ਧਾਰਮਿਕ ਬੇਅਦਬੀਆਂ ਖ਼ਿਲਾਫ਼ ਬੋਲਣ ਵਾਲੇ ਰਾਹੁਲ ਅਗਨੀਹੋਤਰੀ ਨੇ ਜ਼ਿਲ੍ਹਾ ਪੁਲਸ ਕਪਤਾਨ ਤੋਂ ਕੀਤੀ ਇਨਸਾਫ਼ ਦੀ ਮੰਗ

10/17/2020 2:56:48 PM

ਗੜ੍ਹਸ਼ੰਕਰ(ਸ਼ੋਰੀ): ਇੱਥੋਂ ਦੇ ਮੁਹੱਲਾ ਜੋੜਿਆਂ ਦੇ ਰਹਿਣ ਵਾਲੇ ਰਾਹੁਲ ਅਗਨੀਹੋਤਰੀ ਪੁੱਤਰ ਸੂਬੇਦਾਰ ਮੇਜਰ ਸੁਰਿੰਦਰ ਅਗਨੀਹੋਤਰੀ ਵਾਰਡ ਨੰਬਰ 1 ਨੇ ਜ਼ਿਲ੍ਹਾ ਪੁਲਸ ਕਪਤਾਨ ਨੂੰ ਭੇਜੇ ਇਕ ਪੱਤਰ ਰਾਹੀਂ ਮੰਗ ਕੀਤੀ ਹੈ। ਉਸ ਨੇ ਕਿਹਾ ਕਿ ਉਸ ਉੱਪਰ ਹੁਣ ਤੱਕ ਤਿੰਨ ਵਾਰ ਜਾਨਲੇਵਾ ਹਮਲੇ ਕਰਨ ਵਾਲੇ ਵਿਅਕਤੀਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਭਵਿੱਖ 'ਚ ਉਸ ਦੀ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਉਸ ਨੂੰ ਪੁਲਸ ਸੁਰੱਖਿਆ ਦਿੱਤੀ ਜਾਵੇ। ਰਾਹੁਲ ਅਗਨੀਹੋਤਰੀ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਨਸ਼ਿਆਂ ਦੇ ਖ਼ਿਲਾਫ਼ ਅਤੇ ਧਾਰਮਿਕ ਬੇਅਦਬੀਆਂ ਕਰਨ ਵਾਲਿਆਂ ਦੇ ਖ਼ਿਲਾਫ਼ ਖੁੱਲ੍ਹ ਕੇ ਬੋਲਦੇ ਰਹੇ ਹਨ ਜਿਸ ਕਾਰਨ ਉਹ ਨਸ਼ਾ ਵੇਚਣ ਵਾਲੇ ਅਤੇ ਧਾਰਮਿਕ ਬੇਅਦਬੀਆਂ ਕਰਨ ਵਾਲੇ ਲੋਕਾਂ ਦੇ ਨਿਸ਼ਾਨੇ ਉੱਪਰ ਹਨ ਅਤੇ ਪਿਛਲੇ ਸਮਿਆਂ ਦੌਰਾਨ ਉਸ ਉੱਪਰ ਇਹ ਲੋਕ ਤਿੰਨ ਵਾਰ ਜਾਨਲੇਵਾ ਹਮਲਾ ਕਰਵਾ ਚੁੱਕੇ ਹਨ ।
ਰਾਹੁਲ ਅਗਨੀਹੋਤਰੀ ਨੇ ਦੱਸਿਆ ਕਿ ਪਹਿਲਾ ਹਮਲਾ ਉਸ ਉੱਪਰ ਸੱਤ ਜਨਵਰੀ 2020 ਨੂੰ ਗੜ੍ਹਸ਼ੰਕਰ ਦੇ ਸ੍ਰੀ ਅਨੰਦਪੁਰ ਸਾਹਿਬ ਰੋਡ ਤੇ ਦੂਸਰਾ ਹਮਲਾ ਮੁਹੱਲਾ ਨੋ ਗਰੁੱਪ 'ਚ 21 ਮਈ 2020 ਨੂੰ  ਹੋਇਆ ਅਤੇ ਤੀਸਰਾ ਹਮਲਾ ਚਾਰ ਸਤੰਬਰ ਨੂੰ ਬੰਗਾ ਰੋਡ ਤੇ ਹੋਇਆ ਸੀ । ਰਾਹੁਲ ਅਗਨੀਹੋਤਰੀ ਅਨੁਸਾਰ ਹਮਲਾਵਾਰਾਂ ਕੋਲ ਹਥਿਆਰ ਸਨ ਅਤੇ ਉਹ ਆਪਣੀ ਸਮਝਦਾਰੀ ਨਾਲ ਇਨ੍ਹਾਂ ਹਮਲਿਆਂ ਦਾ ਸ਼ਿਕਾਰ ਹੋਣ ਤੋਂ ਬਚ ਗਿਆ। ਰਾਹੁਲ ਨੇ ਜ਼ਿਲਾ ਪੁਲਸ ਕਪਤਾਨ ਅੱਗੇ ਬੇਨਤੀ ਕੀਤੀ ਹੈ ਕਿ ਇਨ੍ਹਾਂ ਬੰਦਿਆਂ ਦੀ ਸ਼ਨਾਖ਼ਤ ਕੀਤੀ ਜਾਵੇ ਅਤੇ ਬਣਦੀ ਕਾਰਵਾਈ ਕੀਤੀ ਜਾਵੇ।

Aarti dhillon

This news is Content Editor Aarti dhillon