ਆਰ. ਟੀ. ਓ. ''ਚ ਪ੍ਰਾਈਵੇਟ ਕਰਿੰਦਿਆਂ ਤੇ ਏਜੰਟਾਂ ਦੇ ਰਾਜ ''ਚ ਚੱਲ ਰਿਹਾ ਹਾਈਟੈੱਕ ਦਫਤਰ

02/05/2020 5:00:46 PM

ਜਲੰਧਰ (ਚੋਪੜਾ)— ਰੀਜ਼ਨਲ ਟਰਾਂਸਪੋਰਟ ਦਫਤਰ (ਆਰ. ਟੀ. ਓ.) 'ਚ ਪ੍ਰਾਈਵੇਟ ਕਰਿੰਦਿਆਂ ਅਤੇ ਏਜੰਟਾਂ ਦੇ ਰਾਜ 'ਚ ਹਾਈਟੈੱਕ ਦਫ਼ਤਰ ਚੱਲ ਰਿਹਾ ਹੈ। ਉਂਝ ਤਾਂ ਆਰ. ਟੀ. ਓ. 'ਚ ਕਹਿਣ ਨੂੰ ਸਾਰੇ ਕੰਮ ਕਾਇਦੇ-ਕਾਨੂੰਨ ਦੇ ਮੁਤਾਬਕ ਹੁੰਦੇ ਹਨ ਪਰ ਸਾਰੇ ਵਿਭਾਗੀ ਨਿਯਮ ਸਿਰਫ ਉਥੇ ਕੰਮ ਕਰਵਾਉਣ ਆਉਣ ਵਾਲੇ ਆਮ ਇਨਸਾਨ ਲਈ ਹੁੰਦੇ ਹਨ। ਡਰਾਈਵਿੰਗ ਲਾਇਸੈਂਸ, ਰਜਿਸਟ੍ਰੇਸ਼ਨ, ਪਰਮਿਟ, ਟੈਕਸ ਪ੍ਰਕਿਰਿਆ ਜਾਂ ਹੋਰ ਕੋਈ ਵੀ ਕੰਮ ਹੋਵੇ, ਆਮ ਆਦਮੀ ਪੂਰਾ ਦਿਨ ਇਧਰ-ਉੱਧਰ ਧੱਕੇ ਖਾਂਦਾ ਰਹੇਗਾ ਪਰ ਉਸ ਦਾ ਕੰਮ ਨਹੀਂ ਹੋਵੇਗਾ। ਆਰ. ਟੀ. ਓ. 'ਚ ਤਾਇਨਾਤ ਅਧਿਕਾਰੀ ਮਦਦ ਕਰਨਾ ਤਾਂ ਦੂਰ, ਕੋਈ ਸਿੱਧੇ ਮੂੰਹ ਗੱਲ ਤੱਕ ਨਹੀਂ ਕਰਦੇ।

