ਡੀ. ਸੀ. ਦਫ਼ਤਰ ਦੇ ਕਰਮਚਾਰੀਆਂ ਦੀ ਕਲਮਛੋੜ ਹੜਤਾਲ ਨਾਲ ਕੰਮਕਾਜ ਠੱਪ, ਜਨਤਾ ਪ੍ਰੇਸ਼ਾਨ

10/14/2022 4:50:40 PM

ਜਲੰਧਰ (ਚੋਪੜਾ)–ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਸੱਦੇ ’ਤੇ ਡੀ. ਸੀ. ਦਫ਼ਤਰ ਇੰਪਲਾਈਜ਼ ਯੂਨੀਅਨ ਦੀ ਕਲਮਛੋੜ ਹੜਤਾਲ 10 ਅਕਤੂਬਰ ਤੋਂ ਲਗਾਤਾਰ ਜਾਰੀ ਹੈ ਅਤੇ ਸੂਬੇ ਭਰ ਦੇ ਕਰਮਚਾਰੀਆਂ ਨੇ 15 ਅਕਤੂਬਰ ਤੱਕ ਹੜਤਾਲ ’ਤੇ ਰਹਿਣ ਦਾ ਐਲਾਨ ਕੀਤਾ ਹੋਇਆ ਹੈ। ਇਸ ਦੌਰਾਨ ਯੂਨੀਅਨ ਨੇ ਸਪੱਸ਼ਟ ਸ਼ਬਦਾਂ ਵਿਚ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਕਰਮਚਾਰੀਆਂ ਖ਼ਿਲਾਫ਼ ਲਏ ਗਲਤ ਫੈਸਲਿਆਂ ਨੂੰ ਵਾਪਸ ਨਹੀਂ ਲਿਆ ਜਾਂਦਾ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।

ਕਲਮਛੋੜ ਹੜਤਾਲ ਕਾਰਨ ਮਿੰਨੀ ਸਕੱਤਰੇਤ ਸਥਿਤ ਡੀ. ਸੀ., ਏ. ਡੀ. ਸੀ., ਐੱਸ. ਡੀ. ਐੱਮ., ਤਹਿਸੀਲਦਾਰ ਸਮੇਤ ਹੋਰ ਸਰਕਾਰੀ ਦਫਤਰਾਂ ਵਿਚ ਤਾਇਨਾਤ ਸਟਾਫ ਦੀ ਗੈਰ-ਹਾਜ਼ਰੀ ਨਾਲ ਵਿਭਾਗੀ ਕੰਮਕਾਜ ਪੂਰੀ ਤਰ੍ਹਾਂ ਪ੍ਰਭਾਵਿਤ ਰਿਹਾ, ਜਿਸ ਕਾਰਨ ਡਰਾਈਵਿੰਗ ਲਾਇਸੈਂਸ ਬਣਵਾਉਣ ਸਬੰਧੀ ਵੱਡੀ ਗਿਣਤੀ ਵਿਚ ਆਨਲਾਈਨ ਐਪੁਆਇੰਟਮੈਂਟ ਲੈਣ ਵਾਲੇ ਬਿਨੈਕਾਰ ਵਾਪਸ ਮੁੜਨ ’ਤੇ ਮਜਬੂਰ ਹੁੰਦੇ ਰਹੇ। ਵੀਰਵਾਰ ਡੀ. ਸੀ. ਦਫ਼ਤਰ ਵਿਚ ਆਪਣੇ ਕੰਮਾਂ ਸਬੰਧੀ ਆਏ ਬਜ਼ੁਰਗ ਰਾਜਿੰਦਰ ਮੁਖੀਜਾ, ਰੋਹਿਤ ਸ਼ਰਮਾ, ਰਾਜਿੰਦਰ ਕੌਰ ਅਤੇ ਹੋਰਨਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੂੰ ਹੜਤਾਲ ਕਾਰਨ ਆਮ ਜਨਤਾ ਨੂੰ ਹੋਣ ਵਾਲੀਆਂ ਪ੍ਰੇਸ਼ਾਨੀਆਂ ਅਤੇ ਉਨ੍ਹਾਂ ਦੇ ਦਰਦ ਨੂੰ ਸਮਝਣਾ ਚਾਹੀਦਾ ਹੈ। ਕਰਮਚਾਰੀ ਆਪਣੀਆਂ ਪੈਂਡਿੰਗ ਮੰਗਾਂ ਸਬੰਧੀ ਲੰਮੇ ਸਮੇਂ ਤੋਂ ਹੜਤਾਲ ਕਰਦੇ ਆ ਰਹੇ ਹਨ। ਸਰਕਾਰ ਅਤੇ ਕਰਮਚਾਰੀਆਂ ਨੂੰ ਆਮ ਜਨਤਾ ਦੇ ਦਰਦ ਨੂੰ ਵੀ ਸਮਝਣਾ ਚਾਹੀਦਾ ਹੈ। ਹਰ ਮਾਮਲੇ ’ਤੇ ਹੜਤਾਲ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ। ਉਨ੍ਹਾਂ ਮੁੱਖ ਮੰਤਰੀ ਤੋਂ ਤੁਰੰਤ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਦਿਆਂ ਹੜਤਾਲ ਨੂੰ ਖਤਮ ਕਰਵਾਉਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ: ਜਲੰਧਰ: ਪੁੱਤ ਦੇ ਹੈਰਾਨੀਜਨਕ ਕਾਰੇ ਨੇ ਚੱਕਰਾਂ 'ਚ ਪਾਇਆ ਪਰਿਵਾਰ, ਪਿਓ ਬੈਂਕ ਖ਼ਾਤੇ 'ਚੋਂ ਉਡਾਏ ਹਜ਼ਾਰਾਂ ਰੁਪਏ

