ਬਜਟ ''ਚ ਆਈ. ਸੀ. ਯੂ. ਸੈਂਟਰ ਖੋਲ੍ਹਣ ਦਾ ਐਲਾਨ, ਜ਼ਿਲੇ ''ਚ ਪਹਿਲਾ ਹੀ ਬੰਦ ਪਏ 3 ਸੈਂਟਰ

03/02/2020 12:59:19 PM

ਕਪੂਰਥਲਾ (ਮਹਾਜਨ)— 'ਪੱਲੇ ਨਹੀਂ ਧੇਲਾ ਕਰਦੀ ਮੇਲਾ-ਮੇਲਾ' ਯਾਨੀ ਕਿ ਤਨਖਾਹਾਂ ਦੇਣ ਨੂੰ ਪੈਸੇ ਨਹੀਂ, ਬਜਟ 2020 'ਚ ਐਲਾਨ ਕਰ ਰਹੇ ਹਨ ਵੱਡੇ-ਵੱਡੇ। ਇਹ ਗੱਲ ਸਾਬਤ ਹੋ ਰਹੀ ਹੈ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ 'ਤੇ। ਪੰਜਾਬ ਦੇ ਵਿੱਤ ਮੰਤਰੀ ਪੰਜਾਬ ਦੇ ਸਿਵਲ ਹਸਪਤਾਲ 'ਚ ਬਿਹਤਰ ਸਿਹਤ ਸਹੂਲਤਾਂ ਲਈ ਆਈ. ਸੀ. ਯੂ. ਖੋਲ੍ਹਣ ਬਾਰੇ ਬਜਟ 'ਚ ਰੱਖ ਰਹੇ ਹਨ, ਜਦਕਿ ਜ਼ਿਲਾ ਕਪੂਰਥਲਾ ਦੇ ਜ਼ਿਲਾ ਹਸਪਤਾਲ ਕਪੂਰਥਲਾ, ਫਗਵਾੜਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਏ ਗਏ ਆਈ. ਸੀ. ਯੂ. ਅੱਜ ਬੰਦ ਹੀ ਪਏ ਹਨ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਜ਼ਿਲਾ ਕਪੂਰਥਲਾ ਦੇ ਸਿਵਲ ਹਸਪਤਾਲ ਕਪੂਰਥਲਾ, ਫਗਵਾੜਾ ਤੇ ਸੁਲਤਾਨਪੁਰ ਲੋਧੀ ਵਿਖੇ ਸਿਵਲ ਹਸਪਤਾਲਾਂ 'ਚ ਆਈ. ਸੀ. ਯੂ. ਸੈਂਟਰ ਬਣਾਏ ਗਏ ਸਨ। ਇਨ੍ਹਾਂ ਆਈ. ਸੀ. ਯੂ., ਸੈਂਟਰਾਂ ਦਾ ਉਦਘਾਟਨ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੀਤਾ ਸੀ। ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੌਰਾਨ ਕੁਝ ਸਮੇਂ ਲਈ ਸਿਵਲ ਹਸਪਤਾਲ 'ਚ ਆਈ. ਸੀ. ਯੂ. ਚਲਾਇਆ ਸੀ ਤੇ ਬਾਅਦ 'ਚ ਇਹ ਆਈ. ਸੀ. ਯੂ. ਬੰਦ ਹੋ ਗਿਆ ਤੇ ਕਪੂਰਥਲਾ ਤੇ ਫਗਵਾੜਾ ਵਿਖੇ ਆਈ. ਸੀ. ਯੂ. ਕੇਵਲ ਬਿਲਡਿੰਗ ਤੇ ਮਸ਼ੀਨਰੀ ਨਹੀਂ ਕੋਰੜਾਂ ਰੁਪਏ ਦੀ ਲਾਗਤ ਨਾਲ ਖੜ੍ਹੀ ਹੈ ਤੇ ਧੂਲ ਮਿੱਟੀ ਪੈ ਰਹੀ ਹੈ।

ਜ਼ਿਲੇ 'ਚ ਸਿਹਤ ਸਹੂਲਤਾਂ ਦੇਣ ਦੇ ਲਈ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਦਾਵੇ ਖੋਖਲੇ ਸਾਬਤ ਹੋ ਰਹੇ ਹਨ। ਕੋਰੜਾਂ ਰੁਪਏ ਦੀ ਲਾਗਤ ਦੇ ਨਾਲ ਜ਼ਿਲੇ 'ਚ ਬਣਾਏ ਗਏ 3 ਆਈ. ਸੀ. ਯੂ. ਵਿਭਾਗ ਦੀ ਲਾਪਰਵਾਹੀ ਨਾਲ ਨੁਕਸਾਨ ਹੋ ਰਿਹਾ ਹੈ। ਲੋਕਾਂ ਦਾ ਪੈਸਾ ਬੇਕਾਰ ਸਾਬਤ ਹੋ ਰਿਹਾ ਹੈ। .

ਆਈ. ਸੀ. ਯੂ. ਬਣਿਆ ਸਟਾਫ ਨਰਸਾਂ ਦਾ ਦਫਤਰ
ਸਿਹਤ ਵਿਭਾਗ ਕਪੂਰਥਲਾ ਦਾ ਆਈ. ਸੀ. ਯੂ. ਚਲਾਉਣ ਲਈ ਨਾਕਾਮ ਸਾਬਤ ਹੋਣ ਤੋਂ ਬਾਅਦ ਸਿਵਲ ਸਰਜਨ ਦਫਤਰ ਨੇ ਆਈ. ਸੀ. ਯੂ. ਵਿਖੇ ਸਟਾਫ ਨਰਸਾਂ ਦਾ ਦਫਤਰ ਖੋਲ੍ਹ ਦਿੱਤਾ ਹੈ ਅਤੇ ਮੀਡੀਆ ਅਤੇ ਹੋਰ ਲੋਕ ਆਈ. ਸੀ. ਯੂ. ਸਬੰਧੀ ਰੌਲਾ ਨਾ ਪਾਉਣ। ਆਈ. ਸੀ. ਯੂ. ਦਾ ਸਟਾਫ ਕੀ ਪੂਰਾ ਕਰਨਾ ਐਮਰਜੈਂਸੀ ਚਲਾਉਣ ਦੇ ਲਈ ਵੀ ਹੈ ਡਾਕਟਰਾਂ ਦੀ ਘਾਟ।

ਐੱਮ. ਬੀ. ਬੀ. ਐੱਸ. ਡਾਕਟਰ ਦੀ ਘਾਟ
ਸਿਵਲ ਹਸਪਤਾਲ ਕਪੂਰਥਲਾ ਦੇ ਐਮਰਜੈਂਸੀ ਸੇਵਾਵਾਂ 'ਚ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਵਲ ਹਸਪਤਾਲ ਕਪੂਰਥਲਾ ਦੇ ਐਮਰਜੈਂਸੀ ਚਲਾਉਣ ਲਈ ਵੀ ਡਾਕਟਰਾਂ ਦੀ ਘਾਟ ਹੈ ਤੇ ਆਈ. ਸੀ. ਯੂ. ਦਾ ਸਟਾਫ ਕਿਸ ਤਰ੍ਹਾਂ ਪੂਰਾ ਹੋਵੇਗਾ।

ਐਮਰਜੈਂਸੀ ਡਾਕਟਰਾਂ ਦੀ ਕੀ ਹੈ ਮੌਜੂਦਾ ਹਾਲਤ
ਸਿਵਲ ਹਸਪਤਾਲ ਕਪੂਰਥਲਾ ਦੇ ਐਮਰਜੈਂਸੀ ਡਾਕਟਰਾਂ ਦੀਆਂ 10 ਪੋਸਟਾਂ ਹਨ। ਜਿਨ੍ਹਾਂ 'ਚ ਇਸ ਵੇਲੇ ਸਿਰਫ 3 ਡਾਕਟਰ ਹੀ ਕੰਮ ਕਰ ਰਹੇ ਹਨ ਅਤੇ 7 ਪੋਸਟਾਂ ਖਾਲੀ ਹਨ। ਐਮਰਜੈਂਸੀ ਨੂੰ ਚਲਾਉਣ ਲਈ ਸਪੈਸ਼ਲਿਸਟ ਡਾਕਟਰਾਂ ਦੀ ਡਿਊਟੀ ਲਗਾਈ ਜਾਂਦੀ ਹੈ। ਸਪੈਸ਼ਲਿਸਟ ਡਾਕਟਰਾਂ ਦੀਆਂ ਡਿਊਟੀਆਂ ਨਾਲ ਓ. ਪੀ. ਡੀ. 'ਚ ਮਰੀਜ਼ਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਆਈ. ਸੀ. ਯੂ. ਲਈ 4 ਬੇਹੋਸ਼ੀ ਦੇ ਡਾਕਟਰ, 4 ਸਟਾਫ ਨਰਸਾਂ ਤੇ 6 ਪੈਰਾ-ਮੈਡੀਕਲ ਸਟਾਫ ਦੀ ਲੋੜ ਹੁੰਦੀ ਹੈ।

PunjabKesari

ਹਸਪਤਾਲ ਦੀ ਤਰਸਯੋਗ ਹਾਲਤ ਕਾਰਣ ਡਾਕਟਰਾਂ ਨੇ ਮੋੜਿਆ ਮੂੰਹ
ਸਿਹਤ ਵਿਭਾਗ ਜ਼ਿਲਾ ਕਪੂਰਥਲਾ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ। ਇਸ ਜ਼ਿਲੇ 'ਚ ਕੋਈ ਡਾਕਟਰ ਆਉਣ ਲਈ ਰਾਜ਼ੀ ਨਹੀਂ ਹੈ। ਜੇਕਰ ਕਿਸੇ ਡਾਕਟਰ ਦੀ ਡਿਊਟੀ ਲੱਗਦੀ ਹੈ ਤਾਂ ਉਹ ਡਾਕਟਰ ਆਪਣੇ ਰਾਜਨੀਤਕ, ਪ੍ਰਸ਼ਾਸਨਿਕ ਲੋਕਾਂ ਦੀ ਸਿਫਾਰਸ਼ ਕਰਵਾ ਕੇ ਬਦਲੀ ਕਰਵਾ ਲੈਂਦਾ ਹੈ ਅਤੇ ਜ਼ਿਲੇ 'ਚ ਕੰਮ ਕਰ ਰਹੇ ਡਾਕਟਰਾਂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਸਿਹਤ ਵਿਭਾਗ 'ਚ ਸਰਕਾਰੀ ਨੌਕਰੀ ਕਰਨੀ ਬੜੀ ਔਖੀ ਹੈ ਤੇ ਇਥੋਂ ਕਈ ਡਾਕਟਰ ਤਣਾਅ ਭਰੇ ਹਾਲਤ ਨਾਲ ਬੀਮਾਰ ਵੀ ਹੋ ਰਹੇ ਹਨ ਅਤੇ ਕਈ ਨੌਕਰੀ ਵੀ ਛੱਡ ਰਹੇ ਹਨ। ਸਿਵਲ ਹਸਪਤਾਲ ਕਪੂਰਥਲਾ 'ਚ ਡਾਕਟਰਾਂ ਦੀ ਘਾਟ ਕਾਰਣ ਕੋਈ ਡਾਕਟਰਾਂ ਨੂੰ ਓ. ਪੀ. ਡੀ. ਦੇ ਨਾਲ-ਨਾਲ ਐਮਰਜੈਂਸੀ ਡਿਊਟੀ ਵੀ ਦੇਣੀ ਪੈਂਦੀ ਹੈ ਅਤੇ ਓ. ਪੀ. ਡੀ. ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਉਨ੍ਹਾਂ ਦੇ ਆਪ੍ਰੇਸ਼ਨ ਨਹੀਂ ਹੋ ਰਹੇ। ਲੋਕਾਂ ਦੀ ਮੰਗ ਹੈ ਕਿ ਸਿਹਤ ਵਿਭਾਗ 'ਚ ਸਟਾਫ ਨੂੰ ਪੂਰਾ ਕੀਤਾ ਜਾਵੇ।

ਕੀ ਕਹਿੰਦੇ ਹਨ ਸਿਹਤ ਮੰਤਰੀ
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਡਾਕਟਰਾਂ ਦੀ ਕਮੀ ਦੇ ਕਾਰਨ ਇਹ ਦਿਕੱਤਾਂ ਆ ਰਹੀਆਂ ਹਨ ਕਿਉਂਕਿ ਡਾਕਟਰਾਂ ਦੀ ਭਰਤੀ ਕਈ ਵਾਰ ਖੋਲ੍ਹੇ ਜਾਣ ਦੇ ਬਾਅਦ ਵੀ ਡਾਕਟਰਾਂ ਵੱਲੋਂ ਅਪਲਾਈ ਨਾ ਕਰਨ ਕਾਰਨ ਹਸਪਤਾਲਾਂ 'ਚ ਡਾਕਟਰਾਂ ਦੀਆਂ ਆਸਾਮੀਆਂ ਖਾਲੀ ਪਈਆਂ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਮੀਟਿੰਗ ਕਰਕੇ ਜੋ ਆਈ. ਸੀ. ਯੂ. ਸੈਂਟਰ ਡਾਕਟਰਾਂ ਤੋਂ ਵਾਂਝੇ ਹਨ, ਉੱਥੇ ਡਾਕਟਰਾਂ ਦੀ ਤਾਇਨਾਤੀ ਕਰ ਦਿੱਤੀ ਜਾਵੇਗੀ ਤਾਂ ਜੋ ਮਰੀਜ਼ ਇਨ੍ਹਾਂ ਆਈ. ਸੀ. ਯੂ. ਸੈਂਟਰਾਂ ਦਾ ਲਾਭ ਲੈ ਸਕਣ।

ਜਲਦ ਸ਼ੁਰੂ ਕਰਵਾਇਆ ਜਾਵੇਗਾ ਆਈ. ਸੀ. ਯੂ. ਸੈਂਟਰ : ਵਿਧਾਇਕ ਰਾਣਾ
ਜ਼ਿਲਾ ਕਪੂਰਥਲਾ ਵਿਧਾਇਕ ਰਾਣਾ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਕਪੂਰਥਲਾ 'ਚ ਕਰੋੜਾਂ ਰੁਪਏ ਤੋਂ ਬਣਾਏ ਗਏ ਆਈ. ਸੀ. ਯੂ. ਸੈਂਟਰ ਨੂੰ ਜਲਦ ਸ਼ੁਰੂ ਕਰਵਾਇਆ ਜਾਵੇਗਾ। ਇਸ ਦੇ ਲਈ ਉਹ ਪੰਜਾਬ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਮੁਲਾਕਾਤ ਕਰਕੇ ਡਾਕਟਰਾਂ ਦੀ ਤਾਇਨਾਤੀ ਕਰਵਾਉਣਗੇ ਤਾਂ ਜੋ ਖੇਤਰ ਦੀ ਜਨਤਾ ਨੂੰ ਸਿਹਤ ਸਬੰਧੀ ਦੂਰ ਰਾਜ ਦੇ ਹਸਪਤਾਲਾਂ 'ਚ ਨਾ ਜਾਣਾ ਪਵੇ।


shivani attri

Content Editor

Related News