ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ''ਚ ਕੀਤਾ ਰੋਸ ਪ੍ਰਦਰਸ਼ਨ

07/13/2020 4:10:53 PM

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) - ਭਾਰਤ ਟੈਕਸੀ ਯੂਨੀਅਨ ਅਤੇ ਸੈਣੀ ਟੈਕਸੀ ਯੂਨੀਅਨ ਖੁੱਡਾ ਵਲੋਂ ਪ੍ਰਧਾਨ ਅਸ਼ੋਕ ਸੈਣੀ ਅਤੇ ਜਸਵੀਰ ਸਿੰਘ ਮਿੱਠਾ ਦੀ ਅਗਵਾਈ ਵਿਚ ਦੇਸ਼ ਭਰ ਵਿਚ ਬੇਤਹਾਸ਼ਾ ਵੱਧ ਰਹੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਤੇਲ ਦੀਆਂ ਕੀਮਤਾਂ ਘੱਟ ਕਰਨ ਦੀ ਮੰਗ ਕੀਤੀ ਗਈ। ਪ੍ਰਧਾਨ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਅਸ਼ੋਕ ਸੈਣੀ ਅਤੇ ਜਸਵੀਰ ਸਿੰਘ ਮਿੱਠਾ ਨੇ ਕਿਹਾ ਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਘਟਣ ਦੇ ਬਾਵਜੂਦ ਵੀ ਕੇਂਦਰ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੀਤਾ ਜਾ ਰਿਹਾ ਬੇਤਹਾਸ਼ਾ ਵਾਧਾ ਬੇਲੋੜੀ ਮੁਨਾਫ਼ੇਬਾਜ਼ੀ ਦਾ ਨਮੂਨਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੇਲ ਕੰਪਨੀਆਂ ਨੂੰ ਮੁਨਾਫ਼ਾ ਪਹੁੰਚਾਉਣ ਦੀ ਥਾਂ ਆਮਾ ਲੋਕਾਂ ਦਾ ਖਿਆਲ ਕਰੇ ਕਿਓਂਕਿ ਤੇਲ ਦੀਆਂ ਕੀਮਤਾਂ ਵਧਣ ਨਾਲ ਮਹਿੰਗਾਈ ਵਧਦੀ ਹੈ ਜਿਸ ਨਾਲ ਆਮ ਲੋਕਾਂ ਤੇ ਬੇਲੋੜਾ ਬੋਝ ਪੈਂਦਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਵੀ ਪੈਟਰੋਲ ਅਤੇ ਡੀਜ਼ਲਾਂ ਤੇ ਬੇਲੋੜੇ ਅਤੇ ਵੱਧਵੇਂ ਟੈਕਸ ਲਗਾ ਕੇ ਲੋਕਾਂ ਦਾ ਕਚੂਮਰ ਕੱਢਣ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਉਨ੍ਹਾਂ ਪੰਜਾਬ ਸਰਕਾਰ ਕੋਲੋਂ ਵੀ ਲਾਲਚ ਵੱਸ ਤੇਲ ਤੇ ਲਗਾਏ ਜਾ ਰਹੇ ਵੱਧਵੇਂ ਟੈਕਸ ਖ਼ਤਮ ਕਰਨ ਦੀ ਮੰਗ ਕੀਤੀ ਕਿਉਂਕਿ ਤੇਲ ਦੀਆਂ ਵਧਦੀਆਂ ਕੀਮਤਾਂ ਟਰਾਂਸਪੋਰਟ ਦੇ ਕਾਰੋਬਾਰ ਨੂੰ ਖ਼ਤਮ ਕਰਦੀਆਂ ਹਨ। ਇਸ ਮੌਕੇ ਪ੍ਰਧਾਨ ਅਸ਼ੋਕ ਸੈਣੀ ਸਾਬਕਾ ਬਲਾਕ ਸੰਮਤੀ ਮੈਂਬਰ, ਪ੍ਰਧਾਨ ਜਸਵੀਰ ਸਿੰਘ ਮਿੱਠਾ, ਮਨਦੀਪ ਸਿੰਘ, ਸੁਖਵਿੰਦਰ ਸਿੰਘ ਟਿੰਕੂ, ਮਨਦੀਪ ਸਿੰਘ ਵਿੱਕੀ, ਹਰਪ੍ਰੀਤ ਸਿੰਘ ਖੁੱਡਾ, ਸੋਢੀ, ਪ੍ਰਦੀਪ ਸਿੰਘ ਦੀਪਾ ਕੁਰਾਲਾ, ਤਰਸੇਮ ਲਾਲ ਆਦਿ ਵੀ ਮੌਜੂਦ ਸਨ।
 


Harinder Kaur

Content Editor

Related News