ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਹੁਦੇ ਦੇ ਦਾਅਵੇਦਾਰਾਂ ਦੀ 7 ਮੈਂਬਰੀ ਪਰਫਾਰਮੈਂਸ ਲਿਸਟ ਜਾਰੀ

11/18/2019 4:46:05 PM

ਜਲੰਧਰ (ਚੋਪੜਾ)— ਪੰਜਾਬ ਯੂਥ ਕਾਂਗਰਸ ਦੀਆਂ ਸੰਗਠਨਾਤਮਕ ਚੋਣਾਂ ਨੂੰ ਲੈ ਕੇ ਬੀਤੇ ਦਿਨ ਆਲ ਇੰਡੀਆ ਯੂਥ ਕਾਂਗਰਸ ਨੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਹੁਦੇ ਦੀ ਚੋਣ ਲਈ 7 ਮੈਂਬਰੀ ਪਰਫਾਰਮੈਂਸ ਲਿਸਟ ਜਾਰੀ ਕੀਤੀ। ਹੁਣ ਇਸ ਲਿਸਟ 'ਚ ਸ਼ਾਮਲ ਨੌਜਵਾਨ ਹੀ ਪ੍ਰਧਾਨ ਅਹੁਦੇ ਦੀ ਚੋਣ ਲੜ ਸਕਣਗੇ ਅਤੇ ਇਨ੍ਹਾਂ 'ਚ ਹੀ ਕੋਈ ਇਕ ਪੰਜਾਬ ਸੂਬਾ ਯੂਥ ਕਾਂਗਰਸ ਦੇ ਪ੍ਰਧਾਨ ਦੇ ਤੌਰ 'ਤੇ ਸੂਬੇ 'ਚ ਯੂਥ ਕਾਂਗਰਸ ਦੀ ਕਮਾਨ ਨੂੰ ਸੰਭਾਲੇਗਾ ਪਰ ਯੂਥ ਕਾਂਗਰਸ ਦੀ ਪ੍ਰਧਾਨਗੀ ਦੇ ਚਾਹਵਾਨ ਨੌਜਵਾਨਾਂ 'ਚ ਲਗਾਤਾਰ ਵਿਰੋਧ ਨੂੰ ਦੇਖਦਿਆਂ ਨਾਮਜ਼ਦਗੀ ਦਾਖਲ ਕਰਨ ਦੇ ਆਖਰੀ ਦਿਨ ਬਾਅਦ ਦੁਪਹਿਰ ਸੂਚੀ ਨੂੰ ਰਿਲੀਜ਼ ਕੀਤਾ ਤਾਂ ਕਿ ਲਿਸਟ 'ਚ ਸ਼ਾਮਲ ਨਾਮਾਂ ਨੂੰ ਲੈ ਕੇ ਪਾਰਟੀ 'ਚ ਕਿਸੇ ਵੀ ਪ੍ਰਕਾਰ ਦੀ ਵਿਰੋਧਤਾ ਤੋਂ ਬਚਿਆ ਜਾ ਸਕੇ।
ਇਸ ਸੂਚੀ 'ਚ ਸ਼ਾਮਲ ਦਾਅਵੇਦਾਰਾਂ 'ਚ ਬਰਿੰਦਰ ਢਿੱਲੋਂ (ਰੋਪੜ), ਦਮਨ ਬਾਜਵਾ (ਸੰਗਰੂਰ), ਧਨਵੰਤ ਸਿੰਘ ਜਿੰਮੀ (ਪਟਿਆਲਾ), ਇਕਬਾਲ ਸਿੰਘ ਗਰੇਵਾਲ (ਲੁਧਿਆਣਾ), ਜਸਵਿੰਦਰ ਜੱਸੀ (ਮੋਗਾ), ਪਰਵਿੰਦਰ ਲਾਪਰਾ (ਲੁਧਿਆਣਾ) ਅਤੇ ਵਨੇਸ਼ਵਰ ਖੇੜਾ (ਬੰਨੀ) ਦੇ ਨਾਮ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਹੁਦੇ ਦੀ ਚੋਣ ਲੜਨ ਨੂੰ 14 ਨੌਜਵਾਨਾਂ ਨੇ ਚੋਣ ਕਮੇਟੀ ਦੇ ਸਾਹਮਣੇ ਦਾਅਵੇਦਾਰੀ ਕੀਤੀ ਸੀ। ਇਨ੍ਹਾਂ ਨੌਜਵਾਨਾਂ ਦੀ ਬਕਾਇਦਾ ਇੰਟਰਵਿਊ ਲੈਣ ਦੇ ਬਾਅਦ ਲਿਸਟ ਨੂੰ ਸ਼ਾਰਟਲਿਸਟ ਕਰ ਕੇ ਹਾਈ ਕਮਾਂਡ ਨੂੰ ਭੇਜਿਆ ਗਿਆ ਸੀ, ਜਿਨ੍ਹਾਂ 'ਚੋਂ 7 ਨਾਵਾਂ 'ਤੇ ਹਾਈ ਕਮਾਂਡ ਨੇ ਅੱਜ ਆਪਣੀ ਮੋਹਰ ਲਾ ਦਿੱਤੀ ਹੈ। ਹੁਣ ਸੂਬਾ ਪ੍ਰਧਾਨ, ਸੂਬਾ ਜਨਰਲ ਸਕੱਤਰ ਅਤੇ ਜ਼ਿਲਾ ਪ੍ਰਧਾਨਗੀ ਦੇ ਲਈ ਵੋਟਿੰਗ ਪ੍ਰਕਿਰਿਆ 27 ਤੋਂ 30 ਨਵੰਬਰ ਤਕ ਹੋਵੇਗੀ।

