ਟੋਇਆਂ ''ਚ ਪਾਣੀ ਭਰਨ ਨਾਲ ਟ੍ਰੈਫਿਕ ਜਾਮ, ਮੁਲਾਜ਼ਮਾਂ ਨੇ ਖੁਦ ਭਰੇ ਟੋਏ

09/28/2019 1:23:42 PM

ਜਲੰਧਰ (ਜ.ਬ.)— ਰਾਮਾ ਮੰਡੀ ਪੀ. ਏ. ਪੀ. ਰੋਡ 'ਤੇ ਬੀਤੇ ਦਿਨ ਮੀਂਹ ਦਾ ਪਾਣੀ ਟੋਇਆਂ 'ਚ ਭਰਨ ਕਾਰਨ ਲੰਮਾ ਜਾਮ ਲੱਗ ਗਿਆ। ਪਾਣੀ ਭਰਨ ਕਾਰਨ ਪਹਿਲਾਂ ਤਾਂ ਵਾਹਨਾਂ ਦੀ ਰਫਤਾਰ ਹੌਲੀ ਹੋ ਗਈ ਅਤੇ ਦੇਖਦੇ ਹੀ ਦੇਖਦੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਨੇ ਵਿਸ਼ਾਲ ਜਾਮ ਦਾ ਰੂਪ ਧਾਰ ਲਿਆ। ਮਾਮਲਾ ਟ੍ਰੈਫਿਕ ਪੁਲਸ ਦੇ ਅਧਿਕਾਰੀਆਂ ਤੱਕ ਪਹੁੰਚਿਆ ਤਾਂ ਏ. ਡੀ. ਸੀ. ਪੀ. ਟ੍ਰੈਫਿਕ ਆਪਣੀ ਟੀਮ ਦੇ ਨਾਲ ਮੌਕੇ 'ਤੇ ਪਹੁੰਚੇ ਅਤੇ ਜਾਮ ਖੁੱਲ੍ਹਵਾਉਣ ਦੇ ਨਾਲ ਨਾਲ ਟ੍ਰੈਫਿਕ ਮੁਲਾਜ਼ਮਾਂ ਨੇ ਖੁਦ ਹੀ ਜਾਮ ਦਾ ਕਾਰਨ ਬਣੇ ਟੋਇਆ ਨੂੰ ਭਰਨਾ ਸ਼ੁਰੂ ਕਰ ਦਿੱਤਾ।

