178 ਲਾਅ ਅਫ਼ਸਰਾਂ ਦੀਆਂ ਅਸਾਮੀ ਸ਼ਰਤਾਂ ’ਚ ਸੋਧ ਨਾ ਹੋਈ ਤਾਂ CM ਦੀ ਕੋਠੀ ਹੋਵੇਗਾ ਘਿਰਾਓ: ਰਾਜ ਕੁਮਾਰ ਚੱਬੇਵਾਲ

05/05/2022 10:58:54 AM

ਜਲੰਧਰ (ਚੋਪੜਾ)- ਪੰਜਾਬ ਸਰਕਾਰ ਵੱਲੋਂ ਐਡਵੋਕੇਟ ਜਨਰਲ ਦੇ ਦਫ਼ਤਰ ਵਿੱਚ ਲਾਅ ਅਫ਼ਸਰਾਂ ਦੀਆਂ 178 ਅਸਾਮੀਆਂ ਲਈ ਮੰਗੀਆਂ ਗਈਆਂ ਅਰਜ਼ੀਆਂ ’ਚ ਐੱਸ. ਸੀ./ਬੀ. ਸੀ ਵਰਗ ਦੇ ਰਾਖਵੇਂਕਰਨ ਨੂੰ ਲਾਂਭੇ ਕਰਕੇ ਨਿਯਮਾਂ ਵਿੱਚ ਸੋਧ ਨਾ ਕਰਨ ’ਤੇ ਸੂਬਾ ਕਾਂਗਰਸ ਦੇ ਐੱਸ.ਸੀ. ਵਿਭਾਗ ਵਲੋਂ 15 ਮਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦਾ ਘਿਰਾਓ ਕੀਤਾ ਜਾਏਗਾ। ਉਪਰੋਕਤ ਚੇਤਾਵਨੀ ਪੰਜਾਬ ਦੇ ਡਿਪਟੀ ਸੀ. ਐੱਲ. ਪੀ ਆਗੂ ਅਤੇ ਸੂਬਾ ਕਾਂਗਰਸ ਐੱਸ. ਸੀ. ਵਿਭਾਗ ਦੇ ਚੇਅਰਮੈਨ ਡਾ: ਰਾਜ ਕੁਮਾਰ ਚੱਬੇਵਾਲ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਦਿੱਤੀ। ਇਸ ਦੌਰਾਨ ਹਲਕਾ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਤੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਵੀ ਹਾਜ਼ਰ ਸਨ।

ਡਾ: ਚੱਬੇਵਾਲ ਨੇ ਦੱਸਿਆ ਕਿ ਸਰਕਾਰ ਨੇ 21 ਅਪ੍ਰੈਲ 2022 ਨੂੰ ਲਾਅ ਅਫ਼ਸਰਾਂ ਦੀਆਂ ਵੱਖ-ਵੱਖ ਅਸਾਮੀਆਂ ਲਈ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਸੀ ਪਰ ਇਹ ਨਿਯੁਕਤੀਆਂ ਕਰਨ ਸਮੇਂ ਐੱਸ. ਸੀ. ਐਕਟ 2006 ਦੀ ਧਾਰਾ 4(2) ਅਨੁਸਾਰ ਅਨੁਸੂਚਿਤ ਜਾਤੀ ਵਰਗ ਲਈ 25 ਪ੍ਰਤੀਸ਼ਤ ਅਤੇ ਬੀ. ਸੀ. ਵਰਗ ਲਈ 12 ਪ੍ਰਤੀਸ਼ਤ ਰਾਖਵੇਂਕਰਨ ਦਾ ਕੋਈ ਜ਼ਿਕਰ ਨਹੀਂ ਹੈ। ਮਾਨ ਸਰਕਾਰ ਨੇ ਇਸ਼ਤਿਹਾਰ ’ਚ ਰਾਖਵਾਂਕਰਨ ਨਾ ਦੇ ਕੇ ਐਕਟ ਅਤੇ ਦਲਿਤਾਂ ਦੇ ਹਿੱਤਾਂ ਨੂੰ ਬੇਧਿਆਨ ਕੀਤਾ ਹੈ। ਕਾਂਗਰਸ ਦਲਿਤਾਂ ਦੇ ਹਿੱਤਾਂ ਨਾਲ ਖਿਲਵਾੜ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗੀ।

