ਸਬਜ਼ੀ ਮੰਡੀ ’ਚ ਕੰਮ ਕਰਨ ਵਾਲੇ ਰਾਹੁਲ ਨੇ ਕੀਤੀ ਸੀ ਰੇਕੀ, ਸਾਥੀਆਂ ਨੇ ਲੁੱਟਿਆ

09/19/2018 6:41:46 AM

ਜਲੰਧਰ,   (ਰਾਜੇਸ਼)–  ਮਕਸੂਦਾਂ ਸਬਜ਼ੀ ਮੰਡੀ ਵਿਚ ਫਰੂਟ ਵੇਚਣ ਵਾਲੇ ਮੁਨੀਮ ਤੋਂ 2.13 ਲੱਖ  ਰੁਪਏ ਲੁੱਟਣ ਵਾਲਾ ਮੰਡੀ ਵਿਚ ਕੰਮ ਕਰਨ ਵਾਲਾ ਹੀ ਨਿਕਲਿਆ। ਇਸ ਖਬਰ ਨੂੰ ‘ਜਗ ਬਾਣੀ’ ਨੇ ਪਹਿਲਾਂ ਵੀ ਪ੍ਰਮੁੱਖਤਾ ਨਾਲ ਛਾਪਿਆ ਸੀ, ਜਿਸ ਤੋਂ ਬਾਅਦ ਅੱਜ ਜ਼ਿਲਾ ਪੁਲਸ ਨੇ ਸਾਰੇ ਮੁਲਜ਼ਮਾਂ ਦੀ ਗ੍ਰਿਫਤਾਰੀ ਦਿਖਾ ਦਿੱਤੀ। ਪੁਲਸ ਨੇ ਇਸ ਮਾਮਲੇ ਦਾ ਖੁਲਾਸਾ ਕਰਦੇ ਹੋਏ 4 ਲੁਟੇਰਿਆਂ ਨੂੰ ਕਾਬੂ ਕੀਤਾ, ਜਿਨ੍ਹਾਂ ਕੋਲੋਂ ਲੁੱਟ ਦੀ 1.55 ਲੱਖ ਦੀ ਰਾਸ਼ੀ ਬਰਾਮਦ ਹੋਈ ਹੈ। 
ਗੱਲਬਾਤ  ਦੌਰਾਨ ਏ. ਡੀ. ਸੀ. ਪੀ.-1 ਪਰਮਿੰਦਰ ਸਿੰਘ ਭੰਡਾਲ, ਇੰਸ. ਨਵਦੀਪ ਸਿੰਘ ਤੇ ਏ. ਐੱਸ. ਆਈ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਓਮ ਫਰੂਟ ਵਿਚ ਕੰਮ ਕਰਨ ਵਾਲੇ ਬਲਦੇਵ ਰਾਜ ਤੋਂ ਬੀਤੇ ਦਿਨੀਂ ਦਿਨ-ਦਿਹਾੜੇ 2.13 ਲੱਖ  ਰੁਪਏ ਮੋਟਰਸਾਈਕਲ ਸਵਾਰ ਲੁਟੇਰੇ ਲੁੱਟ ਕੇ ਫਰਾਰ ਹੋ ਗਏ  ਸਨ, ਜਿਸ ਤੋਂ ਬਾਅਦ ਪੁਲਸ ਨੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਤਾਂ ਉਸ ਵਿਚ  ਕੰਮ  ਕਰਨ  ਵਾਲਾ  ਨੌਜਵਾਨ  ਲੁੱਟ  ਵਾਲੀ  ਵਾਰਦਾਤ  ’ਤੇ  ਲੁੱਟ  ਤੋਂ  ਬਾਅਦ  ਖੜ੍ਹਾ  ਨਜ਼ਰ  ਆਇਆ,  ਜਿਸ  ਤੋਂ  ਪੁਲਸ  ਨੂੰ ਸ਼ੱਕ ਹੋਇਆ ਤਾਂ ਪੁਲਸ ਨੇ ਹੋਰ ਲੱਗੇ ਕੈਮਰਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮੰਡੀ ਵਿਚ ਕੰਮ ਕਰਨ ਵਾਲੇ ਰਾਹੁਲ ਕਤਿਆਲ ਉਰਫ ਸਾਬੀ ਪੁੱਤਰ ਬੂਟਾ ਰਾਮ ਵਾਸੀ ਜਵਾਲਾ ਨਗਰ ਨੇ ਲੁੱਟ ਦੀ ਵਾਰਦਾਤ ਦੀ ਪਲਾਨਿੰਗ ਕਰ ਕੇ ਰੇਕੀ ਕੀਤੀ ਸੀ। ਸ਼ੱਕ ਦੇ ਆਧਾਰ ’ਤੇ ਰਾਹੁਲ ਨੂੰ ਕਾਬੂ ਕੀਤਾ ਤਾਂ ਉਸ ਨੇ ਲੁੱਟ ਦੀ ਵਾਰਦਾਤ ਵਿਚ ਰੇਕੀ ਕਰਨ ਦੀ ਗੱਲ ਕਬੂਲ ਲਈ। 
ਰਾਹੁਲ ਨੇ ਪੁਲਸ ਨੂੰ ਦੱਸਿਆ ਕਿ ਉਹ ਸਬਜ਼ੀ ਮੰਡੀ ’ਚ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ, ਜਿਸ ਨੇ ਪਲਵਿੰਦਰ ਸਿੰਘ ਉਰਫ ਲਾਡੀ ਪੁੱਤਰ ਮੋਹਿੰਦਰ ਸਿੰਘ ਵਾਸੀ ਬੇਗੋਵਾਲ, ਮੰਗਤ ਰਾਮ ਉਰਫ ਬੰਟੀ ਵਾਸੀ ਬੇਗੋਵਾਲ ਤੇ ਪਰਮਜੀਤ ਉਰਫ ਪੰਮਾ ਪੁੱਤਰ ਰਾਮ ਲੁਭਾਇਆ ਵਾਸੀ ਜਵਾਲਾ ਨਗਰ ਮਕਸੂਦਾਂ ਦੇ ਨਾਲ ਮਿਲ ਕੇ ਲੁੱਟ ਦੀ ਯੋਜਨਾ ਬਣਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਨੇ ਸਾਰਿਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ  ਤੋਂ ਲੁੱਟ ਦੇ 1.55 ਲੱਖ ਰੁਪਏ ਬਰਾਮਦ ਕਰ ਲਏ। ਵਾਰਦਾਤ ’ਚ ਇਸਤੇਮਾਲ ਕੀਤੇ ਗਏ 2 ਮੋਟਰਸਾਈਕਲ ਵੀ ਪੁਲਸ ਨੇ ਬਰਾਮਦ ਕਰ ਲਏ  ਹਨ। 
ਮੁਨੀਮ ਬਲਦੇਵ  ਨੇ ਪੁਲਸ ਨੂੰ ਦੱਸਿਆ ਸੀ ਕਿ ਉਸ ਨਾਲ ਲੁੱਟ 2.13 ਲੱਖ ਦੀ ਹੋਈ ਹੈ ਪਰ ਮੁਲਜ਼ਮਾਂ ਨੇ ਪੁਲਸ ਨੂੰ ਦੱਸਿਆ ਕਿ ਲੁੱਟੇ ਹੋਏ  ਬੈਗ ਵਿਚ 1.70 ਲੱਖ  ਸਨ ਜੋ 40-40 