ਪਨਬੱਸ ਦੇ ਕੰਟਰੈਕਟ ਕਰਮਚਾਰੀਆਂ ਨੇ ਮੰਗਾਂ ਸਬੰਧੀ ਕੀਤੀ ਗੇਟ ਰੈਲੀ

07/23/2019 12:23:06 PM

ਨਵਾਂਸ਼ਹਿਰ (ਤ੍ਰਿਪਾਠੀ,ਮਨੋਰੰਜਨ)— ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਨੇ ਬੀਤੇ ਦਿਨ ਪਹਿਲਾਂ ਤੋਂ ਮਨਜ਼ੂਰ ਮੰਗਾਂ ਨੂੰ ਮੈਨੇਜਮੈਂਟ ਵੱਲੋਂ ਲਾਗੂ ਨਾ ਕੀਤੇ ਜਾਣ ਦੇ ਵਿਰੋਧ ਵਿਚ ਸਥਾਨਕ ਬੱਸ ਅੱਡੇ 'ਤੇ ਗੇਟ ਰੈਲੀ ਕਰਕੇ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।ਗੇਟ ਰੈਲੀ ਨੂੰ ਸੰਬੋਧਨ ਕਰਦੇ ਹੋਏ ਯੂਨੀਅਨ ਪ੍ਰਧਾਨ ਹਰਦੀਪ ਸਿੰਘ ਕਾਹਲੋਂ, ਵਾਈਸ ਪ੍ਰਧਾਨ ਗੁਰਦੇਵ, ਜਨਰਲ ਸਕੱਤਰ ਅਸ਼ੋਕ ਕੁਮਾਰ ਰੋੜੀ ਅਤੇ ਚੇਅਰਮੈਨ ਬਲਵਿੰਦਰ ਸਿੰਘ ਦਿਓਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਯੂਨੀਅਨ ਦੀਆਂ ਜਿਨ੍ਹਾਂ ਮੰਗਾਂ ਨੂੰ ਪਹਿਲਾਂ ਹੀ ਮਨਜ਼ੂਰ ਕਰ ਲਿਆ ਹੈ ਉਸ ਨੂੰ ਵੀ ਲਾਗੂ ਨਹੀਂ ਕਰ ਰਹੀ ਹੈ, ਜਿਸ ਕਰਕੇ ਸਮੂਹ ਵਰਕਰਜ਼ 'ਚ ਸਰਕਾਰ ਦੇ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਪਿਛਲੇ ਸਮੇਂ ਦੌਰਾਨ ਟਰਾਂਸਪੋਰਟ ਮੰਤਰੀ ਦੇ ਨਾਲ ਆਯੋਜਿਤ 4 ਮੀਟਿੰਗਾਂ ਵੀ ਬਿਨਾਂ ਕਿਸੇ ਠੋਸ ਨਤੀਜੇ ਦੇ ਖਤਮ ਹੋਈਆਂ ਹਨ। ਜੇਕਰ ਸਰਕਾਰ ਅਤੇ ਮੈਨੇਜਮੈਂਟ ਨੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦ ਮਨਜ਼ੂਰ ਕਰ ਕੇ ਲਾਗੂ ਨਹੀਂ ਕੀਤਾ ਤਾਂ ਉਨ੍ਹਾਂ ਦੀ ਯੂਨੀਅਨ ਸਰਕਾਰ ਅਤੇ ਮੈਨੇਜਮੈਂਟ ਦੇ ਖਿਲਾਫ ਤਿੱਖਾ ਸੰਘਰਸ਼ ਸ਼ੁਰੂ ਕਰਨ ਦੇ ਲਈ ਮਜਬੂਰ ਹੋਵੇਗੀ। ਇਸ ਸੰਘਰਸ਼ ਤਹਿਤ 2 ਅਗਸਤ ਨੂੰ ਪੰਜਾਬ ਦੇ ਤਿੰਨ ਮੁੱਖ ਬੱਸ ਅੱਡੇ ਸ੍ਰੀ ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਵਿੱਖੇ 2-2 ਘੰਟੇ ਤਕ ਚੱਕਾ ਜਾਮ ਕਰਕੇ ਸਰਕਾਰ ਅਤੇ ਅਫਸਰਸ਼ਾਹੀ ਦੇ ਪੁਤਲੇ ਸਾੜੇ ਜਾਣਗੇ। 14 ਤੋਂ 16 ਅਗਸਤ ਤਕ 3 ਰੋਜ਼ਾ ਹੜਤਾਲ ਰੱਖ ਕੇ 15 ਅਗਸਤ ਦੇ ਆਜ਼ਾਦੀ ਦਿਹਾੜੇ ਨੂੰ ਗੁਲਾਮੀ ਦਿਵਸ ਦੇ ਤੌਰ 'ਤੇ ਮਨਾਇਆ ਜਾਵੇਗਾ ਅਤੇ ਇਸ ਦੌਰਾਨ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਮੇਤ ਬਾਕੀ ਮੰਤਰੀ ਜਿਨ੍ਹਾਂ ਥਾਵਾਂ 'ਤੇ ਤਿਰੰਗਾ ਲਹਿਰਾਉਣਗੇ ਉੱਥੇ ਕਾਲੇ ਚੋਲੇ ਪਾ ਕੇ ਅਤੇ ਕਾਲੀ ਝੰਡੀਆਂ ਦਿਖਾ ਕੇ ਵਿਰੋਧ ਪ੍ਰਗਟ ਕੀਤਾ ਜਾਵੇਗਾ। ਇਸ ਮੌਕੇ ਡਰਾਈਵਰ ਏਕਤਾ ਯੂਨੀਅਨ ਦੇ ਪ੍ਰਧਾਨ ਮੁਲਖਰਾਜ, ਏਟਕ ਪ੍ਰਧਾਨ ਦਲੇਰ ਸਿੰਘ, ਪੁਸ਼ਪਿੰਦਰ ਸਿੰਘ, ਹਰਜਿੰਦਰ ਸਿੰਘ ਗਿੱਲ, ਸੋਢੀ ਸਿੰਘ, ਸੁਲੱਖਣ ਸਿੰਘ, ਲਖਵੀਰ ਸਿੰਘ, ਸੁਖਵਿੰਦਰ ਸਿੰਘ ਆਦਿ ਮੌਜੂਦ ਸਨ।

ਕੀ ਹਨ ਮੁਲਾਜ਼ਮਾਂ ਦੀਆਂ ਮੰਗਾਂ
ਪਨਬੱਸ ਮੁਲਾਜ਼ਮਾਂ ਨੂੰ ਟਰਾਂਸਪੋਰਟ ਵਿਭਾਗ ਵਿਚ ਰੈਗੂਲਰ ਕੀਤਾ ਜਾਵੇ।
ਨਾਜਾਇਜ਼ ਸ਼ਰਤਾਂ ਲਾ ਕੇ ਕੱਢੇ ਗਏ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ।
ਬਰਾਬਰ ਕੰਮ ਬਰਾਬਰ ਤਨਖਾਹ ਦਾ ਕਾਨੂੰਨ ਲਾਗੂ ਕੀਤਾ ਜਾਵੇ।
ਵੈੱਲਫੇਅਰ ਐਕਟ-2016 ਨੂੰ ਬਿਨਾਂ ਕਿਸੇ ਬਦਲਾਅ ਦੇ ਤੁਰੰਤ ਲਾਗੂ ਕੀਤਾ ਜਾਵੇ।

shivani attri

This news is Content Editor shivani attri