ਸਵੇਰੇ 10 ਵਜੇ ਹੀ ਟ੍ਰੈਫਿਕ ਪੁਲਸ ਅਧਿਕਾਰੀਆਂ ਨੂੰ ਜਾਮ ਲੱਗਣ ਦੀ ਸੂਚਨਾ ਮਿਲ ਗਈ ਸੀ। ਹੌਲੀ-ਹੌਲੀ ਜਾਮ ਵਧਿਆ ਤਾਂ ਏ. ਡੀ. ਸੀ. ਪੀ. ਟ੍ਰੈਫਿਕ ਗਗਨੇਸ਼ ਕੁਮਾਰ ਆਪਣੀ ਟੀਮ ਦੇ ਨਾਲ ਪੀ. ਏ. ਪੀ. ਚੌਕ 'ਤੇ ਪਹੁੰਚੇ। ਪੀ. ਏ. ਪੀ. ਚੌਕ ਦੇ ਆਲੇ ਦੁਆਲੇ ਕਾਫੀ ਵੱਡੇ ਟੋਏ ਸਨ, ਜਿਨ੍ਹਾਂ ਕਾਰਨ ਜਾਮ ਲੱਗਾ ਸੀ। ਟ੍ਰੈਫਿਕ ਪੁਲਸ ਨੇ ਪੀ. ਏ. ਪੀ. ਚੌਕ ਤੋਂ ਟ੍ਰੈਫਿਕ ਨੂੰ ਕੰਟਰੋਲ ਕਰਨਾ ਸ਼ੁਰੂ ਕੀਤਾ। ਏੇ. ਡੀ. ਸੀ. ਪੀ. ਗਗਨੇਸ਼ ਕੁਮਾਰ ਆਪਣੀ ਟੀਮ ਦੇ ਨਾਲ ਰਾਮਾ ਮੰਡੀ ਚੌਕ ਪਹੁੰਚੇ ਅਤੇ ਉਥੇ ਹੀ ਟ੍ਰੈਫਿਕ ਜਾਮ ਦਾ ਕਾਰਨ ਪੁਰਾਣਾ ਹੀ ਸੀ। ਇਥੇ ਹੀ ਵੱਡੇ ਵੱਡੇ ਟੋਇਆਂ 'ਚ ਪਾਣੀ ਭਰਿਆ ਹੋਇਆ ਸੀ। ਏ. ਡੀ. ਸੀ. ਪੀ. ਨੇ ਤੁਰੰਤ ਨਿਗਮ ਅਧਿਕਾਰੀਆਂ ਨੂੰ ਫੋਨ ਕਰ ਕੇ ਸੂਚਨਾ ਦਿੱਤੀ। ਹਾਲਾਂਕਿ ਹਾਈਵੇਅ 'ਤੇ ਟੋਏ ਭਰਨ ਦਾ ਕੰਮ ਨੈਸ਼ਨਲ ਹਾਈਵੇਅ ਅਥਾਰਿਟੀ ਵੱਲੋਂ ਹਾਇਰ ਕੀਤੀ ਗਈ ਸੋਮਾ ਰੋਡਿਜ਼ ਕੰਪਨੀ ਦਾ ਹੈ ਪਰ ਉਕਤ ਕੰਪਨੀ ਨੂੰ ਕਾਫੀ ਸਮੇਂ ਤੋਂ ਟੋਇਆ ਨੂੰ ਭਰਨ ਦਾ ਕਿਹਾ ਗਿਆ ਹੈ ਪਰ ਕੋਈ ਅਸਰ ਨਹੀਂ ਹੋਇਆ। ਸ਼ਾਮ ਸਾਢੇ ਸੱਤ ਵਜੇ ਤੱਕ ਟ੍ਰੈਫਿਕ ਜਾਮ ਦੀ ਸਥਿਤੀ ਬਣੀ ਹੋਈ ਸੀ। ਜਦਕਿ ਟ੍ਰੈਫਿਕ ਕੰਟਰੋਲ ਕਰਨ ਲਈ ਏ. ਡੀ. ਸੀ. ਪੀ. ਟ੍ਰੈਫਿਕ ਗਗਨੇਸ਼ ਕੁਮਾਰ ਆਪਣੀ ਟੀਮ ਦੇ ਨਾਲ ਫੀਲਡ 'ਚ ਰਹੇ। ਟ੍ਰੈਫਿਕ ਪੁਲਸ ਨੇ ਨੈਸ਼ਨਲ ਹਾਈਵੇਅ ਅਧਾਰਿਟੀ ਨੂੰ ਲੈਟਰ ਵੀ ਲਿਖਿਆ ਸੀ ਜਦਕਿ ਲਾਪ੍ਰਵਾਹੀ ਵਰਤੀ ਜਾ ਰਹੀ ਹੈ। ਅਕਸਰ ਇਸ ਰੋਡ 'ਤੇ ਟੋਏ ਹੋਣ ਕਾਰਨ ਸੜਕ ਹਾਦਸੇ ਹੁੰਦੇ ਹੀ ਰਹਿੰਦੇ ਹਨ ਪਰ ਹੁਣ ਜੇਕਰ ਟੋਇਆਂ ਦੇ ਕਾਰਨ ਕੋਈ ਹਾਦਸਾ ਹੁੰਦਾ ਹੈ ਤਾਂ ਜਲੰਧਰ ਪ੍ਰਸ਼ਾਸਨ ਨੈਸ਼ਨਲ ਹਾਈਵੇ ਅਥਾਰਿਟੀ ਨੂੰ ਰੰਗੇ ਹੱਥਾਂ 'ਚ ਲੈ ਕੇ ਕਾਨੂੰਨੀ ਕਾਰਵਾਈ ਕਰ ਸਕਦਾ ਹੈ। ਇਸ ਤੋਂ ਪਹਿਲਾਂ ਵੀ ਐੱਨ. ਐੱਚ. ਏ. ਦੇ ਅਧਿਕਾਰੀਆਂ ਖਿਲਾਫ ਥਾਣਾ ਕੈਂਟ ਵਿਚ ਕੇਸ ਦਰਜ ਹੋ ਚੁੱਕਾ ਹੈ।