ਹਾਂ, ਜੇਕਰ ਤੁਸੀਂ ਆਪਣੀ ਜੇਬ 'ਚੋਂ ਨੋਟਾਂ ਦੀਆਂ ਥੱਦੀਆਂ ਕੱਢ ਲਈਆਂ ਤਾਂ ਫਿਰ ਕੋਈ ਟੈਨਸ਼ਨ ਨਹੀਂ ਕਿਉਂਕਿ ਦਫਤਰ 'ਚ ਹੋਰ ਪ੍ਰਾਈਵੇਟ ਕਰਿੰਦੇ ਅਤੇ ਦਲਾਲ ਤੁਹਾਡੀ ਟੈਨਸ਼ਨ ਸਿਰਫ ਕੁਝ ਮਿੰਟਾਂ 'ਚ ਦੂਰ ਕਰਨ ਨੂੰ ਉਥੇ ਮੌਜੂਦ ਰਹਿੰਦੇ ਹਨ। ਆਰ. ਟੀ. ਓ. 'ਚ ਪ੍ਰਾਈਵੇਟ ਕਰਿੰਦਿਆਂ ਅਤੇ ਏਜੰਟਾਂ ਦਾ ਰਾਜ ਇਸ ਕਦਰ ਚੱਲ ਰਿਹਾ ਹੈ ਕਿ ਚਪੜਾਸੀ ਤੋਂ ਲੈ ਕੇ ਅਧਿਕਾਰੀਆਂ ਤੱਕ ਦਾ ਕੰਮ ਇਹ ਲੋਕ ਸੰਭਾਲ ਰਹੇ ਹਨ। ਪੰਜਾਬ ਸਰਕਾਰ ਵੱਲੋਂ ਲਾਇਸੈਂਸ, ਵਾਹਨਾਂ ਦੀ ਰਜਿਸਟ੍ਰੇਸ਼ਨ ਸਮੇਤ ਜ਼ਿਆਦਾਤਰ ਕੰਮਾਂ ਦੇ ਆਨਲਾਈਨ ਹੋਣ ਤੋਂ ਬਾਅਦ ਵੀ ਆਰ. ਟੀ. ਓ. 'ਚ 'ਦਲਾਲ ਰਾਜ' ਹਾਵੀ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਭਾਵੇਂ ਲੱਖ ਦਾਅਵੇ ਕਰਨ ਕਿ ਸਰਕਾਰੀ ਦਫਤਰਾਂ 'ਚ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਹੋਵੇਗਾ ਪਰ ਆਰ. ਟੀ. ਓ. ਦਫਤਰ ਵੱਲ ਸ਼ਾਇਦ ਕਿਸੇ ਦਾ ਧਿਆਨ ਨਹੀਂ ਜਾਂਦਾ। ਏਜੰਟਾਂ ਦਾ ਕੰਮ ਦਫਤਰ ਦੇ ਬਾਹਰ ਪਹਿਲਾਂ ਸ਼ੁਰੂ ਹੋ ਜਾਂਦਾ ਹੈ। ਦਫਤਰ 'ਚ ਅਧਿਕਾਰੀਆਂ ਤੋਂ ਪਹਿਲਾਂ ਪ੍ਰਾਈਵੇਟ ਕਰਿੰਦੇ ਆ ਕੇ ਆਪਣੀ ਡਿਊਟੀ ਸੰਭਾਲ ਲੈਂਦੇ ਹਨ ਅਤੇ ਫਾਈਲਾਂ ਦੀ ਆੜ 'ਚ ਭ੍ਰਿਸ਼ਟਾਚਾਰ ਦੀ ਖੇਡ ਸ਼ੁਰੂ ਹੋ ਜਾਂਦੀ ਹੈ। ਸਰਕਾਰੀ ਫਾਈਲਾਂ ਹੋਣ ਜਾਂ ਕੰਪਿਊਟਰ, ਹਰ ਕੰਮ ਨੂੰ ਪੂਰਾ ਕਰਦੇ ਪ੍ਰਾਈਵੇਟ ਕਰਿੰਦੇ ਅਤੇ ਉਨ੍ਹਾਂ ਦੇ ਸਹਾਇਕ ਬਣੇ ਏਜੰਟ ਆਮ ਦੇਖੇ ਜਾ ਸਕਦੇ ਹਨ। ਆਰ. ਟੀ. ਓ. ਦੇ ਪ੍ਰਾਈਵੇਟ ਕਰਮਚਾਰੀਆਂ ਦੇ ਹੌਸਲੇ ਨੂੰ ਇਸ ਕਦਰ ਬੁਲੰਦ ਕਰ ਦਿੱਤਾ ਕਿ ਉਨ੍ਹਾਂ ਨੇ ਆਪਣੇ ਪੱਧਰ 'ਤੇ ਦਲਾਲ ਤੱਕ ਪਾਲ ਲਏ ਹਨ, ਜੋ ਉਨ੍ਹਾਂ ਦੀ ਹਾਜ਼ਰੀ 'ਚ ਉਨ੍ਹਾਂ ਸਾਹਮਣੇ ਲੋਕਾਂ ਨਾਲ ਬੇਖੌਫ ਡੀਲ ਕਰਦੇ ਹਨ।

