ਯਾਤਰੀਆਂ ਦੀਆਂ ਸਹੂਲਤਾਂ ’ਤੇ ਲੱਗੀ ਬ੍ਰੇਕ, ਪੰਜਾਬ ਸਣੇ ਗੁਆਂਢੀ ਸੂਬਿਆਂ ਦੇ ਵਧੇਰੇ ਰੂਟਾਂ ’ਤੇ ਆਵਾਜਾਈ ’ਚ ਕਟੌਤੀ

02/01/2022 4:42:46 PM

ਜਲੰਧਰ (ਪੁਨੀਤ)–ਚੋਣਾਂ ਤੋਂ ਪਹਿਲਾਂ ਕਾਂਗਰਸ ’ਚ ਮੁੱਖ ਮੰਤਰੀ ਤੇ ਟਰਾਂਸਪੋਰਟ ਮੰਤਰੀ ਦੇ ਚਿਹਰੇ ਬਦਲਣ ਤੋਂ ਬਾਅਦ ਯਾਤਰੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ’ਤੇ ਫੋਕਸ ਕੀਤਾ ਜਾ ਰਿਹਾ ਸੀ ਅਤੇ ਕਈ ਰੂਟਾਂ ’ਤੇ ਬੱਸਾਂ ਦੀ ਆਵਾਜਾਈ ਲਈ ਨਵੇਂ ਟਾਈਮ ਟੇਬਲ ਸ਼ੁਰੂ ਕੀਤੇ ਗਏ ਸਨ। ਇਸ ਨਾਲ ਯਾਤਰੀਆਂ ਨੂੰ ਵੱਡੀ ਰਾਹਤ ਮਿਲੀ ਸੀ ਪਰ ਹੁਣ ਚੋਣ ਜ਼ਾਬਤਾ ਲੱਗਣ ਕਾਰਨ ਆਗੂਆਂ ਦੀ ਦਖਲਅੰਦਾਜ਼ੀ ਬੰਦ ਹੋ ਚੁੱਕੀ ਹੈ, ਜਿਸ ਨਾਲ ਯਾਤਰੀਆਂ ਨੂੰ ਦਿੱਤੀਆਂ ਗਈਆਂ ਸਹੂਲਤਾਂ ’ਤੇ ਕਾਫੀ ਹੱਦ ਤੱਕ ਬ੍ਰੇਕ ਲੱਗ ਗਈ ਹੈ, ਜੋ ਪ੍ਰੇਸ਼ਾਨੀ ਦਾ ਸਬੱਬ ਬਣਨ ਲੱਗੀ। ਦੱਬੀ ਜ਼ੁਬਾਨ ਵਿਚ ਅਧਿਕਾਰੀ ਕਹਿੰਦੇ ਹਨ ਕਿ ਚੋਣਾਂ ਨੂੰ ਨੇੜੇ ਦੇਖਦੇ ਹੋਏ ਬਿਨਾਂ ਵਜ੍ਹਾ ਜਿਹੜੇ ਖਰਚੇ ਵਧਾਏ ਗਏ ਸਨ, ਉਨ੍ਹਾਂ ਨੂੰ ਘੱਟ ਕੀਤਾ ਜਾ ਰਿਹਾ ਹੈ ਤਾਂ ਕਿ ਵਿਭਾਗ ਨੂੰ ਆਰਥਿਕ ਤੌਰ ’ਤੇ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਯਾਤਰੀਆਂ ਦੀ ਸਹੂਲਤ ਦੀ ਗੱਲ ਕਰੀਏ ਤਾਂ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਪ੍ਰਾਈਵੇਟ ਬੱਸਾਂ ਦੀ ਨਕੇਲ ਕੱਸਦਿਆਂ ਸਰਕਾਰੀ ਬੱਸਾਂ ਦੀ ਆਵਾਜਾਈ ’ਤੇ ਜ਼ੋਰ ਦਿੱਤਾ ਸੀ।

