ਜਲੰਧਰ : ਕਿਊਰੋ ਮਾਲ ਦੇ ਬਾਹਰ ਇਨੋਵਾ ਦਾ ਫਟਿਆ ਟਾਇਰ, 2 ਜ਼ਖਮੀ

08/10/2018 9:54:55 PM

ਜਲੰਧਰ,(ਵਰੁਣ)— 66 ਫੁੱਟੀ ਰੋਡ 'ਤੇ ਸਥਿਤ ਕਿਊਰੋ ਮਾਲ ਨੇੜੇ ਤੇਜ਼ ਰਫਤਾਰ ਇਨੋਵਾ ਕਾਰ ਦਾ ਟਾਇਰ ਫਟਣ ਕਾਰਨ ਬੇਕਾਬੂ ਹੋ ਕੇ ਸਵਿਫਟ ਕਾਰ ਨਾਲ ਟਕਰਾ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਸਵਿਫਟ ਕਾਰ ਪਲਟਦੇ-ਪਲਟਦੇ ਬਚ ਗਈ। ਸਵਿਫਟ ਕਾਰ 'ਚ ਸਵਾਰ 2 ਲੋਕ ਜ਼ਖਮੀ ਹੋ ਗਏ, ਜਦਕਿ ਇਨੋਵਾ ਦਾ ਏਅਰਬੈਗ ਖੁੱਲਣ ਕਾਰਨ ਚਾਲਕ ਦਾ ਬਚਾਅ ਹੋ ਗਿਆ ਅਤੇ ਉਹ ਮੌਕੇ ਤੋਂ ਫਰਾਰ ਹੋ ਗਿਆ। ਹੁਸ਼ਿਆਰਪੁਰ ਤੋਂ ਕਿਉਰੋ ਮਾਲ 'ਚ ਸ਼ਾਪਿੰਗ ਕਰਨ ਆਏ ਹਰਜੋਤ ਸਿੰਘ ਅਤੇ ਉਸ ਦੀ ਪਤਨੀ ਮਨਪ੍ਰੀਤ ਸਿੰਘ ਸ਼ਾਪਿੰਗ ਜਦੋਂ ਮਾਲ ਤੋਂ ਬਾਹਰ ਆਏ ਤਾਂ ਕੁੱਝ ਦੂਰੀ 'ਤੇ ਸਾਹਮਣੇ ਤੋਂ ਆ ਰਹੀ ਤੇਜ਼ ਰਫਤਾਰ ਇਨੋਵਾ ਨੇ ਹਰਜੋਤ ਦੀ ਸਵਿਫਟ ਨੂੰ ਟੱਕਰ ਮਾਰ ਦਿੱਤੀ। 
ਇਸ ਦੌਰਾਨ ਸਵਿਫਟ ਕਾਰ 'ਚ ਸਵਾਰ ਪਤੀ-ਪਤਨੀ ਜ਼ਖਮੀ ਹੋ ਗਏ। ਜ਼ਬਰਦਸਤ ਟੱਕਰ ਹੋਣ ਕਾਰਨ ਦੋਵੇਂ ਕਾਰਾਂ ਬੂਰੀ ਤਰ੍ਹਾਂ ਨਾਲ ਹਾਦਸਾਗ੍ਰਸਤ ਹੋ ਗਈਆਂ। ਹਾਦਸੇ ਦੌਰਾਨ ਉਥੇ ਮੌਜੂਦ ਰਾਹਗੀਰਾਂ ਨੇ ਤੁਰੰਤ ਹੀ ਸਵਿਫਟ 'ਚ ਸਵਾਰ ਹਰਜੋਤ ਤੇ ਉਸ ਦੀ ਪਤਨੀ ਮਨਪ੍ਰੀਤ ਨੂੰ ਕਾਰ 'ਚੋਂ ਬਾਹਰ ਕੱਢ ਕੇ  ਐੱਸ. ਜੀ. ਐੱਲ. ਹਸਪਤਾਲ ਦਾਖਲ ਕਰਵਾਇਆ, ਜਿਨ੍ਹਾਂ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। 
ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ-7 ਦੇ ਸਬ ਇੰਸਪੈਕਟਰ ਭੁਪਿੰਦਰ ਸਿੰਘ ਪੁਲਸ ਟੀਮ ਸਮੇਤ ਮੌਕੇ 'ਤੇ ਪਹੁੰਚੇ। ਪੁਲਸ ਨੇ ਇਨੋਵਾ ਕਾਰ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਇਨੋਵਾ ਦੇ ਨੰਬਰ ਜ਼ਰੀਏ ਉਸ ਦੇ ਮਾਲਕ ਦਾ ਪਤਾ ਲਗਵਾਇਆ ਜਾ ਰਿਹਾ ਹੈ। ਐੱਸ. ਆਈ. ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਜ਼ਖਮੀ ਪਤੀ-ਪਤਨੀ ਦੀ ਹਾਲਤ ਖਤਰੇ ਤੋਂ ਬਾਹਰ ਹੈ। ਹਾਦਸੇ ਦੌਰਾਨ ਇਨੋਵਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਪਰ ਜ਼ਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਜੇ ਤਕ ਪੀੜਤ ਪਤੀ-ਪਤਨੀ ਦੇ ਬਿਆਨ ਦਰਜ ਨਹੀਂ ਹੋ ਸਕੇ ਹਨ ਅਤੇ ਉਨ੍ਹਾਂ ਬਿਆਨਾਂ ਦੇ ਆਧਾਰ 'ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।