ਉਥੇ ਹੀ, ਡੀ. ਸੀ. ਆਫਿਸ ਇੰਪਲਾਈਜ਼ ਯੂਨੀਅਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਕਰਮਚਾਰੀ ਵਿਰੋਧੀ ਨੀਤੀਆਂ ਅਤੇ ਝੂਠੇ ਵਾਅਦਿਆਂ ਤੋਂ ਪ੍ਰੇਸ਼ਾਨ ਹੋ ਕੇ ਹੀ ਉਨ੍ਹਾਂ ਨੂੰ ਹੜਤਾਲ ’ਤੇ ਜਾਣ ਦਾ ਫੈਸਲਾ ਲੈਣਾ ਪਿਆ। ਸਰਕਾਰ ਕਰਮਚਾਰੀਆਂ ਨੂੰ ਮਾਨਸਿਕ ਅਤੇ ਆਰਥਿਕ ਰੂਪ ਵਿਚ ਤੰਗ ਕਰਨ ’ਤੇ ਤੁਲੀ ਹੋਈ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੂਤਰਾਂ ਦੀ ਮੰਨੀਏ ਤਾਂ ਜੇਕਰ ਸਰਕਾਰ ਨੇ ਕੋਈ ਠੋਸ ਫੈਸਲਾ ਨਾ ਲਿਆ ਤਾਂ ਸਰਕਾਰੀ ਕਰਮਚਾਰੀ ਕਲਮਛੋੜ ਹੜਤਾਲ ਨੂੰ 15 ਅਕਤੂਬਰ ਤੋਂ ਅੱਗੇ ਵੀ ਵਧਾ ਸਕਦੇ ਹਨ।