PunjabKesari

ਉਸ ਸਮੇਂ ਦੌਰਾਨ ਹਰੇਕ ਰੂਟ ’ਤੇ ਪ੍ਰਾਈਵੇਟ ਬੱਸਾਂ ਦਾ ਬੋਲਬਾਲਾ ਦੇਖਣ ਨੂੰ ਮਿਲ ਰਿਹਾ ਸੀ। ਇਸ ਸਮੇਂ ਦੇ ਹਾਲਾਤ ਦੀ ਗੱਲ ਕੀਤੀ ਜਾਵੇ ਤਾਂ ਡਿਪੂ ਪੱਧਰ ਦੇ ਕਈ ਅਧਿਕਾਰੀਆਂ ਵੱਲੋਂ ਪੰਜਾਬ ਸਮੇਤ ਗੁਆਂਢੀ ਸੂਬਿਆਂ ਦੇ ਵਧੇਰੇ ਰੂਟਾਂ ’ਤੇ ਬੱਸਾਂ ਦੀ ਆਵਾਜਾਈ ਵਿਚ ਕਟੌਤੀ ਕੀਤੀ ਗਈ ਹੈ, ਜਿਸ ਕਾਰਨ ਯਾਤਰੀਆਂ ਨੂੰ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਲੰਮੇ ਸਮੇਂ ਤੱਕ ਬੱਸਾਂ ਦੀ ਉਡੀਕ ਕਰਨੀ ਪੈ ਰਹੀ ਹੈ। ਅਧਿਕਾਰੀ ਕਹਿੰਦੇ ਹਨ ਕਿ ਇਸ ਸਮੇਂ ਯਾਤਰੀਆਂ ਦੀ ਘਾਟ ਚੱਲ ਰਹੀ ਹੈ, ਜਿਸ ਕਾਰਨ ਕਈ ਵਾਰ ਬੱਸਾਂ ਆਪਣਾ ਡੀਜ਼ਲ ਖਰਚਾ ਵੀ ਪੂਰਾ ਨਹੀਂ ਕਰ ਪਾਉਂਦੀਆਂ, ਜਿਸ ਕਾਰਨ ਬੱਸਾਂ ਦੀ ਆਵਾਜਾਈ ਘਟਾਈ ਗਈ ਹੈ। ਯਾਤਰੀਆਂ ਦਾ ਕਹਿਣਾ ਹੈ ਕਿ ਟਰਾਂਸਪੋਰਟ ਸੇਵਾ ਮੁਹੱਈਆ ਕਰਵਾਉਣਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਜਿਹੜੇ ਰੂਟਾਂ ’ਤੇ ਆਵਾਜਾਈ ਘਟੀ ਹੈ, ਉਨ੍ਹਾਂ ਵਿਚ ਜੰਮੂ-ਕਸ਼ਮੀਰ, ਹਿਮਾਚਲ ਤੇ ਦਿੱਲੀ ਦੇ ਮੁੱਖ ਰੂਟ ਵਿਚ ਸ਼ਾਮਲ ਹਨ। ਇਸ ਤੋਂ ਇਲਾਵਾ ਉੱਤਰਾਖੰਡ ਤੇ ਰਾਜਸਥਾਨ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਰੂਟਾਂ ’ਤੇ ਵੀ ਬੱਸਾਂ ਦੀ ਗਿਣਤੀ ਬਹੁਤ ਘੱਟ ਹੈ। ਇਸ ਲਈ ਇਨ੍ਹਾਂ ਦੀ ਆਵਾਜਾਈ ਰੁਟੀਨ ਮੁਤਾਬਕ ਕੀਤੀ ਜਾ ਰਹੀ ਹੈ।

