ਪਨਬੱਸ ਕਾਮਿਆਂ ਨੇ ਚੱਕਾ ਜਾਮ ਕਰਕੇ ਸਰਕਾਰ ਖਿਲਾਫ ਕੱਢੀ ਭੜਾਸ

07/02/2019 6:39:40 PM

ਹੁਸ਼ਿਆਰਪੁਰ (ਘੁੰਮਣ, ਅਮਰਿੰਦਰ ਮਿਸ਼ਰਾ)— ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੱਦੇ 'ਤੇ ਅੱਜ ਪਨਬੱਸ ਕਰਮਚਾਰੀਆਂ ਨੇ ਪਨਬੱਸ ਦੀਆਂ 120 ਬੱਸਾਂ ਦਾ ਚੱਕਾ ਜਾਮ ਕਰਕੇ ਸਰਕਾਰ ਅਤੇ ਟਰਾਂਸਪੋਰਟ ਮੰਤਰੀ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਤਿੰਨ ਦਿਨਾਂ ਹੜਤਾਲ ਦੇ ਪਹਿਲੇ ਦਿਨ ਅੱਜ ਅਤਿ ਦੀ ਗਰਮੀ 'ਚ ਯਾਤਰੀਆਂ ਖਾਸਕਰ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਵੱਧ ਪਰੇਸ਼ਾਨੀ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਹੋਈ। ਪਾਸ ਹੋਲਡਰਾਂ ਤੇ ਆਮ ਲੋਕਾਂ ਨੂੰ ਮਜ਼ਬੂਰਨ ਨਿੱਜੀ ਬੱਸਾਂ 'ਚ ਸਫਰ ਕਰਨਾ ਪਿਆ।

ਬੱਸ ਸਟੈਂਡ ਦੇ ਬਾਹਰ ਰਹੀ ਜਾਮ ਵਰਗੀ ਸਥਿਤੀ
ਪਨਬੱਸ ਕਰਮਚਾਰੀਆਂ ਦੇ ਹੜਤਾਲ 'ਤੇ ਜਾਣ ਕਾਰਨ ਬੱਸ ਸਟੈਂਡ ਦੇ ਮੇਨ ਗੇਟ 'ਤੇ ਜਾਮ ਵਰਗੀ ਸਥਿਤੀ ਬਣ ਗਈ। ਕੜਕਦੀ ਧੁੱਪ ਵਿਚ ਲੋਕ ਬੱਸਾਂ ਲੈਣ ਲਈ ਇੱਧਰ-ਉੱਧਰ ਭੱਟਕਦੇ ਦੇਖੇ ਗਏ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਥਾਣਾ ਮਾਡਲ ਟਾਊਨ ਦੀ ਪੁਲਸ ਨੈ ਮੌਕੇ 'ਤੇ ਪਹੁੰਚ ਕੇ ਟਰੈਫਿਕ ਨੂੰ ਡਾਇਵਰਟ ਕਰਵਾਇਆ। ਇਸ ਮੌਕੇ ਸੰਬੋਧਨ ਕਰਦਿਆਂ ਪਨਬੱਸ ਕੰਟਰੈਕਟ ਯੂਨੀਅਨ ਤੇ ਹੋਰ ਭਰਾਤਰੀ ਯੂਨੀਅਨਾਂ ਦੇ ਆਗੂਆਂ ਅਜੀਤ ਸਿੰਘ, ਨਰਿੰਦਰ ਸਿੰਘ, ਲਖਵਿੰਦਰ ਸਿੰਘ ਲੱਖਾ, ਕਮਲਜੀਤ ਸਿੰਘ ਰਾਜਪੁਰ ਭਾਈਆਂ, ਮਹਿੰਦਰ ਕੁਮਾਰ ਬੱਡੋਆਣ, ਕਾ. ਗੁਰਮੇਸ਼ ਸਿੰਘ, ਧਨਪੱਤ ਆਦਿ ਨੇ ਕਿਹਾ ਕਿ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਆਪਣੇ ਵਾਅਦੇ ਤੋਂ ਭੱਜ ਰਹੀ ਹੈ। ਜੋ ਐਕਟ 2016 'ਚ ਪਿਛਲੀ ਸਰਕਾਰ ਨੇ ਬਣਾਇਆ ਸੀ, ਉਸਨੂੰ ਤੋੜਿਆ-ਮਰੋੜਿਆ ਜਾ ਰਿਹਾ ਹੈ। ਸਰਕਾਰ ਦੀ ਇਸੇ ਵਾਅਦਾ-ਖਿਲਾਫੀ ਕਾਰਨ ਯੂਨੀਅਨ ਵੱਲੋਂ ਸਰਕਾਰ ਨੂੰ 15 ਦਿਨ ਪਹਿਲਾਂ ਤਿੰਨ ਰੋਜ਼ਾ ਹੜਤਾਲ 'ਤੇ ਜਾਣ ਦੀ ਚੇਤਾਵਨੀ ਦਿੱਤੀ ਗਈ ਸੀ। ਆਗੂਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਲਟਕਦੀਆਂ ਹੋਰ ਮੰਗਾਂ ਵੱਲ ਵੀ ਕੋਈ ਧਿਆਨ ਨਾ ਦਿੱਤਾ ਗਿਆ ਤਾਂ 3 ਜੁਲਾਈ ਨੂੰ ਯੂਨੀਅਨ ਵੱਲੋਂ ਮੁੱਖ ਮੰਤਰੀ ਜਾਂ ਟਰਾਂਸਪੋਰਟ ਮੰਤਰੀ ਦੇ ਗ੍ਰਹਿ ਨਜ਼ਦੀਕ ਰੋਸ ਰੈਲੀ ਕੀਤੀ ਜਾਵੇਗੀ ਅਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।