PunjabKesari

'ਜਨਾਬ ਓਹਨਾਂ ਤੋਂ ਕੁਝ ਨਹੀਂ ਹੋਣਾ, ਆਪਾਂ ਹੀ ਕੁਝ ਕਰਦੇ ਆਂ....'
ਏ ਡੀ. ਸੀ. ਪੀ. ਗਗਨੇਸ਼ ਕੁਮਾਰ ਨੇ ਹਾਈਵੇਅ 'ਤੇ ਬਣੇ ਟੋਇਆਂ ਨੂੰ ਦੇਖ ਕੇ ਨਾਰਾਜ਼ਗੀ ਦਿਖਾਈ ਤਾਂ ਉਨ੍ਹਾਂ ਦੀ ਟੀਮ 'ਚ ਸ਼ਾਮਲ ਇਕ ਟ੍ਰੈਫਿਕ ਕਰਮਚਾਰੀ ਤੋਂ ਵੀ ਨਹੀਂ ਰਿਹਾ ਗਿਆ। ਟ੍ਰੈਫਿਕ ਕਰਮਚਾਰੀਆਂ ਨੇ ਏ. ਡੀ. ਸੀ. ਪੀ. ਨੂੰ ਕਿਹਾ ਕਿ 'ਜਨਾਬ ਛੱਡੋ.. ਓਹਨਾਂ ਤੋਂ ਕੁਝ ਨਹੀਂ ਹੋਣਾ, ਆਪਾਂ ਹੀ ਕੁਝ ਕਰਦੇ ਆਂ।' ਇਹ ਕਹਿ ਕੇ ਟ੍ਰੈਫਿਕ ਕਰਮਚਾਰੀਆਂ ਨੇ ਕੁਝ ਔਜ਼ਾਰਾਂ ਦਾ ਇੰਤਜ਼ਾਮ ਕੀਤਾ ਅਤੇ ਟੋਇਆਂ 'ਚ ਇੱਟਾਂ ਤੇ ਸੜਕ ਕੰਢਿਓ ਮਿੱਟੀ ਲਿਆ ਕੇ ਟੋਇਆਂ ਨੂੰ ਭਰਨਾ ਸ਼ੁਰੂ ਕਰ ਦਿੱਤਾ।

PunjabKesari

ਆਟੋ ਵਾਲਿਆਂ ਨੂੰ ਦਿੱਤੀ ਚੇਤਾਵਨੀ
ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਨੇ ਪੀ. ਏ. ਪੀ. ਚੌਕ 'ਤੇ ਖੜ੍ਹੇ ਆਟੋ ਵਾਲਿਆਂ ਨੂੰ ਵੀ ਚੇਤਾਵਨੀ ਦਿੱਤੀ। ਦਰਅਸਲ ਆਟੋ ਵਾਲੇ ਅੰਮ੍ਰਿਤਸਰ ਵੱਲ ਜਾਣ ਵਾਲੀਆਂ ਬੱਸਾਂ 'ਚ ਆ ਕੇ ਸਵਾਰੀਆਂ ਲੈ ਰਹੇ ਸਨ, ਜਿਸ ਕਾਰਨ ਜਾਮ ਲੱਗ ਰਿਹਾ ਸੀ। ਜਿਵੇਂ ਹੀ ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਦਾ ਧਿਆਨ ਪਿਆ ਤਾਂ ਉਨ੍ਹਾਂ ਨੇ ਸਾਰੇ ਆਟੋ ਵਾਲਿਆਂ ਨੂੰ ਬੁਲਾਇਆ ਤੇ ਭਵਿੱਖ 'ਚ ਇਸ ਤਰੀਕੇ ਨਾਲ ਆਟੋ ਕੱਢਣ ਵਾਲਿਆਂ 'ਤੇ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਆਟੋ ਚਾਲਕਾਂ ਨੇ ਜੇਕਰ ਸਵਾਰੀਆਂ ਲੈਣੀਆਂ ਹਨ ਤਾਂ ਉਹ ਬੱਸਾਂ ਤੋਂ ਦੂਰ ਜਾ ਕੇ ਖੜ੍ਹੇ ਹੋਣ।

PunjabKesari


shivani attri

Content Editor

Related News