ਪ੍ਰੀਖਿਆ ਦੇਣ ਆਏ ਵਿਦਿਆਰਥੀਆਂ ਦੀ ਸਹੂਲਤ ਲਈ ਪੰਜਾਬ ਰੋਡਵੇਜ਼ ਨੇ ਚਲਾਈਆਂ 133 ਬੱਸਾਂ

09/14/2020 2:30:37 PM

ਜਲੰਧਰ (ਪੁਨੀਤ) - ਨੀਟ ਦੀ ਪ੍ਰੀਖਿਆ ਦੇਣ ਲਈ ਆਉਣ ਵਾਲੇ ਵਿਦਿਆਰਥੀਆਂ ਦੀ ਸਹੂਲਤ ਲਈ ਪੰਜਾਬ ਰੋਡਵੇਜ਼ ਵੱਲੋਂ 133 ਬੱਸਾਂ ਚਲਾਈਆਂ ਗਈਆਂ, ਜਿਨ੍ਹਾਂ ’ਚ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਸਮੇਤ ਰੁਟੀਨ ਦੇ ਯਾਤਰੀਆਂ ਨੇ ਵੀ ਸਫਰ ਕੀਤਾ। ਇਨ੍ਹਾਂ ਬੱਸਾਂ ’ਚ ਸਫਰ ਕਰਨ ਵਾਲੇ 1500 ਤੋਂ ਜ਼ਿਆਦਾ ਯਾਤਰੀਆਂ ਕੋਲੋਂ ਵਿਭਾਗ ਨੂੰ 1.55 ਲੱਖ ਰੁਪਏ ਦੀ ਕੁਲੈਕਸ਼ਨ ਹੋਈ। ਉੱਥੇ ਹੀ ਪ੍ਰਾਈਵੇਟ ਟਰਾਂਸਪੋਰਟਰਾਂ ਦੀਆਂ ਅੱਜ 31 ਅਤੇ ਪੀ. ਆਰ. ਟੀ. ਸੀ. ਦੀਆਂ 15 ਬੱਸਾਂ ਨੂੰ ਰਵਾਨਾ ਕੀਤਾ ਗਿਆ। ਜਲੰਧਰ ਬੱਸ ਅੱਡੇ ਵਿਚੋਂ ਕੁੱਲ 179 ਬੱਸਾਂ ਰਵਾਨਾ ਹੋਈਆਂ, ਜਿਨ੍ਹਾਂ ’ਚ ਸਭ ਤੋਂ ਜ਼ਿਆਦਾ 104 ਯਾਤਰੀ ਬਟਾਲਾ ਲਈ ਰਵਾਨਾ ਹੋਏ।

ਅਧਿਕਾਰੀਆਂ ਨੇ ਕਿਹਾ ਕਿ ਅੱਜ ਬੱਸ ਸਰਵਿਸ ਵਿਦਿਆਰਥੀਆਂ ਦੀ ਦੂਜੇ ਸ਼ਹਿਰਾਂ ’ਚ ਜਾਣ ਦੀ ਡਿਮਾਂਡ ’ਤੇ ਨਿਰਭਰ ਰਹੀ। ਉਨ੍ਹਾਂ ਕਿਹਾ ਕਿ ਰੁਟੀਨ ’ਚ ਜੋ ਬੱਸਾਂ 20 ਤੋਂ ਘੱਟ ਯਾਤਰੀ ਲੈ ਕੇ ਰਵਾਨਾ ਨਹੀਂ ਹੁੰਦੀਆਂ, ਉਹ ਅੱਜ ਘੱਟ ਯਾਤਰੀ ਲੈ ਕੇ ਵੀ ਰਵਾਨਾ ਹੋਈਆਂ, ਤਾਂ ਕਿ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ।

ਅਧਿਕਾਰੀਆਂ ਨੇ ਦੱਸਿਆ ਕਿ ਸ਼ਾਮ ਨੂੰ ਬਣੀ ਸਮਰੀ ਦੇ ਹਿਸਾਬ ਨਾਲ ਹੁਸ਼ਿਆਰਪੁਰ ਦੀਆਂ 5 ਬੱਸਾਂ ’ਚ 85, ਮੋਹਾਲੀ ਦੀਆਂ 9 ਬੱਸਾਂ ’ਚ 44 ਅਤੇ ਪਠਾਨਕੋਟ ਦੀਆਂ 8 ਬੱਸਾਂ ’ਚ 67 ਯਾਤਰੀਆਂ ਨੇ ਸਫਰ ਕੀਤਾ। ਉਥੇ ਹੀ, ਫਿਰੋਜ਼ਪੁਰ, ਜਗਰਾਓਂ ਸਮੇਤ 1-2 ਹੋਰ ਰੂਟਾਂ ’ਤੇ ਯਾਤਰੀ ਨਾ ਹੋਣ ਕਾਰਣ ਬੱਸਾਂ ਨਹੀਂ ਚਲਾਈਆਂ ਗਈਆਂ।

ਐਤਵਾਰ ਨੂੰ ਕਰਫਿਊ ਨਾ ਲੱਗਣ ਕਾਰਣ ਅੱਜ ਬੱਸ ਅੱਡੇ ’ਚ ਯਾਤਰੀਆਂ ਦੀ ਗਿਣਤੀ ਪਿਛਲੇ ਕਈ ਐਤਵਾਰਾਂ ਦੇ ਮੁਕਾਬਲੇ ਜ਼ਿਆਦਾ ਰਹੀ। ਅਧਿਕਾਰੀਆਂ ਵੱਲੋਂ ਯਾਤਰੀਆਂ ਦੀ ਸਹੂਲਤ ਲਈ ਬੱਸਾਂ ਚਲਾਏ ਜਾਣ ਦੇ ਘਟਨਾਕ੍ਰਮ ’ਤੇ ਪੂਰੀ ਨਜ਼ਰ ਰੱਖੀ ਜਾ ਰਹੀ ਸੀ। ਅਧਿਕਾਰੀਆਂ ਨੇ ਇਸ ਸਬੰਧੀ ਬੱਸ ਅੱਡੇ ਤੋਂ ਇਲਾਵਾ ਹੋਰ ਡਿਪੂਅਾਂ ’ਚ ਵੀ ਬੱਸਾਂ ਨੂੰ ਸਟੈਂਡ-ਬਾਏ ਰੱਖਿਆ ਸੀ ਤਾਂਕਿ ਯਾਤਰੀਆਂ ਦੀ ਗਿਣਤੀ ਵਧਦਿਆਂ ਹੀ ਦੂਜੀਆਂ ਬੱਸਾਂ ਨੂੰ ਰਵਾਨਾ ਕੀਤਾ ਜਾ ਸਕੇ।

ਲੋਕਾਂ ਨੂੰ ਕੋਵਿਡ ਬਾਰੇ ਜਾਗਰੂਕ ਕਰਨ ਪ੍ਰਤੀ ਵੀ ਅਧਿਕਾਰੀ ਚੌਕਸ ਨਜ਼ਰ ਆਏ। ਇਸ ਸਬੰਧ ’ਚ ਲਗਾਤਾਰ ਅਨਾਊਂਸਮੈਂਟ ਕਰਵਾ ਕੇ ਮਾਸਕ ਪਹਿਨਣ ਅਤੇ ਜ਼ਰੂਰੀ ਸਮਾਜਿਕ ਦੂਰੀ ਬਣਾਈ ਰੱਖਣ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰਿਆਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ।

ਅਧਿਕਾਰੀਆਂ ਨੇ ਕਿਹਾ ਕਿ ਅੱਜ ਛੁੱਟੀ ਦੇ ਬਾਵਜੂਦ ਡਿਊਟੀ ’ਤੇ ਆਏ ਕਰਮਚਾਰੀ 5 ਵਜੇ ਤੱਕ ਬੱਸ ਅੱਡੇ ’ਚ ਤਾਇਨਾਤ ਰਹੇ। ਸਰਕਾਰ ਵੱਲੋਂ ਮਿਲੇ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਵਾਉਣ ਲਈ ਸਖਤੀ ਅਪਨਾਈ ਜਾ ਰਹੀ ਹੈ ਪਰ ਕਈ ਯਾਤਰੀ ਮਨਮਰਜ਼ੀ ਕਰਨ ਤੋਂ ਬਾਜ਼ ਨਹੀਂ ਆਉਂਦੇ।
 


Harinder Kaur

Content Editor

Related News