PunjabKesari

ਰਾਜਨੀਤਕ ਪਾਰਟੀਆਂ ਦੇ ਕਈ ਅਹੁਦਾ ਅਧਿਕਾਰੀ ਵੀ ਕਰ ਰਹੇ ਨੇ ਏਜੰਟੀ
ਰਾਜਨੀਤਕ ਪਾਰਟੀਆਂ ਭਾਵੇਂ ਜਨ ਸੇਵਾ ਦੇ ਜਿੰਨੇ ਮਰਜ਼ੀ ਦਾਅਵੇ ਕਰਨ ਪਰ ਆਰ. ਟੀ. ਓ. 'ਚ ਹੋਰ ਏਜੰਟ ਇੰਝ ਹੀ ਸਰਗਰਮ ਹਨ, ਜੋ ਕਿ ਵੱਖ-ਵੱਖ ਰਾਜਨੀਤਕ ਪਾਰਟੀਆਂ ਨਾਲ ਸਬੰਧ ਰੱਖਦੇ ਹਨ ਅਤੇ ਕਈਆਂ ਨੇ ਤਾਂ ਉਕਤ ਪਾਰਟੀਆਂ ਦੇ ਅਹੁਦੇ ਤੱਕ ਹਾਸਲ ਕੀਤੇ ਹੋਏ ਹਨ। ਅਜਿਹੇ ਏਜੰਟ ਧੜਲੇ ਨਾਲ ਦਫ਼ਤਰ 'ਚ ਖੁਦ ਦੇ ਫੜੇ ਹੋਏ ਕੰਮ ਕਰਵਾਉਂਦੇ ਹਨ। ਅਧਿਕਾਰੀਆਂ ਅਤੇ ਉਨ੍ਹਾਂ ਦੇ ਪ੍ਰਾਈਵੇਟ ਕਰਿੰਦਿਆਂ ਦੀ ਮਜਬੂਰੀ ਹੁੰਦੀ ਹੈ ਕਿ ਉਹ ਅਜਿਹੇ ਏਜੰਟਾਂ ਦੇ ਕੰਮ ਨੂੰ ਮਨ੍ਹਾ ਨਹੀਂ ਕਰ ਸਕਦੇ ਕਿਉਂਕਿ ਜੇਕਰ ਉਹ ਰਾਜਨੀਤਕ ਪਾਰਟੀਆਂ ਨਾਲ ਜੁੜੇ ਏਜੰਟਾਂ ਨੂੰ ਨਾਰਾਜ਼ ਕਰ ਦੇਣਗੇ ਤਾਂ ਉਹ ਸ਼ਰੇਆਮ ਆਰ. ਟੀ. ਓ. 'ਚ ਚੱਲ ਰਹੇ ਭ੍ਰਿਸ਼ਟਾਚਾਰ ਦੇ ਗੋਰਖਧੰਦੇ ਦੀ ਪੋਲ ਖੋਲ੍ਹ ਦੇਣਗੇ।

ਮਿੰਨੀ ਆਰ. ਟੀ. ਓ. ਦਾ ਚਲਾਨ ਖਿੜਕੀ 'ਤੇ ਵੀ ਰਹਿੰਦਾ ਹੈ ਕਬਜ਼ਾ
ਆਰ. ਟੀ. ਓ. ਨਇਨ ਜੱਸਲ ਦੇ ਨਾਲ ਜ਼ਿਲੇ ਭਰ 'ਚ ਨਾਕੇ ਲਾ ਕੇ ਵਾਹਨਾਂ ਦੇ ਦਸਤਾਵੇਜ਼ ਚੈੱਕ ਕਰਨ ਅਤੇ ਉਨ੍ਹਾਂ ਦੇ ਚਲਾਨ ਕਰਨ ਨੂੰ ਲੈ ਕੇ ਦਫ਼ਤਰ 'ਚ ਮਸ਼ਹੂਰ ਮਿੰਨੀ ਆਰ. ਟੀ. ਓ. ਨੇ ਚਲਾਨ ਖਿੜਕੀ 'ਤੇ ਵੀ ਆਪਣਾ ਕਬਜ਼ਾ ਜਮ੍ਹਾ ਰੱਖਿਆ ਹੈ। ਉਂਝ ਤਾਂ ਉਕਤ ਮਿੰਨੀ ਆਰ. ਟੀ. ਓ. ਨੂੰ ਡਾਟਾ ਐਂਟਰੀ ਆਪ੍ਰੇਟਰ ਦੇ ਤੌਰ 'ਤੇ ਵਿਭਾਗ 'ਚ ਪ੍ਰਾਈਵੇਟ ਤੌਰ 'ਤੇ ਰੱਖਿਆ ਗਿਆ ਹੈ ਪਰ ਆਰ. ਟੀ. ਓ. ਦਾ ਚਹੇਤਾ ਹੋਣ ਕਾਰਣ ਉਸ ਨੂੰ ਕਾਫੀ ਸ਼ਕਤੀਆਂ ਮਿਲੀਆਂ ਹੋਈਆਂ ਹਨ। ਉਕਤ ਕਰਮਚਾਰੀ ਰੋਜ਼ਾਨਾ ਚਲਾਨ ਖਿੜਕੀ 'ਤੇ ਤਾਇਨਾਤ ਹੋ ਕੇ ਲੋਕਾਂ ਤੋਂ ਚਲਾਨ ਦੇ ਬਦਲੇ ਰਕਮ ਵਸੂਲ ਕੇ ਉਨ੍ਹਾਂ ਨੂੰ ਰਸੀਦਾਂ ਵੀ ਇਸ਼ੂ ਕਰਦਾ ਹੈ। ਸੂਤਰਾਂ ਅਨੁਸਾਰ ਕੁਝ ਸਾਲ ਪਹਿਲਾਂ ਆਰ. ਟੀ. ਓ. 'ਚ ਪਏ ਵਿਜੀਲੈਂਸ ਦੇ ਛਾਪੇ ਦੌਰਾਨ ਉਕਤ ਮਿੰਨੀ ਆਰ. ਟੀ. ਓ. ਵਿਜੀਲੈਂਸ ਅਧਿਕਾਰੀਆਂ ਦੇ ਰਾਡਾਰ 'ਤੇ ਵੀ ਆ ਚੁੱਕਾ ਹੈ।

