ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ''ਚ ਫਸਾ ਕੇ ਸ਼ੱਕੀ ਔਰਤਾਂ ਇੰਝ ਵਸੂਲ ਰਹੀਆਂ ਨੇ ਮੋਟੀ ਰਕਮ

02/03/2020 5:30:07 PM

ਕਪੂਰਥਲਾ (ਭੂਸ਼ਣ)— ਕਪੂਰਥਲਾ ਸ਼ਹਿਰ ਸਮੇਤ ਆਸ-ਪਾਸ ਦੇ ਦਿਹਾਤੀ ਇਲਾਕਿਆਂ 'ਚ ਇਕ ਅਜਿਹਾ ਗਿਰੋਹ ਸਰਗਰਮ ਹੈ, ਜੋ ਸ਼ੱਕੀ ਅਕਸ ਦੀਆਂ ਔਰਤਾਂ ਨੂੰ ਨਾਲ ਲੈ ਕੇ ਭੋਲੇ-ਭਾਲੇ ਲੋਕਾਂ ਨੂੰ ਜਬਰ-ਜ਼ਨਾਹ ਦੇ ਮਾਮਲਿਆਂ 'ਚ ਫਸਾਉਣ ਦੀਆਂ ਧਮਕੀਆਂ ਦੇ ਕੇ ਮੋਟੀ ਰਕਮ ਵਸੂਲ ਰਿਹਾ ਹੈ। ਅਜੇ ਅਜਿਹੇ ਕਈ ਮਾਮਲਿਆਂ ਦਾ ਖੁਲਾਸਾ ਕਰਕੇ ਕਪੂਰਥਲਾ ਪੁਲਸ ਦੇ ਵੱਖ-ਵੱਖ ਥਾਣਾ ਖੇਤਰ 'ਚ ਕੁਝ ਸ਼ੱਕੀ ਔਰਤਾਂ ਸਮੇਤ ਕਈ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਭੇਜ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਜ਼ਿਲਾ ਕਪੂਰਥਲਾ 'ਚ ਲੰਬੇ ਸਮੇਂ ਤੋਂ ਅਜਿਹੇ ਕਈ ਮਾਮਲੇ ਫੜੇ ਜਾ ਚੁੱਕੇ ਹਨ, ਜਿਨ੍ਹਾਂ 'ਚ ਕਈ ਸ਼ੱਕੀ ਔਰਤਾਂ ਆਪਣੇ ਗਿਰੋਹ ਨਾਲ ਸਬੰਧਤ ਲੋਕਾਂ ਨੂੰ ਨਾਲ ਲੈ ਕੇ ਕਈ ਨਾਮੀ ਗਰਾਮੀ ਲੋਕਾਂ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ 'ਚ ਪੁਲਸ ਵੱਲੋਂ ਫੜੀ ਜਾ ਚੁੱਕੀਆਂ ਹਨ ਪਰ ਇਸ ਦੇ ਬਾਵਜੂਦ ਵੀ ਅਜਿਹੇ ਗਿਰੋਹ ਕਪੂਰਥਲਾ ਸ਼ਹਿਰ ਸਮੇਤ ਜ਼ਿਲੇ ਕਈ ਖੇਤਰਾਂ 'ਚ ਅਜੇ ਵੀ ਸਰਗਰਮ ਹਨ।

ਅਜਿਹੇ ਗਿਰੋਹ 'ਚ ਸ਼ਾਮਲ ਸ਼ੱਕੀ ਔਰਤਾਂ ਭੋਲੇ ਭਾਲੇ ਲੋਕਾਂ ਨੂੰ ਪਹਿਲਾਂ ਆਪਣੇ ਜਾਲ 'ਚ ਫਸਾ ਕੇ ਜਿੱਥੇ ਉਨ੍ਹਾਂ ਨਾਲ ਨਜ਼ਦੀਕੀਆਂ ਵਧਾਉਂਦੀਆਂ ਹਨ, ਉਥੇ ਹੀ ਉਨ੍ਹਾਂ ਨੂੰ ਆਪਣੀਆਂ ਗਲਾਂ 'ਚ ਫਸਾ ਕੇ ਉਨ੍ਹਾਂ ਤੋਂ ਜਾਣੇ ਅਨਜਾਨੇ 'ਚ ਅਜਿਹੇ ਗਲਤ ਕੰਮ ਕਰਵਾ ਲੈਂਦੀ ਹੈ, ਜਿਸ ਦੇ ਬਾਅਦ ਉਕਤ ਸ਼ੱਕੀ ਔਰਤਾਂ ਉਨ੍ਹਾਂ ਤੋਂ ਮੋਟੀ ਰਕਮ ਵਸੂਲਦੀਆਂ ਹਨ, ਜਿਸ 'ਚ ਕਈ ਮਾਮਲਿਆਂ 'ਚ ਜ਼ਿਆਦਾਤਰ ਲੋਕ ਬਦਨਾਮੀ ਦੇ ਡਰ ਕਾਰਨ ਪੁਲਸ ਦੇ ਸਾਹਮਣੇ ਸ਼ਿਕਾਇਤ ਨਹੀਂ ਕਰ ਪਾਉਂਦੇ।