ਪ੍ਰਫਾਰਮੈਂਸ ਲਿਸਟ 'ਚ ਪੈਰਾਸ਼ੂਟਰ ਨੌਜਵਾਨਾਂ ਦੇ ਨਾਂ ਸ਼ਾਮਲ ਕਰਨ ਨਾਲ ਸ਼ੁਰੂ ਹੋਇਆ ਵਿਰੋਧ
ਪੰਜਾਬ ਦੇ ਯੂਥ ਕਾਂਗਰਸ ਦੇ ਪ੍ਰਧਾਨ ਅਹੁਦੇ ਦੇ ਦਾਅਵੇਦਾਰ ਦੀ ਪ੍ਰਫਾਰਮੈਂਸ ਲਿਸਟ 'ਚ ਪੈਰਾਸ਼ੂਟ ਦੇ ਮਾਧਿਅਮ ਨਾਲ ਕੁਝ ਨੌਜਵਾਨਾਂ ਦੇ ਨਾਮ ਸ਼ਾਮਲ ਕੀਤੇ ਗਏ ਹਨ, ਜਿਸ ਨੂੰ ਲੈ ਕੇ ਆਉਣ ਵਾਲੇ ਦਿਨਾਂ 'ਚ ਪਾਰਟੀ 'ਚ ਵਿਰੋਧ ਬਣ ਸਕਦਾ ਹੈ। ਯੂਥ ਕਾਂਗਰਸ ਹਾਈ ਕਮਾਂਡ ਨੇ ਚੋਣ ਪ੍ਰਕਿਰਿਆ ਸ਼ੁਰੂ ਕਰਦੇ ਸਮੇਂ ਦਾਅਵਾ ਕੀਤਾ ਸੀ ਕਿ ਸਿਰਫ ਪਾਰਟੀ ਦੇ ਪ੍ਰਤੀ ਨਿਸ਼ਠਾ ਰੱਖਣ ਵਾਲੇ ਬੇਦਾਗ ਨੌਜਵਾਨਾਂ ਨੂੰ ਹੀ ਚੋਣ ਲੜਨ ਦੇ ਯੋਗ ਮੰਨਿਆ ਜਾਵੇਗਾ। ਚੋਣ ਲੜਨ ਦੇ ਇਛੁੱਕ ਨੌਜਵਾਨਾਂ ਦੀ ਦਾਅਵੇਦਾਰੀ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ, ਜਿਸ ਦੇ ਬਾਅਦ ਆਲ ਇੰਡੀਆ ਯੂਥ ਕਾਂਗਰਸ ਇਕ ਪ੍ਰਫਾਰਮੈਂਸ ਲਿਸਟ ਜਾਰੀ ਕਰੇਗੀ ਤਾਂ ਕਿ ਸੂਬਾ ਪ੍ਰਧਾਨ, ਜਨਰਲ ਸਕੱਤਰ ਜ਼ਿਲਾ ਪ੍ਰਧਾਨ ਪੱਧਰ ਦੀਆਂ ਚੋਣਾਂ 'ਚ ਕੇਵਲ ਉਨ੍ਹਾਂ ਹੀ ਨੌਜਵਾਨਾਂ ਨੂੰ ਮੌਕਾ ਮਿਲੇ, ਜਿਨ੍ਹਾਂ ਨੇ ਪਿਛਲੇ 4 ਸਾਲਾਂ 'ਚ ਯੂਥ ਕਾਂਗਰਸ ਲਈ ਡਟ ਕੇ ਕੰਮ ਕੀਤਾ ਹੈ। 