ਵੱਡਾ ਸਵਾਲ, ਆਖਿਰ ਕੌਣ ਦਿੰਦਾ ਹੈ ਪ੍ਰਾਈਵੇਟ ਕਰਿੰਦਿਆਂ ਨੂੰ ਤਨਖਾਹ?
ਆਰ. ਟੀ. ਓ. ਦਫ਼ਤਰ 'ਚ ਕੋਈ ਵੀ ਅਧਿਕਾਰੀ ਅਜਿਹਾ ਨਹੀਂ ਹੈ, ਜਿਸ ਨਾਲ 2-3 ਪ੍ਰਾਈਵੇਟ ਕਰਿੰਦੇ ਕੰਮ ਨਾ ਕਰਦੇ ਹੋਣ। ਅਜਿਹੇ 'ਚ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖ਼ਿਰਕਾਰ ਇਨ੍ਹਾਂ ਪ੍ਰਾਈਵੇਟ ਕਰਿੰਦਿਆਂ ਨੂੰ ਤਨਖਾਹ ਕੌਣ ਦਿੰਦਾ ਹੈ? ਕਿਉਂਕਿ ਸਰਕਾਰੀ ਰਿਕਾਰਡ 'ਚ ਉਕਤ ਕਰਿੰਦਿਆਂ ਦਾ ਕੋਈ ਵੀ ਜ਼ਿਕਰ ਸ਼ਾਮਲ ਨਹੀਂ ਹੈ। ਅਜਿਹੇ 'ਚ ਪ੍ਰਾਈਵੇਟ ਕਰਿੰਦਿਆਂ ਦੀ ਹਾਜ਼ਰੀ ਆਰ. ਟੀ. ਓ. 'ਚ ਭ੍ਰਿਸ਼ਟਾਚਾਰ ਦਾ ਸਭ ਤੋਂ ਪੁਖਤਾ ਸਬੂਤ ਹੈ ਅਤੇ ਇਸ ਭ੍ਰਿਸ਼ਟਾਚਾਰ ਦੀ ਕਾਲੀ ਕਮਾਈ ਦਾ ਕੁਝ ਹਿੱਸਾ ਇਸ ਪ੍ਰਾਈਵੇਟ ਕਰਿੰਦਿਆਂ ਦੀ ਜੇਬ 'ਚ ਜਾਂਦਾ ਹੈ ਅਤੇ ਬਾਕੀ ਦੀ ਰਕਮ ਸਬੰਧਤ ਅਧਿਕਾਰੀ ਨੂੰ ਮਿਲਦੀ ਹੈ।

ਅਧਿਕਾਰੀਆਂ ਦੀਆਂ ਕੁਰਸੀਆਂ 'ਤੇ ਬੈਠ ਕੇ ਕੰਮ ਕਰਦੇ ਹਨ ਪ੍ਰਾਈਵੇਟ ਕਰਿੰਦੇ
ਆਰ. ਟੀ. ਓ. ਦਫਤਰ 'ਚ ਪ੍ਰਾਈਵੇਟ ਕਰਿੰਦੇ ਅਤੇ ਏਜੰਟ ਧੜਲੇ ਨਾਲ ਕੰਮ ਕਰਦੇ ਹਨ ਅਤੇ ਉਹ ਅਧਿਕਾਰੀਆਂ ਦੀਆਂ ਕੁਰਸੀਆਂ 'ਤੇ ਬੈਠ ਕੇ ਕੰਮ ਕਰਦੇ ਆਮ ਦੇਖੇ ਜਾ ਸਕਦੇ ਹਨ। ਆਰ. ਟੀ. ਓ. 'ਚ ਕੰਮ ਦੇ ਸਬੰਧ 'ਚ ਆਏ ਆਮ ਵਿਅਕਤੀ ਨੂੰ ਪਤਾ ਹੀ ਨਹੀਂ ਲੱਗਦਾ ਕਿ ਕੁਰਸੀ 'ਤੇ ਬੈਠਾ ਇਨਸਾਨ ਅਸਲ 'ਚ ਅਧਿਕਾਰੀ ਹੈ ਜਾਂ ਏਜੰਟ।

