ਪ੍ਰਾਪਰਟੀ ਟੈਕਸ ਵਸੂਲਣ ਗਈ ਨਗਰ ਕੌਂਸਲ ਦੀ ਟੀਮ ਬੇਰੰਗ ਪਰਤੀ

03/14/2020 5:51:56 PM

ਕਰਤਾਰਪੁਰ (ਸਾਹਨੀ)— ਨਗਰ ਕੌਂਸਲ ਵੱਲੋਂ ਪ੍ਰਾਪਰਟੀ ਟੈਕਸ ਦੇ ਕਰੀਬ ਇਕ ਦਹਾਕੇ ਤੋਂ ਸ਼ਹਿਰ ਦੇ 8 ਡਿਫਾਲਟਰ ਪ੍ਰਾਪਰਟੀ ਮਾਲਕਾਂ ਦੀ ਪ੍ਰਾਪਰਟੀ ਸੀਲ ਕਰਨ ਲਈ ਭੇਜੇ ਗਏ ਨੋਟਿਸਾਂ 'ਤੇ ਕਾਰਵਾਈ ਕੀਤੀ ਗਈ। ਬੀਤੇ ਦਿਨ ਸਵੇਰੇ ਭਾਰੀ ਪੁਲਸ ਫੋਰਸ ਨਾਲ ਸ਼ੁਰੂ ਕੀਤੀ ਕਾਰਵਾਈ ਨੂੰ ਸ਼ੁਰੂਆਤ 'ਚ ਹੀ ਲੋਕਾਂ ਦੇ ਭਾਰੀ ਵਿਰੋਧ ਕਰਨ 'ਤੇ ਬੰਦ ਕਰਦਿਆਂ ਵਾਪਸ ਜਾਣਾ ਪਿਆ। ਇਸ ਦੌਰਾਨ ਕੌਂਸਲ ਵੱਲੋਂ ਜੋ ਪਹਿਲੀ ਪ੍ਰਾਪਰਟੀ ਸੀਲ ਕੀਤੀ ਵੀ ਸੀ, ਉਸ ਨੂੰ ਲੋਕਾਂ ਦੇ ਹਜੂਮ ਨੂੰ ਵੇਖਦਿਆਂ ਵਾਪਸ ਖੋਲ੍ਹਣਾ ਪਿਆ।

ਬੀਤੇ ਦਿਨ ਦੀ ਕਾਰਵਾਈ ਲਈ ਕਾਰਜਸਾਧਕ ਅਫਸਰ ਹਰਨਰਿੰਦਰ ਸਿੰਘ ਸ਼ੇਰਗਿੱਲ ਦੀ ਅਗਵਾਈ 'ਚ ਨਗਰ ਕੌਂਸਲ ਦੀ ਟੀਮ ਪੁਲਸ ਫੋਰਸ ਨਾਲ ਫਰਨੀਚਰ ਬਾਜ਼ਾਰ ਵਿਚ ਪੁੱਜੀ ਅਤੇ ਇਕ ਫਰਨੀਚਰ ਦੀ ਦੁਕਾਨ ਅਤੇ ਵਰਕਸ਼ਾਪ ਨੂੰ ਸੀਲ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਅਤੇ ਇਸ ਪ੍ਰਾਪਰਟੀ ਮਾਲਕ ਦੀ ਵਰਕਸ਼ਾਪ ਸੀਲ ਵੀ ਕਰ ਦਿੱਤੀ। ਇਸ ਦੌਰਾਨ ਕੌਂਸਲ ਦੀ ਇਹ ਕਾਰਵਾਈ ਅੱਗ ਵਾਂਗ ਕਰਤਾਰਪੁਰ ਵਿਚ ਫੈਲ ਗਈ, ਜਿਸ ਕਾਰਨ ਫਰਨੀਚਰ ਵਪਾਰੀਆਂ ਨੇ ਦੁਕਾਨਾਂ ਬੰਦ ਕਰਨ ਦੀ ਕਾਲ ਦੇ ਦਿੱਤੀ। ਇਸ ਮੌਕੇ ਡੀ. ਐੱਸ. ਪੀ. ਸੁਰਿੰਦਰ ਪਾਲ ਧੋਗੜੀ, ਥਾਣਾ ਮੁਖੀ ਪੁਸ਼ਪ ਬਾਲੀ ਵੀ ਮੌਕੇ 'ਤੇ ਪੁੱਜ ਗਏ।

