ਸੂਬੇ ਦੀਆਂ ਸੜਕਾਂ ਦਾ ਨਵੀਨੀਕਰਨ ਕਰਨਾ ਪੰਜਾਬ ਸਰਕਾਰ ਦੀ ਮੁਖ ਤਰਜੀਹ : ਹਰਭਜਨ ਸਿੰਘ ETO

02/06/2024 4:01:13 PM

ਹੁਸ਼ਿਆਰਪੁਰ/ਦਸੂਹਾ(ਵਰਿੰਦਰ ਪੰਡਿਤ)- ਲੋਕ ਨਿਰਮਾਣ ਮੰਤਰੀ ਅਤੇ ਬਿਜਲੀ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਸੂਬੇ ਦੀਆਂ ਸੜਕਾਂ ਦਾ ਨਵੀਨੀਕਰਨ ਕਰਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਮੁਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਰੋਡ ਨੈਟਵਰਕ ਨੂੰ ਮਜ਼ਬੂਤ ਕਰਨ ਲਈ ਬਹੁਤ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਅਤੇ ਸੂਬੇ ਵਿਚ ਕੋਈ ਵੀ ਬਲੈਕ ਸਪਾਟ ਨਹੀਂ ਛੱਡਿਆ ਜਾਵੇਗਾ। ਉਹ ਅੱਜ ਦਸੂਹਾ ਵਿਖੇ ਹਲਕਾ ਵਿਧਾਇਕ ਕਰਮਬੀਰ ਸਿੰਘ ਘੁੰਮਣ ਦੀ ਮੌਜੂਦਗੀ ਵਿਚ 9.50 ਕਰੋੜ ਰੁਪਏ ਦੀ ਲਾਗਤ ਨਾਲ 20.23 ਕਿਲੋਮੀਟਰ ਲੰਮੀ ਬਣਨ ਵਾਲੀ ਦਸੂਹਾ-ਕਮਾਹੀ ਦੇਵੀ ਰੋਡ ਨੂੰ ਮਜ਼ਬੂਤ ਕਰਨ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਦੌਰਾਨ ਇਲਾਕਾ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। 

ਅੰਮ੍ਰਿਤਸਰ 'ਚ ਵੱਡੀ ਵਾਰਦਾਤ, 2 ਦਰਜਨ ਤੋਂ ਵੱਧ ਨੌਜਵਾਨਾਂ ਨੇ ਇਕ ਵਿਅਕਤੀ 'ਤੇ ਕੀਤਾ ਹਮਲਾ, ਚਲਾਈਆਂ ਗੋਲੀਆਂ

ਲੋਕ ਨਿਰਮਾਣ ਮੰਤਰੀ ਨੇ ਇਸ ਮੌਕੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸੜਕ ਕੰਢੀ ਖੇਤਰ ਦੀ ਕਾਫੀ ਮਹੱਤਵਪੂਰਨ ਸੜਕ ਹੈ ਅਤੇ ਇਹ ਨੈਸ਼ਨਲ ਹਾਈਵੇਅ ਜਲੰਧਰ-ਪਠਾਨਕੋਟ (ਐੱਨ.ਐੱਚ-44) ਦਸੂਹਾ ਤੋਂ ਤਲਵਾੜਾ, ਢੋਲਵਾਹਾ, ਹਰਿਆਣਾ ਸੜਕ ਨੂੰ ਕਮਾਹੀ ਦੇਵੀ ਨਾਲ ਮਿਲਾਉਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ’ਤੇ ਹੀ ਧਾਰਮਿਕ ਸਥਾਨ ਜਿਵੇਂ ਕਿ ਪਾਂਡਵ ਸਰੋਵਰ ਮੰਦਿਰ, ਮੰਦਿਰ ਬਾਬਾ ਲਾਲ ਦਿਆਲ ਜੀ ਅਤੇ ਕਮਾਹੀ ਦੇਵੀ ਮੰਦਿਰ ਸਥਿਤ ਹਨ, ਜਿਨ੍ਹਾਂ ਦੀ ਪੂਰੇ ਖੇਤਰ ਵਿਚ ਕਾਫ਼ੀ ਮਾਨਤਾ ਹੈ। ਇਸ ਤੋਂ ਇਲਾਵਾ ਇਸ ਸੜਕ ’ਤੇ ਕਰੀਬ 30-40 ਪਿੰਡਾਂ ਦਾ ਆਉਣਾ-ਜਾਣਾ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ਦੀ ਪਿਛਲੀ ਰਿਪੇਅਰ ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ ਸਾਲ 2013 ਵਿਚ ਹੋਈ ਸੀ ਅਤੇ ਨਿਯਮਾਂ ਦੇ ਮੁਤਾਬਿਕ ਸਾਲ 2018 ਵਿਚ ਇਸ ਦੀ ਰਿਪੇਅਰ ਹੋਣੀ ਸੀ ਪਰ ਪਿਛਲੀਆਂ ਸਰਕਾਰ ਨੇ ਇਸ ਸੜਕ ਦੀ ਕੋਈ ਸੁਧ ਨਹੀਂ ਲਈ ਅਤੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿਚ ਸੜਕ ਨੈਟਵਰਕ ਮਜ਼ਬੂਤ ਕਰ ਰਹੀ ਹੈ। ਇਸੇ ਲੜੀ ਵਿਚ ਇਸ ਸੜਕ ਦਾ ਵੀ ਨਿਰਮਾਣ ਕਰਵਾਇਆ ਜਾ ਰਿਹਾ ਹੈ।  ਉਨ੍ਹਾਂ ਦੱਸਿਆ ਕਿ ਸੜਕ ਦਾ ਨਿਰਮਾਣ ਕਾਰਜ 26 ਸਤੰਬਰ 2024 ਤੱਕ ਪੂਰਾ ਕਰ ਲਿਆ ਜਾਵੇਗਾ। 

