ਰਾਮਾ ਮੰਡੀ ਫਲਾਈਓਵਰ ਦੇ ਟ੍ਰੈਫਿਕ ਮਰਜਰ ਪੁਆਇੰਟਸ ਦਾ ਬਣਾਇਆ ਜਾਏ ਸਾਇੰਟਿਫਿਕ ਪਲਾਨ : ਡੀ. ਸੀ.

10/11/2019 4:41:05 PM

ਜਲੰਧਰ (ਕਮਲੇਸ਼) : ਰਾਮਾ ਮੰਡੀ ਫਲਾਈਓਵਰ ਨੂੰ ਲੈ ਕੇ ਡੀ. ਸੀ. ਵਰਿੰਦਰ ਸ਼ਰਮਾ ਅਤੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਐੱਨ. ਐੱਚ. ਏ. ਆਈ. ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ 'ਚ ਡੀ. ਸੀ. ਅਤੇ ਸੀ. ਪੀ. ਵਲੋਂ ਐੱਨ. ਐੱਚ. ਏ. ਆਈ. ਦੇ ਅਧਿਕਾਰੀਆਂ ਨੂੰ ਫਲਾਈਓਵਰ ਦੇ ਟ੍ਰੈਫਿਕ ਮਰਜਰ ਪੁਆਇੰਟਸ ਦਾ ਸਾਇੰਟਿਫਿਕ ਪਲਾਨ ਬਣਾਉਣ ਦੇ ਹੁਕਮ ਦਿੱਤੇ। ਇਸ ਤੋਂ ਇਲਾਵਾ ਲੋਕਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਸਰਵਿਸ ਲੇਨ ਨੂੰ ਵੀ ਚੌੜਾ ਕਰਨ ਲਈ ਕਿਹਾ ਗਿਆ। ਮੀਟਿੰਗ 'ਚ ਇਸ ਗੱਲ 'ਤੇ ਵੀ ਚਰਚਾ ਕੀਤੀ ਗਈ ਕਿ ਅਗਲੇ ਮਹੀਨੇ 550ਵੇਂ ਪ੍ਰਕਾਸ਼ ਉਤਸਵ 'ਤੇ ਜਲੰਧਰ ਤੋਂ ਸੁਲਤਾਨਪੁਰ ਲੋਧੀ ਲਈ ਲੱਖਾਂ ਸ਼ਰਧਾਲੂ ਜਾਣਗੇ। ਫਲਾਈਓਵਰ 'ਤੇ ਮਾਪਦੰਡ ਪੂਰੇ ਹੋਣੇ ਚਾਹੀਦੇ ਅਤੇ ਸਾਈਨ ਬੋਰਡ ਲਾਉਣ ਦੀ ਵੀ ਲੋੜ ਹੈ।

ਮੀਟਿੰਗ 'ਚ ਇਕ ਵਾਰ ਫਿਰ ਤੋਂ ਡੀ. ਸੀ. ਤੇ ਸੀ. ਪੀ. ਨੇ ਦੁਹਰਾਇਆ ਕਿ ਜੇਕਰ ਫਲਾਈਓਵਰ ਦੀ ਸਾਇੰਟਿਫਿਕ ਪਲਾਨਿੰਗ 'ਚ ਖਾਮੀ ਨਾਲ ਕੋਈ ਹਾਦਸਾ ਹੁੰਦਾ ਹੈ ਤਾਂ ਇਸ ਦੀ ਸਾਰੀ ਜ਼ਿੰਮੇਵਾਰੀ ਐੱਨ. ਐੱਚ. ਏ. ਆਈ. ਦੀ ਹੋਵੇਗੀ। ਇਸ ਮੌਕੇ 'ਤੇ ਵਿਧਾਇਕ ਰਾਜਿੰਦਰ ਬੇਰੀ, ਏ. ਡੀ. ਸੀ. ਡਿਵੈੱਲਪਮੈਂਟ ਕੁਲਵੰਤ ਸਿੰਘ, ਡੀ. ਸੀ. ਪੀ. ਨਰੇਸ਼ ਡੋਗਰਾ, ਐੱਨ. ਐੱਚ. ਏ. ਆਈ. ਅੰਬਾਲਾ ਦੇ ਪ੍ਰਾਜੈਕਟ ਡਾਇਰੈਕਟਰ ਯੋਗੇਸ਼ ਚੰਦਰਾ ਮੌਜੂਦ ਸਨ। ਗੌਰਤਲਬ ਹੈ ਕਿ ਸੋਮਵਾਰ ਨੂੰ ਰਾਮਾ ਮੰਡੀ ਫਲਾਈਓਵਰ ਨੂੰ ਟਰਾਇਲ ਲਈ ਖੋਲ੍ਹਿਆ ਗਿਆ ਸੀ। ਫਲਾਈਓਵਰ ਦਾ ਉਦਘਾਟਨ ਹੋਣਾ ਸੀ ਪਰ ਟਰਾਇਲ 'ਤੇ ਖੋਲ੍ਹੇ ਗਏ ਰਾਮਾ ਮੰਡੀ ਫਲਾਈਓਵਰ 'ਤੇ ਵਾਹਨਾਂ ਦੀ ਆਵਾਜਾਈ ਜਾਰੀ ਰਹੀ ਅਤੇ ਇਸੇ ਦੇ ਚਲਦੇ ਬਿਨਾਂ ਕਿਸੇ ਉਦਘਾਟਨ ਦੇ ਹੀ ਫਲਾਈਓਵਰ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਅੱਜ ਮੌਕੇ 'ਤੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪੁੱਜਾ ਸੀ।