PunjabKesari

ਮੌਕੇ 'ਤੇ ਸ਼ਹਿਰ ਨਾਲ ਸਬੰਧਤ ਦੋ ਕੌਂਸਲਰਾਂ ਪ੍ਰਿੰਸ ਅਰੋੜਾ ਅਤੇ ਪ੍ਰਦੀਪ ਅਗਰਵਾਲ ਨੇ ਕੌਂਸਲ ਦੀ ਇਸ ਕਾਰਵਾਈ ਦਾ ਜੰਮ ਕੇ ਵਿਰੋਧ ਕਰਦਿਆਂ ਕਿਹਾ ਕਿ ਨਗਰ ਕੌਂਸਲ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ 'ਚ ਪਹਿਲਾਂ ਹੀ ਨਾਕਾਮਯਾਬ ਹੈ, ਸ਼ਹਿਰ ਵਿਚ ਸੀਵਰੇਜ, ਵਾਟਰ ਸਪਲਾਈ ਦੇ ਪ੍ਰਬੰਧ ਫੇਲ ਹਨ ਅਤੇ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਰਹਿੰਦੇ ਹਨ। ਇਸ ਦੇ ਨਾਲ-ਨਾਲ ਬਰਸਾਤੀ ਪਾਣੀ ਦੇ ਨਿਕਾਸ ਦੇ ਪ੍ਰਬੰਧ ਵੀ ਨਹੀਂ ਹਨ।

ਇਸ ਮੌਕੇ ਉਨ੍ਹਾਂ ਦੱਸਿਆ ਕਿ ਇਕ ਪਾਸੇ ਸਰਕਾਰ ਪ੍ਰਾਪਰਟੀ ਟੈਕਸ ਨੂੰ 31 ਮਾਰਚ ਤੱਕ ਵਨ ਟਾਈਮ ਸੈਟਲਮੈਂਟ ਸਕੀਮ ਅਧੀਨ ਲੋਕਾਂ ਨੂੰ ਰਾਹਤ ਦੇਣ ਦੀ ਗੱਲ ਕਰਦੀ ਹੈ, ਦੂਸਰੇ ਪਾਸੇ ਨਗਰ ਕੌਂਸਲ ਸਮੇਂ ਤੋਂ ਪਹਿਲਾਂ ਹੀ ਅਜਿਹੀ ਕਾਰਵਾਈ ਕਰ ਕੇ ਦਬੰਗ ਨੀਤੀ ਅਪਣਾ ਰਹੀ ਹੈ। ਉਨ੍ਹਾਂ ਮੌਕੇ 'ਤੇ ਕਿਹਾ ਕਿ ਜਾਂ ਤਾਂ ਸਰਕਾਰ ਅਤੇ ਵਿਭਾਗ ਗਲਤ ਹੈ ਜਾਂ ਨਗਰ ਕੌਂਸਲ ਦੇ ਪ੍ਰਬੰਧ। ਮੌਕੇ 'ਤੇ ਲੋਕਾਂ ਦੇ ਲਗਾਤਾਰ ਵਧਦੇ ਹਜੂਮ ਨੂੰ ਵੇਖਦਿਆਂ ਕਾਰਜਸਾਧਕ ਅਫਸਰ ਵੱਲੋਂ ਲੋਕਾਂ ਨੂੰ 26 ਮਾਰਚ ਤੱਕ ਬਕਾਇਆ ਰਹਿੰਦੇ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਦੀ ਅਪੀਲ ਕੀਤੀ ਅਤੇ ਨਾਲ ਹੀ ਜਿਸ ਪ੍ਰਾਪਰਟੀ 'ਤੇ ਕਾਰਵਾਈ ਕੀਤੀ ਸੀ, ਉਸ ਪ੍ਰਾਪਰਟੀ ਦੀ ਸੀਲ ਵੀ ਦੁਬਾਰਾ ਖੋਲ੍ਹ ਦਿੱਤੀ ਗਈ। ਇਸ ਮੌਕੇ ਲੋਕਾਂ ਨੇ ਮੰਗ ਕੀਤੀ ਨਗਰ ਕੌਂਸਲ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੰਮ ਕਰੇ ਨਾ ਕਿ ਵਾਧੂ ਪ੍ਰੇਸ਼ਾਨ ਕਰਨ ਲਈ ਸਰਕਾਰੀ ਹਦਾਇਤਾਂ ਦਾ ਦੁਰਉਪਯੋਗ ਕਰੇ।


shivani attri

Content Editor

Related News