ਆਨਲਾਈਨ ਐਪੁਆਇੰਟਮੈਂਟ ਸਾਫਟਵੇਅਰ ਦਾ ਸਰਵਰ ਰਿਹਾ ਡਾਊਨ, ਰਜਿਸਟਰੀ ਕਰਵਾਉਣ ਆਏ ਲੋਕ ਫਿਰ ਹੋਏ ਪ੍ਰੇਸ਼ਾਨ
ਡੀ. ਸੀ. ਆਫਿਸ ਇੰਪਲਾਈਜ਼ ਯੂਨੀਅਨ ਵੱਲੋਂ 10 ਅਕਤੂਬਰ ਨੂੰ ਸ਼ੁਰੂ ਕੀਤੀ ਗਈ ਕਲਮਛੋਡ਼ ਹੜਤਾਲ ਕਾਰਨ ਸਬ-ਰਜਿਸਟਰਾਰ ਦਫ਼ਤਰਾਂ ਦੇ ਰਜਿਸਟਰੀ ਕਲਰਕਾਂ ਨੇ ਵੀ ਕੰਮ ਕਰਨ ਤੋਂ ਨਾਂਹ ਕਰ ਦਿੱਤੀ। ਉਥੇ ਹੀ, ਸਬ-ਰਜਿਸਟਰਾਰ-1 ਕੁਲਵੰਤ ਸਿੰਘ ਸਿੱਧੂ ਅਤੇ ਸਬ-ਰਜਿਸਟਰਾਰ-2 ਪ੍ਰਦੀਪ ਕੁਮਾਰ ਨੇ ਵੀ ਰਜਿਸਟਰੀਆਂ ਦਾ ਕੰਮ ਬੰਦ ਰੱਖਿਆ। ਹਾਲਾਂਕਿ ਇਸ ਹੜਤਾਲ ਵਿਚ ਸੂਬੇ ਭਰ ਦੇ 48 ਦੇ ਲਗਭਗ ਵਿਭਾਗਾਂ ਦੇ ਕਰਮਚਾਰੀ ਸ਼ਾਮਲ ਹਨ ਪਰ ਜਲੰਧਰ ਤੋਂ ਇਲਾਵਾ ਪੰਜਾਬ ਦੇ ਬਾਕੀ ਜ਼ਿਲਿਆਂ ਵਿਚ ਰਜਿਸਟਰੀਆਂ ਦਾ ਕੰਮ ਜਾਰੀ ਰਹਿਣ ਕਾਰਨ ਸਬ-ਰਜਿਸਟਰਾਰ ਨੇ ਵੀ 12 ਅਕਤੂਬਰ ਨੂੰ ਰਜਿਸਟਰੀਆਂ ਅਤੇ ਹੋਰ ਪ੍ਰਾਪਰਟੀ ਸਬੰਧੀ ਦਸਤਾਵੇਜ਼ਾਂ ਨੂੰ ਮਨਜ਼ੂਰੀ ਦੇਣ ਦਾ ਕੰਮ ਸ਼ੁਰੂ ਕਰ ਲਿਆ। ਪਰ ਵੀਰਵਾਰ ਆਨਲਾਈਨ ਐਪੁਆਇੰਟਮੈਂਟ ਲੈਣ ਸਬੰਧੀ ਵਿਭਾਗ ਦੇ ਸਾਫਟਵੇਅਰ ਦਾ ਸਰਵਰ ਡਾਊਨ ਰਿਹਾ, ਜਿਸ ਕਾਰਨ ਰਜਿਸਟਰੀਆਂ ਕਰਵਾਉਣ ਸਬੰਧੀ ਬਿਨੈਕਾਰ ਇਕ ਵਾਰ ਫਿਰ ਕਾਫੀ ਪ੍ਰੇਸ਼ਾਨ ਰਹੇ। ਦੁਪਹਿਰ ਢਾਈ ਵਜੇ ਤੱਕ ਸਬ-ਰਜਿਸਟਰਾਰ-1 ਵਿਚ ਸਿਰਫ਼ 28 ਲੋਕਾਂ ਨੂੰ ਆਨਲਾਈਨ ਐਪੁਆਇੰਟਮੈਂਟ ਮਿਲ ਸਕੀ ਸੀ, ਜਦੋਂ ਕਿ ਸਬ-ਰਜਿਸਟਰਾਰ-2 ਦਫ਼ਤਰ ਵਿਚ ਇਹ ਗਿਣਤੀ ਸਿਰਫ 19 ਤੱਕ ਸੀਮਤ ਰਹੀ। ਰਜਿਸਟਰੀ ਕਰਵਾਉਣ ਸਬੰਧੀ ਲੋਕ ਅਰਜ਼ੀਨਵੀਸਾਂ ਅਤੇ ਪ੍ਰਾਈਵੇਟ ਏਜੰਟਾਂ ਤੋਂ ਐਪੁਆਇੰਟਮੈਂਟ ਲੈਣ ਲਈ ਲਗਾਤਾਰ ਕੋਸ਼ਿਸ਼ ਕਰਦੇ ਰਹੇ ਪਰ ਸਾਫ਼ਟਵੇਅਰ ਬੰਦ ਰਹਿਣ ਕਾਰਨ ਉਨ੍ਹਾਂ ਦੀਆਂ ਕੋਸ਼ਿਸ਼ਾਂ ਅਸਫ਼ਲ ਸਾਬਿਤ ਹੋਈਆਂ।