PunjabKesari

ਸਥਾਨਕ ਅੱਡੇ ਤੋਂ ਬੱਸਾਂ ਦੇ ਚੱਲਣ ਬਾਰੇ ਗੱਲ ਕੀਤੀ ਜਾਵੇ ਤਾਂ ਵਧੇਰੇ ਰੁਝੇਵੇਂ ਵਾਲੇ ਰੂਟਾਂ ’ਤੇ ਪ੍ਰਾਈਵੇਟ ਬੱਸਾਂ ਦੀਆਂ ਲਾਈਨਾਂ ਵੇਖਣ ਨੂੰ ਮਿਲ ਰਹੀਆਂ ਹਨ। ਪ੍ਰਾਈਵੇਟ ਟਰਾਂਸਪੋਰਟਰ ਘੱਟ ਯਾਤਰੀਆਂ ਵਾਲੇ ਰੂਟਾਂ ’ਤੇ ਆਵਾਜਾਈ ਨੂੰ ਮਹੱਤਵ ਨਹੀਂ ਦੇ ਰਹੇ। ਇਨ੍ਹਾਂ ਰੂਟਾਂ ’ਤੇ ਸਰਕਾਰੀ ਬੱਸਾਂ ਜ਼ਰੀਏ ਹੀ ਯਾਤਰੀਆਂ ਨੂੰ ਰਵਾਨਾ ਹੋਣਾ ਪੈਂਦਾ ਹੈ। ਅਜਿਹੇ ਰੂਟਾਂ ਲਈ ਜਿਹੜੀਆਂ ਬੱਸਾਂ ਆਉਂਦੀਆਂ ਹਨ, ਉਨ੍ਹਾਂ ਵਿਚ ਯਾਤਰੀਆਂ ਦੀ ਭਾਰੀ ਭੀੜ ਚੜ੍ਹ ਜਾਂਦੀ ਹੈ, ਜਿਸ ਕਾਰਨ ਕਈ ਵਾਰ ਲੋਕਾਂ ਨੂੰ ਖੜ੍ਹੇ ਹੋ ਕੇ ਸਫਰ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ।

ਪੰਜਾਬ ਦੇ ਮੁਕਾਬਲੇ ਹਿਮਾਚਲ ਦੀਆਂ ਬੱਸਾਂ ਨੂੰ ਮਿਲ ਰਹੇ ਜ਼ਿਆਦਾ ਯਾਤਰੀ
ਜਿਹੜੇ ਰੂਟਾਂ ’ਤੇ ਆਵਾਜਾਈ ਘਟੀ ਹੈ, ਉਨ੍ਹਾਂ ਵਿਚ ਹਿਮਾਚਲ ਵੀ ਸ਼ਾਮਲ ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਹਿਮਾਚਲ ਦੇ ਰੂਟ ’ਤੇ ਜਾਣ ਵਾਲੀਆਂ ਬੱਸਾਂ ਖੂਬ ਮੁਨਾਫਾ ਕਮਾ ਰਹੀਆਂ ਸਨ ਪਰ ਹੁਣ ਸੈਲਾਨੀਆਂ ਦੀ ਗਿਣਤੀ ਘਟਣ ਕਾਰਨ ਹਿਮਾਚਲ ਦੀਆਂ ਬੱਸਾਂ ਦੀਆਂ ਸੀਟਾਂ ਖਾਲੀ ਜਾ ਰਹੀਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਿਮਾਚਲ ਲਈ ਬੱਸਾਂ ਜਾ ਰਹੀਆਂ ਹਨ ਪਰ ਜਿਹੜੀਆਂ ਬੱਸਾਂ ਵਿਚ ਯਾਤਰੀਆਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ, ਉਨ੍ਹਾਂ ਨੂੰ ਅਗਲੀ ਬੱਸ ਵਿਚ ਸ਼ਿਫਟ ਕਰ ਦਿੱਤਾ ਜਾਂਦਾ ਹੈ। ਇਸ ਦੇ ਬਾਵਜੂਦ ਜਿਹੜੀਆਂ ਬੱਸਾਂ ਹਿਮਾਚਲ ਤੋਂ ਆ ਰਹੀਆਂ ਹਨ, ਉਨ੍ਹਾਂ ਵਿਚ ਯਾਤਰੀਆਂ ਦੀ ਗਿਣਤੀ ਕਾਫੀ ਦੇਖਣ ਨੂੰ ਮਿਲਦੀ ਹੈ। ਇਸ ਦੇ ਨਾਲ-ਨਾਲ ਵਾਪਸੀ ’ਤੇ ਵੀ ਉਕਤ ਬੱਸਾਂ ਨੂੰ ਯਾਤਰੀ ਮਿਲ ਰਹੇ ਹਨ।

 


Manoj

Content Editor

Related News