ਨੌਸਰਬਾਜ਼ ਏਜੰਟ ਵੀ ਸਰਗਰਮ, ਕੰਮ ਦੇ ਬਦਲੇ ਪੈਸਾ ਲੈ ਕੇ ਹੋ ਜਾਂਦੇ ਨੇ ਫਰਾਰ
ਆਰ. ਟੀ. ਓ. ਦਫਤਰ 'ਚ ਕਈ ਅਜਿਹੇ ਨੌਸਰਬਾਜ਼ ਏਜੰਟ ਵੀ ਸਰਗਰਮ ਹਨ ਜੋ ਕਿ ਲੋਕਾਂ ਦੇ ਕੰਮ ਕਰਵਾਉਣ ਦੇ ਬਦਲੇ ਉਨ੍ਹਾਂ ਤੋਂ ਪੈਸੇ ਲੈ ਕੇ ਫਰਾਰ ਹੋ ਜਾਂਦੇ ਹੈ। ਅਜਿਹੇ 'ਚ ਸਬੰਧਤ ਵਿਅਕਤੀ ਦਾ ਨਾ ਤਾਂ ਕੰਮ ਹੋ ਹੁੰਦਾ ਹੈ ਅਤੇ ਪੈਸੇ ਵੀ ਠੱਗ ਲਏ ਜਾਂਦੇ ਹੈ। ਪਿਛਲੇ ਮਹੀਨਿਆਂ 'ਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਕਿ ਠੱਗ ਏਜੰਟਾਂ ਨੇ ਚਲਾਨ ਭੁਗਤਾਉਣ ਜਾਂ ਹੋਰ ਕੰਮ ਕਰਵਾਉਣ ਆਏ ਵਿਅਕਤੀਆਂ ਨੂੰ ਬਹਿਲਾ ਕੇ ਉਨ੍ਹਾਂ ਤੋਂ ਕਾਫੀ ਪੈਸੇ ਲੈ ਲਏ ਪਰ ਕਿਸੇ ਬਹਾਨੇ ਕੁਝ ਮਿੰਟਾਂ 'ਚ ਹੀ ਉਥੋਂ ਗਾਇਬ ਹੋ ਗਏ। ਪੀੜਤ ਵਿਅਕਤੀ ਸਾਰਾ ਦਿਨ ਉਨ੍ਹਾਂ ਏਜੰਟਾਂ ਨੂੰ ਲੱਭਦੇ ਰਹਿ ਜਾਂਦੇ ਹਨ।

ਪ੍ਰਾਈਵੇਟ ਕਰਿੰਦਿਆਂ ਅਤੇ ਏਜੰਟਾਂ ਦੇ ਪਿੱਛੇ ਪੂਰਾ ਸਿੰਡੀਕੇਟ ਹੁੰਦਾ ਹੈ
ਪ੍ਰਾਈਵੇਟ ਕਰਿੰਦਿਆਂ ਅਤੇ ਏਜੰਟਾਂ ਦੇ ਪਿੱਛੇ ਪੂਰਾ ਸਿੰਡੀਕੇਟ ਕੰਮ ਕਰਦਾ ਹੈ। ਇਨ੍ਹਾਂ ਦੀ ਹਾਜ਼ਰੀ ਸਿਰਫ ਆਰ. ਟੀ. ਓ. ਦਫਤਰ ਤੱਕ ਹੀ ਨਹੀਂ ਰਹਿੰਦੀ ਸਗੋਂ ਆਟੋਮੇਟਿਡ ਡਰਾਈਵਿੰਗ ਸੈਂਟਰ ਤੱਕ ਇਨ੍ਹਾਂ ਦਾ ਪੂਰਾ ਰਾਜ ਚੱਲਦਾ ਹੈ। ਏਜੰਟ ਰੋਜ਼ ਸਵੇਰੇ ਥਾਂ-ਥਾਂ ਤੋਂ ਫਾਈਲਾਂ ਲਿਆ ਕੇ ਪ੍ਰਾਈਵੇਟ ਕਰਿੰਦਿਆਂ ਨੂੰ ਦਿੰਦੇ ਹਨ ਅਤੇ ਸ਼ਾਮ ਤੱਕ 'ਚੜ੍ਹਾਵੇ' ਦੀ 'ਖੇਡ' ਨਾਲ ਫਾਈਲਾਂ ਪਾਸ ਹੋ ਜਾਂਦੀਆਂ ਹਨ।


shivani attri

Content Editor

Related News