ਯੂਥ ਕਾਂਗਰਸ ਹਾਈ ਕਮਾਂਡ ਨੇ ਜ਼ਿਲਾ ਪ੍ਰਧਾਨ ਦੇ ਚੋਣਾਂ ਨੂੰ ਓਪਨ ਕਰਦਿਆਂ ਪ੍ਰਫਾਰਮੈਂਸ ਲਿਸਟ ਬਣਾਉਣ ਦੇ ਨਿਯਮ ਨੂੰ ਬਦਲ ਦਿੱਤਾ ਸੀ। ਦੋ ਦਿਨ ਪਹਿਲਾਂ ਸੂਬਾ ਜਨਰਲ ਸਕੱਤਰ ਅਹੁਦੇ ਲਈ 41 ਨਾਵਾਂ ਦੀ ਲਿਸਟ ਜਾਰੀ ਕੀਤੀ ਜਾ ਚੁੱਕੀ ਹੈ ਪਰ ਸੂਬਾ ਪ੍ਰਧਾਨ ਦੀ ਲਿਸਟ 'ਚ ਸ਼ਾਮਲ 7 'ਚੋਂ 1-2 ਨਾਂ ਅਜਿਹੇ ਵੀ ਹਨ, ਜਿਨ੍ਹਾਂ 'ਤੇ ਹੋਰ ਦਾਅਵੇਦਾਰਾਂ ਵੱਲੋਂ ਇਤਰਾਜ਼ ਵੀ ਜਤਾਏ ਜਾ ਰਹੇ ਹਨ ਕਿ ਅਜਿਹੇ ਨਾਂ ਨੂੰ ਕੇਵਲ ਪੈਰਾਸ਼ੂਟ ਦੇ ਮਾਧਿਅਮ ਨਾਲ ਸ਼ਾਮਲ ਕੀਤਾ ਗਿਆ ਹੈ। ਯੂਥ ਕਾਂਗਰਸ ਦੇ ਇਕ ਸੀਨੀਅਰ ਨੇਤਾ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਪ੍ਰਫਾਰਮੈਂਸ ਸੂਚੀਆਂ 'ਚ ਸ਼ਾਮਲ ਇਕ ਨੌਜਵਾਨ 'ਤੇ ਗੰਭੀਰ ਅਪਰਾਧਿਕ ਕੇਸ ਵੀ ਦਰਜ ਹੋ ਚੁੱਕਾ ਹੈ ਅਤੇ ਉਹ ਇਸ ਮਾਮਲੇ 'ਚ ਕੁਝ ਹਫਤੇ ਜੇਲ ਵੀ ਕੱਟ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਪੈਰਾਸ਼ੂਟ ਲੋਕਾਂ ਨੂੰ ਸ਼ਾਮਲ ਕਰ ਕੇ ਪ੍ਰਧਾਨਗੀ ਦੀ ਚੋਣ ਲੜਾਉਣੀ ਸੀ ਤਾਂ ਪਾਰਟੀ ਦੇ ਨੌਜਵਾਨਾਂ ਨੂੰ ਧੋਖੇ 'ਚ ਕਿਉਂ ਰੱਖਿਆ ਗਿਆ। ਉਕਤ ਨੌਜਵਾਨ ਨੇ ਦੱਸਿਆ ਕਿ ਉਹ ਇਸ ਸਬੰਧ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸਾਹਮਣੇ ਸਾਰੇ ਸਬੂਤ ਪੇਸ਼ ਕਰ ਕੇ ਮਾਮਲਾ ਉਨ੍ਹਾਂ ਦੇ ਧਿਆਨ 'ਚ ਲਿਆਉਣਗੇ।

ਪ੍ਰਫਾਰਮੈਂਸ ਲਿਸਟ 'ਚ ਸ਼ਾਮਲ ਨੌਜਵਾਨਾਂ ਨੇ ਭਰੀ ਨਾਮਜ਼ਦਗੀ
ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਹੁਦੇ ਲਈ ਪ੍ਰਫਾਰਮੈਂਸ ਲਿਸਟ ਦੇ ਜਾਰੀ ਹੁੰਦਿਆਂ ਹੀ ਸਾਰੇ ਦਾਅਵੇਦਾਰਾਂ ਨੇ ਆਪਣੀ ਨਾਮਜ਼ਦਗੀ ਭਰ ਦਿੱਤੀ। ਰਾਤ 12 ਵਜੇ ਤੱਕ ਨਾਮਜ਼ਦਗੀ ਦਾਖਲ ਕਰਨ ਦਾ ਅੰਤਿਮ ਸਮਾਂ ਸੀ ਅਤੇ ਨਾਮਜ਼ਦਗੀ ਕੇਵਲ ਆਨਲਾਈਨ ਹੀ ਭਰੀ ਜਾ ਸਕਦੀ ਸੀ, ਜਿਸ ਕਾਰਨ ਲਿਸਟ ਦੇ ਜਾਰੀ ਹੁੰਦਿਆਂ ਹੀ ਸਾਰੇ ਦਾਅਵੇਦਾਰਾਂ ਨੇ ਤੁਰੰਤ ਆਪਣੀ ਨਾਮਜ਼ਦਗੀ ਭਰ ਦਿੱਤੀ।


shivani attri

Content Editor

Related News