ਨੇਤਾ ਜੀ ਸਾਵਧਾਨ! ਤੁਹਾਡੀ ਇਕ ਸਿਫਾਰਸ਼ ਕਿਤੇ ਮਹਿੰਗੀ ਨਾ ਪੈ ਜਾਵੇ

10/12/2018 2:32:00 PM

ਜਲੰਧਰ (ਰਵਿੰਦਰ)— ਗੱਲ ਸੁਰੱਖਿਆ ਦੇ ਨਾਂ 'ਤੇ ਪੁਲਸ ਚੈਕਿੰਗ  ਦੀ ਹੋਵੇ ਜਾਂ  ਫਿਰ ਟਰੈਫਿਕ ਰੂਲ ਨੂੰ ਲੈ ਕੇ ਪੁਲਸ ਚੈਕਿੰਗ ਦੀ। ਪੁਲਸ ਦੇ ਹਰ ਕੰਮ ਵਿਚ ਸਿਆਸੀ ਸਿਫਾਰਸ਼  ਅਹਿਮ ਅੜਿੱਕਾ ਪੈਦਾ ਕਰਦੀ ਹੈ। ਸ਼ਹਿਰ ਵਿਚ ਪੁਲਸ ਵਰਕਿੰਗ ਤੇ ਸਿਆਸੀ ਸਿਫਾਰਸ਼ ਇੰਨੀ  ਹਾਵੀ ਹੈ ਕਿ ਨੇਤਾ ਜੀ ਦੇ ਇਕ ਇਸ਼ਾਰੇ 'ਤੇ ਕਿਸੇ ਨੂੰ ਵੀ ਛੱਡਣਾ ਪੈਂਦਾ ਹੈ। ਨਾ ਛੱਡਣ 'ਤੇ ਪੁਲਸ ਮੁਲਾਜ਼ਮਾਂ ਨੂੰ ਸਿਰਫ ਜਨਤਾ ਦੇ ਗੁੱਸੇ ਦਾ ਸਾਹਮਣਾ ਕਰਨਾ ਪੈਂਦਾ ਹੈ ਸਗੋਂ  ਨੇਤਾ ਜੀ ਦੇ ਗੁੱਸੇ ਨੂੰ ਵੀ ਸਹਿਣਾ ਪੈਂਦਾ ਹੈ। ਅਜਿਹੇ ਵਿਚ ਸਿਫਾਰਸ਼ ਨਾ ਮੰਨਣ ਵਾਲੇ  ਪੁਲਸ ਮੁਲਾਜ਼ਮ ਦੀ ਬਦਲੀ ਤਕ ਕਰਵਾ ਦਿੱਤੀ ਜਾਂਦੀ ਹੈ।

ਸ਼ਹਿਰ ਵਿਚ ਆਮ ਦੇਖਿਆ ਗਿਆ ਹੈ  ਕਿ ਸੁਰੱਖਿਆ ਜਾਂ ਟਰੈਫਿਕ ਨਿਯਮਾਂ ਨੂੰ ਲੈ ਕੇ ਜਦੋਂ ਵੀ ਪੁਲਸ ਚੈਕਿੰਗ ਦੇ ਨਾਂ 'ਤੇ  ਕਿਸੇ ਨੂੰ ਫੜਿਆ ਜਾਂਦਾ ਹੈ ਤਾਂ ਤੁਰੰਤ ਨੇਤਾ ਜੀ ਨੂੰ ਫੋਨ ਮਿਲਾ ਦਿੱਤਾ ਜਾਂਦਾ ਹੈ ਅਤੇ  ਨੇਤਾ ਜੀ ਵੀ ਬਿਨਾਂ ਸੋਚੇ-ਸਮਝੇ ਉਕਤ ਵਿਅਕਤੀ ਨੂੰ ਛੱਡਣ ਦਾ ਹੁਕਮ ਜਾਰੀ ਕਰ ਦਿੰਦੇ ਹਨ  ਪਰ ਨੇਤਾ ਦੀ ਇਹ ਸਿਫਾਰਸ਼ ਕਦੇ ਵੀ ਮਹਿੰਗੀ ਪੈ ਸਕਦੀ ਹੈ ਕਿਉਂਕਿ ਨੇਤਾ ਜੀ ਦੀ ਸਿਫਾਰਸ਼  ਮਗਰੋਂ ਪੁਲਸ ਡੂੰਘਾਈ ਨਾਲ ਉਕਤ ਵਿਅਕਤੀ ਬਾਰੇ ਜਾਂਚ-ਪੜਤਾਲ ਨਹੀਂ ਕਰ ਸਕਦੀ। 

ਅਜਿਹੇ ਵਿਚ  ਨੇਤਾ ਜੀ ਦੀ ਸਿਫਾਰਸ਼ ਨਾਲ ਕੋਈ ਅੱਤਵਾਦੀ ਵੀ ਪੁਲਸ ਚੈਕਿੰਗ ਵਿਚੋਂ ਨਿਕਲ ਸਕਦਾ ਹੈ ਅਤੇ  ਇਸ ਦਾ ਭਰਪੂਰ ਫਾਇਦਾ ਉਠਾ ਸਕਦਾ ਹੈ। ਰੱਬ ਨਾ ਕਰੇ ਜੇ ਨੇਤਾ ਜੀ ਦੀ ਸਿਫਾਰਸ਼ ਨਾਲ ਇਕ  ਅੱਤਵਾਦੀ ਵੀ ਬਚ ਗਿਆ ਤਾਂ ਇਸ ਦਾ ਖਮਿਆਜ਼ਾ ਆਮ ਜਨਤਾ ਨੂੰ ਭਾਰੀ ਕੀਮਤ ਦੇ ਕੇ ਚੁਕਾਉਣਾ  ਪੈ ਸਕਦਾ ਹੈ। ਓਧਰ ਕਿਸੇ ਅੱਤਵਾਦੀ ਦੇ ਫੜੇ ਜਾਣ 'ਤੇ ਨੇਤਾ ਜੀ ਦੀ ਸਿਫਾਰਸ਼ ਦਾ ਖੁਲਾਸਾ  ਹੋਵੇਗਾ ਤਾਂ ਉਸ ਨੇਤਾ ਦਾ ਕਰੀਅਰ ਵੀ ਚੌਪਟ ਹੋ ਸਕਦਾ ਹੈ ਇਸ ਲਈ ਨੇਤਾ ਜੀ ਹੋ ਜਾਣ  ਸਾਵਧਾਨ। ਕਿਸੇ ਦੀ ਵੀ ਸਿਫਾਰਸ਼ ਕਰਨ ਤੋਂ ਪਹਿਲਾਂ ਸੌ ਵਾਰ ਸੋਚਣ ਅਤੇ ਪਰਖਣ।


Related News