ਵੇਖਦੇ ਹੋਏ ਰਾਤ ਦੇ ਨਾਕਿਆਂ ਦੀ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਵੀ ਆਪ ਅਚਾਨਕ ਚੈਕਿੰਗ ਕੀਤੀ ਜਾ ਸਕਦੀ ਹੈ। ਇਸਦਾ ਉਦੇਸ਼ ਨਾਕਿਆਂ 'ਤੇ ਤਾਇਨਾਤ ਜਵਾਨਾਂ ਨੂੰ ਚੁਸਤ-ਦਰੁਸਤ ਬਣਾਉਣਾ ਹੋਵੇਗਾ।


Shyna

Content Editor

Related News