ਰੇਲਵੇ ਅੰਡਰ ਬ੍ਰਿਜ ਬਣ ਗਏ ਲੋਕਾਂ ਦੀ ਜਾਨ ਦਾ ਖੌਅ, ਵਿਭਾਗ ਕੁੰਭਕਰਨੀ ਨੀਂਦ ਸੁੱਤਾ

10/17/2019 10:11:55 AM

ਸੁਲਤਨਪੁਰ ਲੋਧੀ (ਧੀਰ)— 550ਵੇਂ ਪ੍ਰਕਾਸ਼ ਪੁਰਬ ਮੌਕੇ ਰੇਲਵੇ ਵੱਲੋਂ ਰੇਲਵੇ ਸਟੇਸ਼ਨ ਦੀਆਂ ਦੋਵਾਂ ਸਾਈਡਾਂ 'ਤੇ ਬਣਾਏ ਗਏ ਅੰਡਰ ਬ੍ਰਿਜ ਲੋਕਾਂ ਦੀ ਜਾਨ ਦਾ ਖੌਅ ਬਣ ਗਏ ਹਨ, ਜਿਸ ਕਾਰਨ ਲੋਕਾਂ 'ਚ ਬਹੁਤ ਡਰ ਅਤੇ ਸਹਿਮ ਪਾਇਆ ਜਾ ਰਿਹਾ ਹੈ। ਗੌਰਤਲਬ ਹੈ ਕਿ ਰੇਲਵੇ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਦੋਵੇਂ ਫਾਟਕਾਂ ਡੱਲਾ ਸਾਹਿਬ ਅਤੇ ਕਰਮਜੀਤਪੁਰ ਸਾਈਡ 'ਤੇ ਵੱਡੀ ਗਿਣਤੀ 'ਚ ਆ ਰਹੀ ਸੰਗਤ ਦੇ ਮੱਦੇਨਜ਼ਰ ਰੇਲਵੇ ਫਾਟਕ ਬੰਦ ਹੋਣ ਸਮੇਂ ਸੰਗਤਾਂ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਲਈ 2 ਅੰਡਰ ਬ੍ਰਿਜ ਬਣਾਏ ਗਏ ਸਨ। ਉਕਤ ਅੰਡਰ ਬ੍ਰਿਜ ਬਣਾਉਣ ਸਮੇਂ ਵਰਤੀ ਗਈ ਅਣਗਹਿਲੀ ਅਤੇ ਕਥਿਤ ਤੌਰ 'ਤੇ ਲਾਪਰਵਾਹੀ ਕਾਰਨ ਅੰਡਰ ਬ੍ਰਿਜ ਬਹੁਤ ਘੱਟ ਚੌੜੇ ਬਣਾਏ ਗਏ ਹਨ, ਜਿਸ ਤੋਂ ਇਕੋ ਸਮੇਂ 2 ਵਾਹਨਾਂ ਦਾ ਇਕੱਠੇ ਗੁਜ਼ਰਨਾ ਮੁਸ਼ਕਿਲ ਹੀ ਨਹੀਂ ਸਗੋਂ ਨਾਮੁਮਕਿਨ ਹੈ। ਅੰਡਰ ਬ੍ਰਿਜ ਦੇ ਬਣਾਉਣ ਸਮੇਂ ਬਲਾਇੰਡ ਟਰਨ (ਮੋੜ) ਦਾ ਵੀ ਕੋਈ ਬਿਲਕੁਲ ਖਿਆਲ ਨਹੀਂ ਰੱਖਿਆ ਗਿਆ, ਜਿਸ ਨਾਲ ਕਿਸੇ ਵੀ ਸਾਈਡ ਤੋਂ ਆਉਣ ਵਾਲੇ ਵਾਹਨਾਂ ਦਾ ਆਪਸ 'ਚ ਪਤਾ ਨਾ ਲੱਗਣ 'ਤੇ ਕੁਝ ਦਿਨਾਂ 'ਚ ਅੱਧੀ ਦਰਜਨ ਤੋਂ ਵੱਧ ਦੁਰਘਟਨਾਵਾਂ ਹੋ ਗਈਆਂ ਹਨ।