ਇਹ ਵੀ ਪੜ੍ਹੋ: ਜਲੰਧਰ ਦੇ ਚਿੱਕ-ਚਿੱਕ ਹਾਊਸ ਨੇੜੇ ਵਾਪਰਿਆ ਭਿਆਨਕ ਹਾਦਸਾ, ਔਰਤ ਦੀ ਹੋਈ ਦਰਦਨਾਕ ਮੌਤ

ਚੱਬੇਵਾਲ ਨੇ ਕਿਹਾ ਕਿ ਕਾਂਗਰਸ ਨੇ ਨੈਸ਼ਨਲ ਐੱਸ. ਸੀ. ਕਮਿਸ਼ਨਰ , ਪੰਜਾਬ ਐੱਸ. ਸੀ. ਕਮਿਸ਼ਨ, ਰਾਜਪਾਲ ਪੰਜਾਬ ਅਤੇ ਮੁੱਖ ਮੰਤਰੀ ਨੂੰ ਸ਼ਿਕਾਇਤ ਪੱਤਰ ਲਿਖ ਕੇ ਲਾਅ ਅਫ਼ਸਰਾਂ ਦੀਆਂ ਨਿਯੁਕਤੀਆਂ ਸਬੰਧੀ ਪ੍ਰਕਾਸ਼ਿਤ ਇਸ਼ਤਿਹਾਰ ਵਿੱਚ ਸੋਧ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅਰਜ਼ੀਆਂ ਲੈਣ ਦੀ ਆਖ਼ਰੀ ਤਰੀਕ 9 ਮਈ ਰੱਖੀ ਹੈ। ਜੇ ਇਸ ਤੋਂ ਪਹਿਲਾਂ ਸਰਕਾਰ ਨੇ ਆਪਣੀ ਗਲਤੀ ਨਾ ਸੁਧਾਰੀ ਤਾਂ ਪੂਰੇ ਸੂਬੇ ਦੇ ਦਲਿਤ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕਰਨਗੇ। ਉਨ੍ਹਾਂ ਕਿਹਾ ਕਿ ਇਕ ਪਾਸੇ ਮੁੱਖ ਮੰਤਰੀ ਮਾਨ ਸੂਬੇ ਦੇ ਸਰਕਾਰੀ ਦਫ਼ਤਰਾਂ ਵਿਚ ਡਾ: ਭੀਮ ਰਾਓ ਅੰਬੇਡਕਰ ਅਤੇ ਭਗਤ ਸਿੰਘ ਦੀਆਂ ਤਸਵੀਰਾਂ ਲਾਉਣ ਦੇ ਆਦੇਸ਼ ਦਿੰਦੇ ਹਨ ਪਰ ਤਸਵੀਰਾਂ ਦੇ ਨਾਲ-ਨਾਲ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਵੀ ਲਾਗੂ ਕੀਤਾ ਜਾਵੇ।

ਇਹ ਵੀ ਪੜ੍ਹੋ: ਆਯੂਸ਼ਮਾਨ ਸਕੀਮ ਤਹਿਤ ਇਲਾਜ ਬੰਦ ਕਰਨ ਦੇ ਰੌਂਅ 'ਚ ਪੰਜਾਬ ਦੇ ਨਿੱਜੀ ਹਸਪਤਾਲ, ਜਾਣੋ ਵਜ੍ਹਾ

ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੱਧੂ ਦੇ ਮਾਮਲੇ ’ਚ ਡਾ: ਚੱਬੇਵਾਲ ਨੇ ਕਿਹਾ ਕਿ ਪਾਰਟੀ ’ਚ ਅਨੁਸ਼ਾਸਨ ਬਣਾਈ ਰੱਖਣਾ ਸਾਰਿਆਂ ਦੀ ਜ਼ਿੰਮੇਵਾਰੀ ਹੈ | ਸੂਬਾ ਕਾਂਗਰਸ ਪ੍ਰਧਾਨ ਰਾਜਾ ਵੰੜਿਗ ਨੇ ਇਸ ਮਾਮਲੇ ਵਿੱਚ ਹਰੀਸ਼ ਚੌਧਰੀ ਰਾਹੀਂ ਸ਼ਿਕਾਇਤ ਭੇਜ ਦਿੱਤੀ ਹੈ ਪਰ ਸਿੱਧੂ ਬਾਰੇ ਅੰਤਿਮ ਫ਼ੈਸਲਾ ਏ. ਆਈ. ਸੀ. ਸੀ. ਨੇ ਲੈਣਾ ਹੈ । ਚੋਣਾਂ ਤੋਂ ਪਹਿਲਾਂ ‘ਆਪ’ ਸੁਪਰੀਮੋ ਮਾਈਨਿੰਗ, ਸ਼ਰਾਬ ਅਤੇ ਭ੍ਰਿਸ਼ਟਾਚਾਰ ’ਤੇ ਸ਼ਿਕੰਜਾ ਕੱਸ ਕੇ 34000 ਕਰੋੜ ਰੁਪਏ ਦਾ ਮਾਲੀਆ ਬਚਾਉਣ ਦਾ ਦਾਅਵਾ ਕਰ ਰਹੇ ਸਨ ਪਰ ਹੁਣ ਪਿਛਲੇ ਡੇਢ ਮਹੀਨੇ ’ਚ ‘ਆਪ’ ਸਰਕਾਰ ਨੇ 7000 ਕਰੋੜ ਦਾ ਕਰਜ਼ਾ ਲਿਆ ਹੈ। ਮੁੱਖ ਮੰਤਰੀ ਦਾ ਦਾਅਵਾ ਹੈ ਕਿ ਸੂਬੇ ਦੇ ਸਿਰ 3 ਲੱਖ ਕਰੋੜ ਦਾ ਕਰਜ਼ਾ ਚੜ੍ਹ ਗਿਆ ਹੈ ਅਤੇ ਉਹ ਮੁਲਜ਼ਮਾਂ ’ਤੇ ਬੁਲਡੋਜ਼ਰ ਚਲਾ ਦੇਣਗੇ। ਜੇ ਕੋਈ ਸਰਕਾਰੀ ਖਜ਼ਾਨੇ ਨੂੰ ਲੁੱਟਣ ਦਾ ਦੋਸ਼ੀ ਹੈ ਤਾਂ ਉਸ ’ਤੇ ਬੁਲਡੋਜ਼ਰ ਚਲਾਏ ਜਾਣ ਪਰ ਫਾਈਲਾਂ ਖੋਲ੍ਹਣ, ਜਾਂਚ ਦੇ ਨਾਂ ’ਤੇ ਲੋਕਾਂ ਨੂੰ ਤੰਗ ਨਾ ਕੀਤਾ ਜਾਵੇ। ਡਾ: ਚੱਬੇਵਾਲ ਨੇ ਕਿਹਾ ਕਿ ਲੋਕਾਂ ਨੇ ਤਬਦੀਲੀ ਦੇ ਨਾਂ ’ਤੇ ‘ਆਪ’ ਨੂੰ ਜ਼ਬਰਦਸਤ ਬਹੁਮਤ ਦਿੱਤਾ ਸੀ ਪਰ ਡੇਢ ਮਹੀਨੇ ’ਚ 8-8 ਘੰਟੇ ਦੇ ਲੰਬੇ ਬਿਜਲੀ ਕੱਟ ਲੱਗ ਰਹੇ ਹਨ, ਰੇਤਾ-ਬੱਜਰੀ 4 ਗੁਣਾ ਮਹਿੰਗੀ ਹੋ ਗਈ ਹੈ ਅਤੇ ਲੋਕਾਂ ਦੇ ਸੁਪਨੇ ਚਕਨਾਚੂਰ ਹੋ ਗਏ ਹਨ। ਇਸ ਮੌਕੇ ਰਾਜ ਕੁਮਾਰ ਰਾਜੀ, ਜਗਦੀਸ਼ ਸਮਰਾਏ, ਵੰਦਨ ਮਹਿਤਾ, ਜਗਮੋਹਨ ਭਸੀਨ, ਗੌਰਵ ਅਰੋੜਾ ਅਤੇ ਹੋਰ ਵੀ ਮੌਜੂਦ ਸਨ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੀ ਕੁੜੀ ਨੇ ਅਮਰੀਕਾ 'ਚ ਗੱਡੇ ਝੰਡੇ, ਵਿਗਿਆਨੀ ਬਣ ਨੇ ਚਮਕਾਇਆ ਪੰਜਾਬ ਦਾ ਨਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News