ਹਜ਼ਾਰ ਤਿੰਨਾਂ ਲੁਟੇਰਿਆਂ ਨੇ ਆਪਸ ਵਿਚ ਵੰਡ ਲਏ। ਮੰਗਤ ਉਰਫ ਬੰਟੀ  ਤੇ ਪਰਮਜੀਤ ਸਿੰਘ ਪੰਮਾ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਇਕ ਬਜ਼ੁਰਗ  ਤੇ ਇਕ ਔਰਤ  ਤੋਂ  ਗਹਿਣਿਆਂ ਦੀ ਲੁੱਟ ਕੀਤੀ ਸੀ। ਇਸ ਤੋਂ ਇਲਾਵਾ ਫੜੇ ਗਏ ਲੁਟੇਰਿਆਂ ਨੇ ਥਾਣਾ ਨੰਬਰ 4 ਤੇ ਥਾਣਾ ਨੰਬਰ 8 ਦੇ ਇਲਾਕਿਆਂ ’ਚ ਕੀਤੀਅਾਂ ਗਈਅਾਂ ਕਰੀਬ 6-7 ਵਾਰਦਾਤਾਂ ਨੂੰ ਵੀ ਕਬੂਲਿਆ ਹੈ।  ਪੁਲਸ ਉਨ੍ਹਾਂ  ਤਿੰਨਾਂ  ਮੁਲਜ਼ਮਾਂ  ਦਾ  ਰਿਮਾਂਡ ਹਾਸਲ ਕਰ ਕੇ ਹੋਰ ਕਈ  ਕੇਸ ਸੁਲਝਾਉਣ  ਵਿਚ ਲੱਗੀ ਹੋਈ  ਹੈ। 

ਰਾਹੁਲ ਰੇਕੀ ਕਰ ਕੇ ਬਣਾਉਂਦਾ ਦੀ ਲੁੱਟ ਦੀ ਯੋਜਨਾ 
ਏ. ਡੀ. ਸੀ. ਪੀ. ਪਰਮਿੰਦਰ ਭੰਡਾਲ ਨੇ ਦੱਸਿਆ ਕਿ ਰਾਹੁਲ ਮੰਡੀ ’ਚ ਹਰ ਆਉਣ-ਜਾਣ ਵਾਲੇ  ਦਾ ਧਿਆਨ ਰੱਖਦਾ ਸੀ, ਜਿਸ ਨੂੰ ਬਲਦੇਵ ਦਾ ਪਤਾ ਸੀ ਕਿ ਰੋਜ਼ ਉਹ ਓਮ ਫਰੂਟ ਲਈ ਮਾਰਕੀਟ ਤੋਂ ਰਿਕਵਰੀ ਕਰ ਕੇ ਲੱਖਾਂ ਰੁਪਏ  ਲੈ ਕੇ ਆਉਂਦਾ ਹੈ, ਜਿਸ ਤੋਂ ਬਾਅਦ ਉਸ ਨੇ ਉਸ  ਤੋਂ ਲੁੱਟ ਦੀ ਵਾਰਦਾਤ ਦੀ ਯੋਜਨਾ ਬਣਾਈ।

ਲੁੱਟ ਦੇ ਪੈਸਿਆਂ ਨਾਲ ਪੀਂਦੇ ਸਨ ਹੈਰੋਇਨ
ਮੁਲਜ਼ਮਾਂ ਨੇ ਕਬੂਲਿਆ ਕਿ ਲੁੱਟ ਦੇ ਪੈਸਿਆਂ ਨਾਲ ਉਹ ਹੈਰੋਇਨ ਪੀਂਦੇ ਸਨ। ਏ. ਡੀ. ਸੀ. ਪੀ. ਨੇ ਦੱਸਿਆ ਕਿ ਮੰਗਤ ਉਰਫ  ਬੰਟੀ ਤੇ ਪਰਮਜੀਤ ਪੰਮਾ ਦੇ ਕੋਲੋਂ 50-50 ਗ੍ਰਾਮ ਨਸ਼ੀਲਾ ਪਾਊਡਰ ਵੀ ਬਰਾਮਦ ਕੀਤਾ ਗਿਆ, ਜਿਨ੍ਹਾਂ ਖਿਲਾਫ  ਮਾਮਲਾ ਦਰਜ ਕੀਤਾ ਗਿਆ ਹੈ।