ਨਹੀਂ ਖੋਲ੍ਹੀ ਗਈ ਪੀ. ਏ. ਪੀ. ਫਲਾਈਓਵਰ ਦੀ ਬੰਦ ਲੇਨ
ਸੰਭਾਵਨਾ ਸੀ ਕਿ ਪੀ. ਏ. ਪੀ. ਦੀ ਬੰਦ ਲੇਨ ਨੂੰ ਖੋਲ੍ਹ ਦਿੱਤਾ ਜਾਏਗਾ ਪਰ ਮੀਟਿੰਗ 'ਚ ਇਸ ਮੁੱਦੇ ਨੂੰ ਲੈ ਕੇ ਕੋਈ ਨਿਰਦੇਸ਼ ਨਹੀਂ ਦਿੱਤੇ ਗਏ। ਸ਼ੁਰੂਆਤੀ ਦੌਰ ਹੀ 'ਚ ਉਕਤ ਲੇਨ ਦੇ ਡਿਜ਼ਾਈਨ 'ਚ ਗੜਬੜ ਹੋਣ ਦੇ ਬਾਅਦ ਉਸ ਨੂੰ ਬੰਦ ਕਰ ਦਿੱਤਾ ਗਿਆ ਸੀ। ਹੁਣ ਡਿਜ਼ਾਈਨ ਨੂੰ ਲੈ ਕੇ ਵੀ ਕੋਈ ਫੈਸਲਾ ਨਹੀਂ ਆਇਆ ਹੈ। ਉਕਤ ਲੇਨ ਨੂੰ ਦਰੁਸਤ ਕਰ ਕੇ ਖੋਲ੍ਹਣ ਨਾਲ ਟ੍ਰੈਫਿਕ ਨੂੰ ਕੰਟਰੋਲ ਕਰਨਾ ਕਾਫੀ ਹੱਦ ਤੱਕ ਆਸਾਨ ਹੋ ਜਾਏਗਾ। ਫਿਲਹਾਲ ਅੰਮ੍ਰਿਤਸਰ ਜਾਣ ਵਾਲੇ ਟ੍ਰੈਫਿਕ ਨੂੰ ਪੀ. ਏ. ਪੀ. ਚੌਕ ਤੋਂ ਹੀ ਡਾਈਵਰਟ ਕੀਤਾ ਜਾ ਰਿਹਾ ਹੈ।

ਰਾਮਾ ਮੰਡੀ ਚੌਕ 'ਤੇ ਰੁਕ ਰਹੀਆਂ ਬੱਸਾਂ 'ਤੇ ਨਹੀਂ ਲੱਗ ਰਹੀ ਲਗਾਮ
ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਰਾਮਾ ਮੰਡੀ ਫਲਾਈਓਵਰ ਦਾ ਨਿਰਮਾਣ ਕੀਤਾ ਗਿਆ ਹੈ ਪਰ ਬੱਸ ਕੰਪਨੀਆਂ ਥੋੜ੍ਹੇ ਜਿਹੇ ਲਾਲਚ ਲਈ ਟ੍ਰੈਫਿਕ ਜਾਮ ਦੀ ਪ੍ਰਵਾਹ ਨਾ ਕਰਦੇ ਹੋਏ ਲੁਧਿਆਣਾ ਜਾਣ ਲਈ ਫਲਾਈਓਵਰ ਦੀ ਵਰਤੋਂ ਨਾ ਕਰਦੇ ਹੋਏ ਸਰਵਿਸ ਲੇਨ ਦੀ ਵਰਤੋਂ ਕਰ ਰਹੀਆਂ ਹਨ। ਟ੍ਰੈਫਿਕ ਪੁਲਸ ਵੀ ਚੌਕ 'ਤੇ ਤਾਇਨਾਤ ਹੁੰਦੀ ਹੈ ਪਰ ਉਹ ਮੂਕ ਦਰਸ਼ਕ ਬਣੀ ਰਹਿੰਦੀ ਹੈ।
ਰਾਮਾ ਮੰਡੀ ਅੰਡਰਪਾਥ ਤੋਂ ਹੁਸ਼ਿਆਰਪੁਰ ਅਤੇ ਲੁਧਿਆਣਾ ਤੋਂ ਆਉਣ ਵਾਲੇ ਟਰੈਫਿਕ ਨੂੰ ਡਾਈਵਰਟ ਕੀਤਾ ਜਾ ਰਿਹਾ ਹੈ, ਅਜਿਹੇ ਵਿਚ ਜਲੰਧਰ ਤੋਂ ਲੁਧਿਆਣਾ ਵਲ ਜਾ ਰਹੀਆਂ ਬੱਸਾਂ ਜੇਕਰ ਸਰਵਿਸ ਲੇਨ ਦੀ ਵਰਤੋਂ ਕਰਨਗੀਆਂ ਤਾਂ ਜ਼ਰੂਰ ਹੀ ਟ੍ਰੈਫਿਕ ਸਮੱਸਿਆ ਵਿਚ ਵਾਧਾ ਹੋਵੇਗਾ।

 

Anuradha

This news is Content Editor Anuradha