DGP ਯਾਦਵ ਦੇ ਹੁਕਮਾਂ ਮਗਰੋਂ ਐਕਸ਼ਨ 'ਚ ਪੰਜਾਬ ਪੁਲਸ,  ਸ਼ਿਕਾਇਤਾਂ ਦਾ ਹੋ ਰਿਹੈ ਫੌਰੀ ਨਿਪਟਾਰਾ

12/06/2022 1:44:26 PM

ਜਲੰਧਰ (ਧਵਨ) : ਪੰਜਾਬ ਪੁਲਸ ਹੈਲਪਲਾਈਨ ਨੰ. 112 ’ਤੇ ਮਿਲੀਆਂ ਸ਼ਿਕਾਇਤਾਂ ਦਾ ਰੋਜ਼ਾਨਾ ਨਿਪਟਾਰਾ ਕਰ ਕੇ ਆਪਣੀ ਡਿਊਟੀ ਨਿਭਾਉਣ ’ਚ ਲੱਗੀ ਹੋਈ ਹੈ। ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਜੁਲਾਈ ਮਹੀਨੇ ’ਚ ਅਹੁਦਾ ਸੰਭਾਲਣ ਤੋਂ ਬਾਅਦ ਸਾਰੇ ਪੁਲਸ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਸਨ ਕਿ ਹੈਲਪਲਾਈਨ ਨੰਬਰ 112 ਨੂੰ ਪੂਰੀ ਤਰ੍ਹਾਂ ਐਕਟੀਵੇਟ ਕੀਤਾ ਜਾਵੇ ਅਤੇ ਉੱਥੇ ਮਿਲਣ ਵਾਲੀਆਂ ਸ਼ਿਕਾਇਤਾਂ ਦਾ ਨਾਲੋ-ਨਾਲ ਨਿਪਟਾਰਾ ਹੋਣਾ ਚਾਹੀਦਾ ਹੈ। ਡੀ. ਜੀ. ਪੀ. ਦੀਆਂ ਸਖ਼ਤ ਹਦਾਇਤਾਂ ਨੂੰ ਧਿਆਨ ਵਿਚ ਰੱਖਦਿਆਂ ਸਾਰੇ ਜ਼ਿਲ੍ਹਿਆਂ ਵਿਚ ਹੈਲਪਲਾਈਨ ਨੰਬਰ 112 ’ਤੇ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਨੂੰ ਕਾਰਵਾਈ ਲਈ ਭੇਜਿਆ ਜਾਂਦਾ ਹੈ ਅਤੇ ਤੁਰੰਤ ਅਮਲ ਹੁੰਦਾ ਹੈ। ਡੀ. ਜੀ. ਪੀ. ਗੌਰਵ ਯਾਦਵ ਮੁਤਾਬਕ ਇਸ ਹੈਲਪਲਾਈਨ ਨੂੰ ਬਣਾਉਣ ਦਾ ਮਕਸਦ ਲੋਕਾਂ ਨੂੰ ਰਾਹਤ ਦੇਣਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਲੋਕ ਥਾਣਿਆਂ ਵਿਚ ਜਾਣ ਤੋਂ ਅਸਮਰਥ ਹੁੰਦੇ ਹਨ। ਅਜਿਹੀ ਸਥਿਤੀ ’ਚ ਇਹ ਲੋਕ ਹੈਲਪਲਾਈਨ ਨੰਬਰ 112 ’ਤੇ ਆਪਣੀ ਸ਼ਿਕਾਇਤ ਭੇਜਦੇ ਹਨ।

ਇਹ ਵੀ ਪੜ੍ਹੋ- ਸ੍ਰੀ ਅਨੰਦਪੁਰ ਸਾਹਿਬ ਦੇ ਰੇਲਵੇ ਸਟੇਸ਼ਨ ਨੂੰ ਲੈ ਕੇ ਮੰਤਰੀ ਹਰਜੋਤ ਬੈਂਸ ਨੇ ਕੇਂਦਰੀ ਰੇਲ ਮੰਤਰੀ ਨੂੰ ਲਿਖਿਆ ਪੱਤਰ

ਡੀ. ਜੀ. ਪੀ. ਨੇ ਕਿਹਾ ਕਿ ਉਹ ਖ਼ੁਦ ਵੀ ਇਸ ਹੈਲਪਲਾਈਨ ’ਤੇ ਮਿਲਣ ਵਾਲੀਆਂ ਸ਼ਿਕਾਇਤਾਂ ਅਤੇ ਉਨ੍ਹਾਂ ਦੇ ਨਿਪਟਾਰੇ ’ਤੇ ਨਜ਼ਰ ਰੱਖਦੇ ਹਨ। ਅੱਜ ਵੀ ਹੁਸ਼ਿਆਰਪੁਰ ਦੇ ਇਕ ਵਿਅਕਤੀ ਨੇ ਹੈਲਪਲਾਈਨ 112 ’ਤੇ ਸੰਪਰਕ ਕਰ ਕੇ ਦੱਸਿਆ ਕਿ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਡਰਾਈਵਰ ਜ਼ਖ਼ਮੀ ਹੋ ਗਿਆ। ਫਿਰ ਮੌਕੇ ’ਤੇ ਐਂਬੂਲੈਂਸ ਬੁਲਾਈ ਗਈ। ਪੁਲਸ ਪਾਰਟੀ ਨੇ ਵੀ ਮੌਕੇ ’ਤੇ ਪਹੁੰਚ ਕੇ ਜ਼ਖਮੀ ਨੂੰ ਹਸਪਤਾਲ ਦਾਖਲ ਕਰਵਾਇਆ ਅਤੇ ਫਿਰ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ। ਡੀ. ਜੀ. ਪੀ. ਨੇ ਹੈਲਪਲਾਈਨ ਚਲਾਉਣ ਵਾਲੇ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਤਹਿਤ ਪੰਜਾਬ ਨੂੰ ਅਪਰਾਧ ਤੇ ਨਸ਼ਿਆਂ ਤੋਂ ਮੁਕਤ ਕਰਨ ਦੇ ਨਾਲ-ਨਾਲ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਵੀ ਘਰ ਬੈਠੇ ਹੀ ਕੀਤਾ ਜਾ ਰਿਹਾ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

Simran Bhutto

This news is Content Editor Simran Bhutto