ਬੀਤੇ ਦਿਨੀਂ ਨੂੰ ਦੂਜੇ ਅੰਡਰ ਬ੍ਰਿਜ ਦੇ ਚਾਲੂ ਕਰਨ ਦੇ ਪਹਿਲੇ ਦਿਨ ਹੀ ਇਕ ਟਰੱਕ ਵੱਲੋਂ ਐਕਟਿਵਾ ਸਵਾਰ ਨੌਜਵਾਨ ਨੂੰ ਟੱਕਰ ਮਾਰਨ 'ਤੇ ਹੋਈ ਮੌਤ ਰਹੀ ਸੀ, ਰੇਲਵੇ ਦੀ ਪੋਲ ਖੋਲ੍ਹ ਦਿੱਤੀ। ਅੰਡਰ ਬ੍ਰਿਜ ਬਣਾਉਣ ਸਮੇਂ ਬਿਲਕੁਲ ਟ੍ਰੈਫਿਕ ਬਾਰੇ ਕੋਈ ਖਿਆਲ ਨਹੀਂ ਰੱਖਿਆ ਗਿਆ ਹੈ ਕਿਉਂਕਿ ਇਨ੍ਹਾਂ ਦੋਵਾਂ ਰੇਲਵੇ ਫਾਟਕਾਂ ਦੇ ਦੂਜੇ ਪਾਸੇ ਮਾਲ ਗੁਦਾਮ, ਕਾਲਜ, ਸਕੂਲ ਅਤੇ ਪਿੰਡ ਲੱਗਦੇ ਹਨ ਜਿਨ੍ਹਾਂ ਤੋਂ ਰੋਜ਼ਾਨਾ ਹਜ਼ਾਰਾਂ ਵਹੀਕਲਾਂ ਨੇ ਰੋਜ਼ ਗੁਜਰਨਾ ਹੈ। ਰੇਲਵੇ ਵੱਲੋਂ ਲਗਾਈ ਜਾਣ ਵਾਲੀ ਗੁੱਡਜ਼ ਟਰੇਨ ਮੌਕੇ ਵੀ ਵੱਡੀ ਗਿਣਤੀ 'ਚ ਟਰੈਕਟਰ ਟਰਾਲੀਆਂ ਤੇ ਟਰੱਕ ਲੰਘਦੇ ਹਨ, ਜਿਸ ਕਾਰਨ ਆਏ ਦਿਨ ਹਾਦਸੇ ਹੋਣ ਦਾ ਡਰ ਹੈ। ਬਰਸਾਤ ਸਮੇਂ ਵੀ ਪਾਣੀ ਭਰ ਜਾਣ ਕਾਰਨ ਟ੍ਰੈਫਿਕ ਦੇ ਬੰਦ ਹੋਣ ਦਾ ਖਤਰਾ ਹੈ।

ਲੋਕਾਂ ਦਾ ਕਹਿਣਾ ਹੈ ਕਿ ਅੰਡਰ ਬ੍ਰਿਜ ਨੂੰ ਬਣਾਉਣ ਸਮੇਂ ਇਹ ਸਾਰਾ ਮਾਮਲਾ ਰੇਲਵੇ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਗਿਆ ਸੀ ਪ੍ਰੰਤੂ ਉਨ੍ਹਾਂ ਨੇ ਕੋਈ ਵੀ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਨਿਰੀਖਣ ਕਰਨ ਸਮੇਂ ਦੁਬਾਰਾ ਰਾਈਸ ਮਿੱਲ ਮਾਲਕਾਂ ਅਸ਼ੋਕ ਧੀਰ, ਦਿਨੇਸ਼ ਧੀਰ, ਠੇਕੇਦਾਰ ਰੋਸ਼ਨ ਲਾਲ, ਗੁਰਮੇਲ ਸਿੰਘ ਆਦਿ ਨੇ ਧਿਆਨ 'ਚ ਮਾਮਲਾ ਲਿਆਂਦਾ ਪ੍ਰੰਤੂ ਡੀ. ਆਰ. ਐੱਮ. ਵਲੋਂ ਸਭ ਠੀਕ ਹੈ ਕੁਝ ਗਲਤ ਨਹੀਂ ਹੈ ਤੇ ਲੋਕਾਂ ਨੂੰ ਇਸ ਦੀ ਆਦਤ ਪਾਉਣੀ ਪੈਣੀ ਹੈ ਕਹਿ ਕੇ ਪੱਲਾ ਝਾੜ ਦਿੱਤਾ। ਪਿੰਡ ਰੂਰਲ ਬਸਤੀ ਚੰਡੀਗੜ੍ਹ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਤਾਂ ਰੇਲਵੇ ਫਾਟਕ ਹੀ ਠੀਕ ਸਨ, ਕੋਈ ਹਾਦਸਾ ਤਾਂ ਨਹੀਂ ਹੁੰਦਾ ਸੀ ਪਰ ਰੇਲਵੇ ਵੱਲੋਂ ਬਣਾਏ ਗਏ ਇਹ ਅੰਡਰ ਬ੍ਰਿਜ ਹੁਣ ਮੌਤ ਨੂੰ ਦਾਵਤ ਦੇ ਰਹੇ ਹਨ, ਜਿਸ ਕਾਰਣ 550 ਸਾਲਾ ਗੁਰਪੁਰਬ ਮੌਕੇ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ।

shivani attri

This news is Content Editor shivani attri