ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਕਰਨ ਵਾਲੇ ਮੁਲਜ਼ਮ ਨੂੰ 20 ਸਾਲ ਦੀ ਕੈਦ

09/11/2019 6:42:39 PM

ਹੁਸ਼ਿਆਰਪੁਰ — ਜ਼ਿਲਾ ਅਤੇ ਸੈਸ਼ਨ ਜੱਜ ਨੀਲਮ ਅਰੋੜਾ ਦੀ ਅਦਾਲਤ ਨੇ ਟਾਂਡਾ ਥਾਣੇ ਦੇ ਇਕ ਪਿੰਡ ਦੀ ਰਹਿਣ ਵਾਲੀ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਨਾਹ ਕਰਨ ਦੇ ਦੋਸ਼ੀ ਜੈਪਾਲ ਪੁੱਤਰ ਜਗਤ ਰਾਮ ਨਿਵਾਸੀ ਪਿੰਡ ਖਰਲ ਖੁਰਦ ਨੂੰ ਦੋਸ਼ੀ ਕਰਾਰ ਦਿੰਦਿਆਂ 20 ਸਾਲ ਕੈਦ ਦੇ ਨਾਲ-ਨਾਲ 20 ਹਜ਼ਾਰ ਰੁਪਏ ਨਕਦ ਜੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ ਹੈ। ਨਕਦ ਜੁਰਮਾਨਾ ਨਾ ਦੇਣ 'ਤੇ ਦੋਸ਼ੀ ਨੂੰ 6 ਮਹੀਨੇ ਦੀ ਕੈਦ ਹੋਰ ਕੱਟਣੀ ਪਵੇਗੀ। ਅਦਾਲਤ ਨੇ ਦੋਸ਼ੀ ਜੈਪਾਲ ਨੂੰ ਧਾਰਾ 363 ਵਿਚ ਵੀ ਦੋਸ਼ੀ ਕਰਾਰ ਦਿੰਦੇ ਹੋਏ 7 ਸਾਲ ਦੀ ਕੈਦ ਅਤੇ 10 ਹਜ਼ਾਰ ਨਕਦ ਜੁਰਮਾਨਾ ਅਤੇ 366 ਵਿਚ 10 ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਨਕਦ ਜੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ ਹੈ। ਅਦਾਲਤ ਕੰਪਲੈਕਸ 'ਚ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਉਪ ਜ਼ਿਲਾ ਅਟਾਰਨੀ ਤਰਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਨਵੇਂ ਕਾਨੂੰਨ ਅਨੁਸਾਰ 16 ਸਾਲ ਤੋਂ ਘੱਟ ਉਮਰ ਦੀ ਬੱਚੀ ਨਾਲ ਜਬਰ-ਜ਼ਨਾਹ ਦੇ ਮਾਮਲੇ ਵਿਚ ਸਖਤ ਕਾਨੂੰਨ ਦੀ ਵਿਵਸਥਾ ਹੈ। ਅੱਜ ਅਦਾਲਤ ਦੇ ਫੈਸਲੇ ਅਨੁਸਾਰ ਦੋਸ਼ੀ ਜੈਪਾਲ ਨੂੰ ਤਿੰਨਾਂ ਮਾਮਲਿਆਂ 'ਚ ਸਜ਼ਾ ਸੁਣਾਈ ਗਈ ਹੈਅਤੇ ਤਿੰਨੋਂ ਸਜ਼ਾਵਾਂ ਇੱਕੋ ਸਮੇਂ ਚੱਲਣਗੀਆਂ।

21 ਅਗਸਤ 2018 ਨੂੰ ਪੁਲਸ ਨੇ ਕੀਤਾ ਸੀ ਗ੍ਰਿਫਤਾਰ
ਵਰਣਨਯੋਗ ਕਿ ਟਾਂਡਾ ਥਾਣੇ ਦੇ ਇਕ ਪਿੰਡ ਵਿਚੋਂ 15 ਅਗਸਤ 2018 ਦੀ ਰਾਤ ਨੂੰ ਦੋਸ਼ੀ ਜੈਪਾਲ ਨਾਬਾਲਗਾ ਨੂੰ ਵਿਆਹ ਦਾ ਝਾਂਸਾ ਦੇ ਕੇ ਘਰੋਂ ਭਜਾ ਕੇ ਲੈ ਗਿਆ ਸੀ। ਅਗਲੇ ਦਿਨ 16 ਅਗਸਤ ਨੂੰ ਪੁਲਸ ਨੇ ਪਰਿਵਾਰ ਦੀ ਸ਼ਿਕਾਇਤ 'ਤੇ ਦੋਸ਼ੀ ਜੈਪਾਲ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਪੁਲਸ ਨੇ 21 ਅਗਸਤ ਨੂੰ ਦੋਸ਼ੀ ਜੈਪਾਲ ਦੇ ਨਾਲ ਹੀ ਨਾਬਾਲਗਾ ਨੂੰ ਵੀ ਬਰਾਮਦ ਕਰ ਲਿਆ ਸੀ। ਮੈਡੀਕਲ ਰਿਪੋਰਟ ਵਿਚ ਜਬਰ-ਜ਼ਨਾਹ ਦੀ ਪੁਸ਼ਟੀ ਦੇ ਆਧਾਰ 'ਤੇ ਪੁਲਸ ਨੇ ਦੋਸ਼ੀ ਖਿਲਾਫ ਕੇਸ ਵਿਚ ਧਾਰਾ 363 ਅਤੇ 366 ਵਿਚ ਧਾਰਾ 376 (3) ਵੀ ਜੋੜ ਦਿੱਤੀ ਸੀ।

shivani attri

This news is Content Editor shivani attri