ਗੌਰ ਹੋਵੇ ਕਿ ਸਾਲ 2015 'ਚ ਇਕ ਸ਼ੱਕੀ ਔਰਤ ਨੇ ਆਪਣੇ ਕੁਝ ਸਾਥੀਆਂ ਦੀ ਮਦਦ ਨਾਲ ਸ਼ਹਿਰ ਦੇ 5 ਪ੍ਰਮੁੱਖ ਲੋਕਾਂ ਨੂੰ ਜਬਰ-ਜ਼ਨਾਹ ਦੇ ਮਾਮਲੇ 'ਚ ਫਸਾਉਣ ਦੀਆਂ ਧਮਕੀਆਂ ਦਿੰਦੇ ਹੋਏ ਮੋਟੀ ਰਕਮ ਵਸੂਲਣ ਨੂੰ ਲੈ ਕੇ ਧਮਕੀਆਂ ਦਿੱਤੀਆਂ ਸੀ। ਜਿਸ ਨੂੰ ਲੈ ਕੇ ਸਾਬਕਾ ਐੱਸ. ਐੱਸ. ਪੀ. ਆਸ਼ੀਸ਼ ਚੌਧਰੀ ਨੇ ਆਪਣੇ ਸਖਤ ਤੇਵਰ ਦਿਖਾਉਂਦੇ ਹੋਏ ਜਦੋਂ ਇਸ ਸ਼ੱਕੀ ਔਰਤ ਦੇ ਪਿਛਲੇ ਰਿਕਾਰਡ ਨੂੰ ਖੰਗਾਲਨ ਦੇ ਹੁਕਮ ਦਿੱਤੇ ਸਨ ਤਾਂ ਸਾਰੀ ਸੱਚਾਈ ਸਾਹਮਣੇ ਆ ਗਈ ਸੀ ਅਤੇ ਉਕਤ ਸ਼ੱਕੀ ਔਰਤ ਖਿਲਾਫ ਧਾਰਾ 384 ਦੇ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਸਲਾਖਾਂ ਦੇ ਪਿੱਛੇ ਭੇਜ ਦਿੱਤਾ ਗਿਆ ਸੀ। ਇਸ ਪੂਰੇ ਮਾਮਲੇ 'ਚ ਕਈ ਹੋਰ ਸਨਸਨੀਖੇਜ਼ ਮਾਮਲਿਆਂ ਦਾ ਖੁਲਾਸਾ ਹੋਇਆ ਸੀ।

2-3 ਮਹੀਨੇ ਪਹਿਲਾਂ ਸ਼ਹਿਰ ਦੇ ਮਾਰਕਫੈੱਡ ਖੇਤਰ 'ਚ ਇਕ ਔਰਤ ਨੇ ਇਕ ਭੋਲੇ ਭਾਲੇ ਵਿਅਕਤੀ ਨੂੰ ਇੰਜ ਹੀ ਮਾਮਲੇ 'ਚ ਫਸਾਉਣ ਦੀਆਂ ਧਮਕੀਆਂ ਦਿੰਦੇ ਹੋਏ ਮੋਟੀ ਰਕਮ ਵਸੂਲਣ ਦੀ ਕੋਸ਼ਿਸ਼ ਕੀਤੀ ਸੀ ਪਰ ਉੱਚ ਪੁਲਸ ਅਫਸਰਾਂ ਦੇ ਹੁਕਮਾਂ 'ਤੇ ਉਕਤ ਔਰਤ ਨੂੰ ਉਸ ਦੇ ਇਕ ਸਾਥੀ ਦੇ ਨਾਲ ਗ੍ਰਿਫਤਾਰ ਕਰ ਲਿਆ ਗਿਆ ਸੀ। ਹੁਣ ਅਜਿਹੇ ਗਿਰੋਹ ਦੇ ਫਿਰ ਤੋਂ ਸਰਗਰਮ ਹੋਣ ਨੂੰ ਲੈ ਕੇ ਪੁਲਸ ਨੇ ਵੀ ਆਪਣੇ ਤੌਰ 'ਤੇ ਅਜਿਹੇ ਗਿਰੋਹ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ।


shivani attri

Content Editor

Related News