ਰਾਮਨਗਰ ''ਚ ਪ੍ਰਾਈਵੇਟ ਸਕੂਲ ਦੇ ਟੀਚਰ ਨੇ ਬੁਰੀ ਤਰ੍ਹਾਂ ਕੁੱਟਿਆ ਵਿਦਿਆਰਥੀ

01/10/2020 1:06:10 AM

ਜਲੰਧਰ,(ਵਰੁਣ)–ਰਾਮਨਗਰ ਸਥਿਤ ਇਕ ਪ੍ਰਾਈਵੇਟ ਸਕੂਲ ਦੇ ਟੀਚਰ ਨੇ 10ਵੀਂ ਜਮਾਤ ਦੇ ਵਿਦਿਆਰਥੀ ਨੂੰ ਬਾਹਰ ਟਿਊਸ਼ਨ ਰੱਖਣ ਤੋਂ ਨਾਰਾਜ਼ ਹੋ ਕੇ ਬੁਰੀ ਤਰ੍ਹਾਂ ਕੁੱਟਿਆ। ਸਟੂਡੈਂਟ ਦਾ ਇਹ ਵੀ ਦੋਸ਼ ਹੈ ਕਿ ਜ਼ਖਮੀ ਹੋਣ 'ਤੇ ਵੀ ਉਸਨੂੰ ਘਰ ਵੀ ਨਹੀਂ ਜਾਣ ਦਿੱਤਾ, ਜਦੋਂਕਿ ਉਹ ਦਰਦ ਨਾਲ ਤੜਫਦਾ ਰਿਹਾ। ਛੁੱਟੀ ਹੋਣ 'ਤੇ ਘਰ ਪਹੁੰਚੇ ਸਟੂਡੈਂਟ ਦੀ ਹਾਲਤ ਵੇਖ ਮਾਪਿਆਂ ਨੇ ਥਾਣੇ ਵਿਚ ਸ਼ਿਕਾਇਤ ਦਿੱਤੀ।

ਥਾਣਾ ਨੰਬਰ 1 ਦੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਵਿਸ਼ਾਲ ਪੁੱਤਰ ਕੀਮਤੀ ਲਾਲ ਵਾਸੀ ਗਾਂਧੀ ਕੈਂਪ ਨੇ ਦੱਸਿਆ ਕਿ ਉਹ ਰਾਮਨਗਰ ਸਥਿਤ ਪ੍ਰਾਈਵੇਟ ਸਕੂਲ ਵਿਚ 10ਵੀਂ ਜਮਾਤ ਵਿਚ ਪੜ੍ਹਦਾ ਹੈ। ਬੁੱਧਵਾਰ ਨੂੰ ਉਹ ਸਕੂਲ ਨਹੀਂ ਗਿਆ ਪਰ ਵੀਰਵਾਰ ਸਵੇਰੇ ਸਕੂਲ ਗਿਆ ਤਾਂ ਸਵੇਰੇ ਕਰੀਬ 9 ਵਜੇ ਸਕੂਲ ਦਾ ਟੀਚਰ ਉਸ ਦੀ ਕਲਾਸ ਵਿਚ ਆਇਆ ਅਤੇ ਬਾਹਰ  ਟਿਊਸ਼ਨ ਰੱਖਣ 'ਤੇ ਨਾਰਾਜ਼ਗੀ ਜਤਾਉਂਦਿਆਂ ਉਸ ਨੂੰ ਥੱਪੜ ਮਾਰਨ ਲੱਗਾ। ਟੀਚਰ ਨੇ ਮੂੰਹ 'ਤੇ ਮੁੱਕੇ ਮਾਰ ਕੇ ਉਸਨੂੰ ਜ਼ਖ਼ਮੀ ਕਰ ਦਿੱਤਾ। ਵਿਸ਼ਾਲ ਦਾ ਦੋਸ਼ ਹੈ ਕਿ ਉਸਦੇ ਮੂੰਹ ਵਿਚੋਂ ਖੂਨ ਵਗਣ ਲੱਗਾ ਪਰ ਇਸਦੇ ਬਾਵਜੂਦ ਉਸਨੂੰ ਘਰ ਨਹੀਂ ਜਾਣ ਦਿੱਤਾ ਗਿਆ। ਦੁਪਹਿਰ 3 ਵਜੇ ਛੁੱਟੀ ਹੋਣ ਤੋਂ ਬਾਅਦ ਹੀ ਉਸਨੂੰ ਘਰ ਜਾਣ ਦਿੱਤਾ ਗਿਆ। ਘਰ ਪਹੁੰਚਦਿਆਂ ਹੀ ਵਿਸ਼ਾਲ ਦੀ ਹਾਲਤ ਵੇਖ ਮਾਪਿਆਂ ਨੇ ਥਾਣਾ ਨੰਬਰ 1 ਦੀ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ। ਪੁਲਸ ਨੇ ਟੀਚਰ ਦੇ ਘਰ ਰੇਡ ਕੀਤੀ ਪਰ ਉਹ ਘਰ ਨਹੀਂ ਸੀ। ਓਧਰ ਥਾਣਾ ਨੰਬਰ 1 ਦੇ ਇੰਚਾਰਜ ਸੁਖਬੀਰ ਸਿੰਘ ਦਾ ਕਹਿਣਾ ਹੈ ਕਿ ਕੁੱਟ-ਮਾਰ ਕਰਨ ਵਾਲਾ ਅਧਿਆਪਕ ਸਕੂਲ ਦੀ ਕਮੇਟੀ ਦਾ ਮੈਂਬਰ ਦੱਸਿਆ ਜਾ ਰਿਹਾ ਹੈ। ਟੀਚਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ, ਜਿਸ ਤੋਂ ਬਾਅਦ ਹੀ ਮਾਮਲੇ ਦੀ ਸਹੀ ਜਾਣਕਾਰੀ ਮਿਲ ਸਕੇਗੀ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਸੱਚਾਈ ਪਤਾ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।


Related News