ਇਹ ਵੀ ਪੜ੍ਹੋ : ਡੇਰਾ ਰਾਧਾ ਸੁਆਮੀ ਮੁਖੀ ਸਮੇਤ ਵੱਖ-ਵੱਖ ਧਰਮਾਂ ਦੇ ਆਗੂਆਂ ਨੇ ਪਾਰਲੀਮੈਂਟ ’ਚ ਕੀਤੀ ਸ਼ਿਰਕਤ

ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਸੜਕ ਨਿਰਮਾਣ ਦੇ ਨਾਲ-ਨਾਲ ਸੂਬੇ ਵਿਚ ਬਿਜਲੀ ਨੈਟਵਰਕ ਨੂੰ ਵੀ ਮਜ਼ਬੂਤ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਪਾਵਰ ਕਾਰਪੋਰੇਸ਼ਨ 1880 ਕਰੋੜ ਰੁਪਏ ਦੇ ਘਾਟੇ ਵਿਚ ਸੀ ਅਤੇ ਸਾਡੀ ਸਰਕਾਰ ਬਣਨ ਤੋਂ ਬਾਅਦ ਲੋਕਾਂ ਨੂੰ 600 ਯੂਨਿਟ ਫਰੀ ਬਿਜਲੀ ਦੇਣ ਤੋਂ ਬਾਅਦ ਵੀ ਪਾਵਰ ਕਾਰਪੋਰੇਸ਼ਨ 564 ਕਰੋੜ ਰੁਪਏ ਮੁਨਾਫ਼ੇ ਵਿਚ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਬਿਜਲੀ ਦੀ ਸਥਿਤੀ ਕਾਫ਼ੀ ਮਜ਼ਬੂਤ ਹੈ ਅਤੇ ਪੰਜਾਬ ਸਰਕਾਰ ਨੇ ਆਪਣੀ ਗਰੰਟੀ ਨੂੰ ਪੂਰਾ ਕਰਦੇ ਹੋਏ ਲੋਕਾਂ ਤੱਕ 600 ਯੂਨਿਟ ਮੁਫ਼ਤ ਬਿਜਲੀ ਪਹੁੰਚਾਈ ਹੈ, ਜਿਸ ਸਦਕਾ ਮੌਜੂਦਾ ਸਮੇਂ ਵਿਚ ਸੂਬੇ ਦੇ 90 ਫੀਸਦੀ ਤੋਂ ਵੱਧ ਲੋਕਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ।

ਇਹ ਵੀ ਪੜ੍ਹੋ : ਜਥੇਦਾਰ ਕਾਉਂਕੇ ਕਤਲ ਮਾਮਲਾ : ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਤੇ ਸਬੰਧਤ ਤਤਕਾਲੀ ਪੁਲਸ ਅਧਿਕਾਰੀਆਂ ਨੂੰ ਨੋਟਿਸ

ਵਿਧਾਇਕ ਦਸੂਹਾ ਕਰਮਬੀਰ ਸਿੰਘ ਘੁੰਮਣ ਨੇ ਲੋਕ ਨਿਰਮਾਣ ਮੰਤਰੀ ਦੇ ਇਸ ਕਾਰਜ ’ਤੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਲਾਕੇ ਵਿਚ ਉਨ੍ਹਾਂ ਦੇ ਯਤਨਾਂ ਨਾਲ ਸੜਕ ਨੈਟਵਰਕ ਮਜ਼ਬੂਤ ਹੋ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਦਸੂਹਾ ਵਿਧਾਨ ਸਭਾ ਹਲਕੇ ਦੀ ਹਰ ਮੰਗ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਹੈ। ਇਸ ਮੌਕੇ ਐਕਸੀਅਨ ਲੋਕ ਨਿਰਮਾਣ ਵਿਭਾਗ ਮਨਜੀਤ ਸਿੰਘ, ਐੱਸ.ਡੀ.ਈ ਦਵਿੰਦਰ ਪਾਲ, ਜੇ.ਈ ਯਾਦਵਿੰਦਰ ਸੋਢੀ, ਬਲਦੇਵ ਰਾਜ, ਅਸ਼ੋਕ ਕੁਮਾਰ ਅਤੇ ਹੋਰ ਪਤਵੰਤੇ ਮੌਜੂਦ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan