ਪੰਜਾਬ ਦੀ ਹਾਈਟੈੱਕ ਪੁਲਸ ਥਾਣੇ ਦਾ ਕਰਾਇਆ ਦੇਣ ਤੋਂ ਅਸਮਰੱਥ

10/22/2019 1:38:47 PM

ਕਾਠਗੜ੍ਹ (ਰਾਜੇਸ਼)— ਪੰਜਾਬ ਦੇ ਹਾਈਟੈੱਕ ਜ਼ਿਲਾ ਪੁਲਸ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਦਾ ਖਜ਼ਾਨਾ ਖਾਲੀ ਹੋ ਗਿਆ, ਉਨ੍ਹਾਂ ਕੋਲ ਕਿਰਾਇਆ ਅਦਾ ਕਰਨ ਲਈ ਵੀ ਪੈਸੇ ਨਹੀਂ ਹਨ। ਜੀ ਹਾਂ, ਇਹ ਕੌੜਾ ਸੱਚ ਹੈ, ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਕਾਠਗੜ੍ਹ ਦੇ ਪ੍ਰਿੰਸੀਪਲ ਨੇ ਜ਼ਿਲਾ ਪੁਲਸ ਵਿਭਾਗ ਨੂੰ 1 ਮਹੀਨੇ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ ਕਿਰਾਏ ਦੀ ਰਕਮ 1 ਮਹੀਨੇ ਦੇ ਅੰਦਰ 56,000 ਰੁਪਏ ਨਹੀਂ ਦਿੱਤੀ ਗਈ ਤਾਂ ਉਹ ਇਸ ਸਬੰਧੀ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ। ਜਿਸ ਕਾਰਨ ਜ਼ਿਲਾ ਪੁਲਸ ਵਿਭਾਗ ਦੀ ਕਾਰਜਪ੍ਰਣਾਲੀ 'ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ।
ਜ਼ਿਕਰਯੋਗ ਹੈ ਕਿ ਜ਼ਿਲਾ ਪੁਲਸ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਅਧੀਨ ਪੈਂਦੇ ਥਾਣਾ ਕਾਠਗੜ੍ਹ ਲੰਬੇ ਸਮੇਂ ਤੋਂ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਦੇ ਹੋਸਟਲ 'ਚ ਚਲਦਾ ਆ ਰਿਹਾ ਹੈ। ਇਥੇ ਪੁਲਸ ਥਾਣਾ ਸਥਾਪਤ ਕਰਨ ਲਈ 1000 ਰੁਪਏ ਪ੍ਰਤੀ ਮਹੀਨਾ ਕਿਰਾਇਆ ਨਿਰਧਾਰਤ ਕੀਤਾ ਗਿਆ ਸੀ ਪਰ ਪੁਲਸ ਵਿਭਾਗ ਵੱਲੋਂ ਪਿਛਲੇ 56 ਮਹੀਨਿਆਂ ਤੋਂ ਸਕੂਲ ਨੂੰ ਕੋਈ ਕਿਰਾਇਆ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਪੁਲਸ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਚੁੱਕੇ ਹਨ ਪਰ ਕਿਰਾਇਆ ਅਦਾ ਕਰਨ ਦੇ ਮਾਮਲੇ 'ਚ ਕੋਈ ਕਾਰਵਾਈ ਨਹੀਂ ਹੋਈ। ਜਿਸ ਕਾਰਨ ਹੁਣ ਪ੍ਰੇਸ਼ਾਨ ਹੋ ਕੇ ਉਨ੍ਹਾਂ ਨੇ 1 ਮਹੀਨੇ ਦਾ ਅਲਟੀਮੇਟਮ ਦੇ ਦਿੱਤਾ ਹੈ ਅਤੇ ਜੇਕਰ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ ਅਦਾਲਤ ਜਾਣਗੇ।

ਉੱਚ ਅਧਿਕਾਰੀ ਨਹੀਂ ਕਰ ਰਹੇ ਕਾਰਵਾਈ
ਪੁਲਸ ਦੇ ਕੰਮਕਾਜ ਤੋਂ ਨਿਰਾਸ਼ ਸਕੂਲ ਦੇ ਪ੍ਰਿੰਸੀਪਲ ਨਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਜਦੋਂ ਪੁਲਸ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਪੱਤਰ ਵਿਹਾਰ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਆਮ ਲੋਕਾਂ ਦੀਆਂ ਸ਼ਿਕਾਇਤਾਂ ਦਾ ਕੀ ਹੁੰਦਾ ਹੋਵੇਗਾ? ਉਨ੍ਹਾਂ ਕਿਹਾ ਕਿ ਪੁਲਸ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਕ ਵਾਰ ਫਿਰ ਤੋਂ ਜਾਣੂ ਕਰਵਾਉਣਗੇ ਤਾਂ ਜੋ ਉਨ੍ਹਾਂ ਨੂੰ ਅੱਗੇ ਦੀ ਕਾਰਵਾਈ ਕਰਨ ਲਈ ਮਜਬੂਰ ਨਾ ਹੋਣਾ ਪਵੇ।

ਨਹੀਂ ਦੇ ਸਕਦੇ ਕਿਰਾਇਆ ਤਾਂ ਹੋਸਟਲ ਨੂੰ ਕਰੋ ਖਾਲੀ
ਪ੍ਰਿੰਸੀਪਲ ਨਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਜੇਕਰ ਪੁਲਸ ਵਿਭਾਗ ਹੋਸਟਲ ਦਾ ਕਿਰਾਇਆ ਅਦਾ ਨਹੀਂ ਕਰ ਸਕਦਾ ਤਾਂ ਉਹ ਪਿਛਲਾ ਬਕਾਇਆ ਅਦਾ ਕਰਕੇ ਹੋਸਟਲ ਨੂੰ ਤੁਰੰਤ ਖਾਲੀ ਕਰ ਦੇਵੇ ਤਾਂ ਜੋ ਉਹ ਸਕੂਲ ਦੇ ਹਿੱਤ 'ਚ ਕੋਈ ਕੰਮ ਕਰ ਸਕਣ।

ਥਾਣੇ ਦੀ ਨਵੀਂ ਇਮਾਰਤ ਬਣ ਕੇ ਤਿਆਰ, ਫਰਨੀਚਰ ਦਾ ਕੰਮ ਬਾਕੀ
ਪੁਲਸ ਥਾਣਾ ਕਾਠਗੜ੍ਹ ਦੀ ਨਵੀਂ ਇਮਾਰਤ ਬਣ ਕੇ ਤਿਆਰ ਹੈ। ਜਾਣਕਾਰੀ ਅਨੁਸਾਰ ਸਿਰਫ ਫਰਨੀਚਰ ਦਾ ਕੰਮ ਬਾਕੀ ਹੈ, ਪਰ ਇਸ ਦੇ ਬਾਵਜੂਦ ਪੁਲਸ ਵਿਭਾਗ ਵੱਲੋਂ ਸਕੂਲ ਦੇ ਹੋਸਟਲ ਵਿਚ ਹੀ ਪੁਲਸ ਥਾਣੇ ਨੂੰ ਚਲਾਇਆ ਜਾ ਰਿਹਾ ਹੈ। ਲੋਕਾਂ 'ਚ ਇਹ ਵੀ ਗੱਲ ਦੀ ਚਰਚਾ ਹੈ ਕਿ ਆਖਿਰ ਪੁਲਸ ਵਿਭਾਗ ਨੂੰ ਪੁਲਸ ਥਾਣੇ 'ਚ ਕਿਉਂ ਨਹੀਂ ਤਬਦੀਲ ਕਰਦਾ ਹੈ ਜਦੋਂ ਕਿ ਨਵੇਂ ਥਾਣੇ ਦੀ ਇਮਾਰਤ ਪੂਰੀ ਤਰ੍ਹਾਂ ਨਾਲ ਤਿਆਰ ਹੈ।

ਕੀ ਕਹਿੰਦੇ ਹਨ ਐੱਸ. ਐੱਚ. ਓ. ਕਾਠਗੜ੍ਹ
ਜਦੋਂ ਇਸ ਸਬੰਧੀ ਐੱਸ. ਐੱਚ. ਓ. ਕਾਠਗੜ੍ਹ ਪਰਮਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਾਲ ਹੀ 'ਚ ਇਥੇ ਆਪਣਾ ਅਹੁਦਾ ਸੰਭਾਲਿਆ ਹੈ। ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ ਕਿ ਥਾਣੇ ਦਾ ਕਿਰਾਇਆ ਇੰਨਾ ਜ਼ਿਆਦਾ ਬਾਕੀ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਸਕੂਲ ਨੂੰ ਇਸ ਸੰਦਰਭ 'ਚ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਕਿਰਾਇਆ ਜਾਰੀ ਕਰਵਾਉਣਗੇ।

shivani attri

This news is Content Editor shivani attri