ਇਹ ਵੀ ਪੜ੍ਹੋ: ਜਲੰਧਰ ਦੇ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ 'ਚ ਹੰਗਾਮਾ, ਔਰਤ ਨੇ ਜੜ੍ਹਿਆ ਨਰਸ ਦੇ ਥੱਪੜ

ਕੁਲਦੀਪ ਸਿੱਧੂ ਅਤੇ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਸਾਫਟਵੇਅਰ ਦੇ ਬੰਦ ਰਹਿਣ ਦੀ ਸਮੱਸਿਆ ਸੂਬੇ ਭਰ ਵਿਚ ਆ ਰਹੀ ਹੈ। ਜਿਹੜੇ ਲੋਕਾਂ ਨੂੰ ਐਪੁਆਇੰਟਮੈਂਟ ਮਿਲੀ ਵੀ ਹੈ, ਉਨ੍ਹਾਂ ਨੇ ਜਾਂ ਤਾਂ ਬੀਤੇ ਦਿਨੀਂ ਜਾਂ ਸਵੇਰੇ ਜਲਦੀ ਐਪੁਆਇੰਟਮੈਂਟ ਲੈ ਲਈ ਸੀ। ਸਵੇਰੇ 10.15 ਤੋਂ ਲੈ ਕੇ 2.30 ਵਜੇ ਤੱਕ ਸਾਫ਼ਟਵੇਅਰ ਚਾਲੂ ਨਹੀਂ ਹੋ ਸਕਿਆ। ਐਪੁਆਇੰਟਮੈਂਟ ਲੈਣ ਦਾ ਸਮਾਂ ਸ਼ਾਮ 4 ਵਜੇ ਤੱਕ ਹੁੰਦਾ ਹੈ। ਜੇਕਰ ਸਾਫ਼ਟਵੇਅਰ ਇਸ ਸਮੇਂ ਤੋਂ ਪਹਿਲਾਂ ਠੀਕ ਹੋ ਗਿਆ ਤਾਂ ਸ਼ਾਇਦ ਲੋਕਾਂ ਨੂੰ ਰਾਹਤ ਮਿਲ ਸਕੇਗੀ।

ਇਹ ਵੀ ਪੜ੍ਹੋ: ਜਲੰਧਰ 'ਚ ਕੁੜੀਆਂ ਦੀ 'ਖ਼ਤਰਨਾਕ ਸੈਲਫ਼ੀ', ਵਾਪਰਿਆ ਅਜਿਹਾ ਹਾਦਸਾ ਕਿ ਖ਼ਤਰੇ 'ਚ ਪਈ ਬਜ਼ੁਰਗ ਦੀ ਜਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri