ਪ੍ਰਾਈਵੇਟ ਪ੍ਰਾਪਰਟੀ ਦੀ ਕੰਧ ਨੂੰ ਹੀ ਤੋੜ ਆਇਆ ਨਿਗਮ, ਮੁਆਫੀ ਮੰਗ ਕੇ ਛੁਡਾਈ ਜਾਨ

12/27/2019 1:10:18 PM

ਜਲੰਧਰ (ਖੁਰਾਣਾ): ਨਗਰ ਨਿਗਮ ਨੇ ਪਿਛਲੇ ਦਿਨੀਂ ਬਾਲ ਕਮਿਸ਼ਨ ਦੇ ਨਿਰਦੇਸ਼ਾਂ 'ਤੇ ਮਜਬੂਰੀ ਵੱਸ ਸਾਈਂ ਦਾਸ ਸਕੂਲ ਦੇ ਕੋਲ ਬਣੇ ਕੂੜੇ ਦੇ ਡੰਪ ਨੂੰ ਹਟਾ ਦਿੱਤਾ ਸੀ ਜਿਸ ਤੋਂ ਬਾਅਦ ਹੁਣ ਤੱਕ ਕਈ ਵਾਰਡਾਂ ਵਿਚ ਕੂੜੇ ਦੀ ਸਮੱਸਿਆ ਆ ਖੜ੍ਹੀ ਹੋਈ ਹੈ।ਇਸ ਸਮੱਸਿਆ ਨੂੰ ਹੱਲ ਕਰਨ ਦੇ ਉਦੇਸ਼ ਨਾਲ ਨਗਰ ਨਿਗਮ ਦੇ ਅਧਿਕਾਰੀਆਂ ਨੇ ਪਲਾਨਿੰਗ ਬਣਾਈ ਸੀ ਕਿ ਟਾਂਡਾ ਰੋਡ 'ਤੇ ਜੈਨ ਪੈਲੇਸ ਕੋਲ ਕੁੱਝ ਸਰਕਾਰੀ ਜ਼ਮੀਨ ਖਾਲੀ ਪਈ ਹੋਈ ਹੈ, ਜਿਸ ਨੂੰ ਡੰਪ ਦੇ ਤੌਰ 'ਤੇ ਵਰਤਿਆ ਜਾ ਸਕਦਾ ਹੈ।
ਇਸ ਪਲਾਨਿੰਗ ਤਹਿਤ ਨਗਰ ਨਿਗਮ ਦੇ ਸੈਨੀਟੇਸ਼ਨ ਇੰਚਾਰਜ ਡਾ. ਰਾਜਕਮਲ ਅੱਜ ਸਵੇਰੇ ਡਿੱਚ ਮਸ਼ੀਨ, ਟਿੱਪਰ ਤੇ ਪੁਲਸ ਫੋਰਸ ਲੈ ਕੇ ਟਾਂਡਾ ਰੋਡ 'ਤੇ ਪੁਰਾਣੇ ਜੈਨ ਪੈਲੇਸ ਪਹੁੰਚੇ ਤਾਂ ਜੋ ਸਾਫ-ਸਫਾਈ ਕਰਵਾ ਕੇ ਡੰਪ ਲਈ ਥਾਂ ਬਣਾਈ ਜਾ ਸਕੇ।ਅਜੇ ਨਿਗਮ ਦੀ ਡਿੱਚ ਮਸ਼ੀਨ ਨੇ ਇਕ ਕੰਧ ਨੂੰ ਹੀ ਤੋੜਿਆ ਸੀ ਕਿ ਉਥੇ ਇਕ ਧਿਰ ਨੇ ਆ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਇਹ ਸਰਕਾਰੀ ਜ਼ਮੀਨ ਨਹੀਂ ਸਗੋਂ ਉਨ੍ਹਾਂ ਦੀ ਪ੍ਰਾਈਵੇਟ ਪ੍ਰਾਪਰਟੀ ਹੈ ਤੇ ਨਿਗਮ ਧੱਕੇਸ਼ਾਹੀ ਕਰ ਰਿਹਾ ਹੈ।

ਕੇ. ਡੀ. ਭੰਡਾਰੀ ਨੇ ਮੌਕੇ 'ਤੇ ਆ ਕੇ ਬੁਲਾਈ ਪੁਲਸ
ਜੈਨ ਪੈਲੇਸ ਕੋਲ ਨਿਗਮ ਦੀ ਡਿੱਚ ਮਸ਼ੀਨ ਚੱਲਦੀ ਵੇਖ ਇਕੱਠੇ ਹੋਏ ਲੋਕਾਂ ਨੇ ਨਾਰਥ ਹਲਕੇ ਦੇ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਨੂੰ ਮੌਕੇ 'ਤੇ ਬੁਲਾ ਲਿਆ। ਸਵਰਾਜ ਸ਼ਰਮਾ ਤੇ ਸੰਘ ਆਗੂ ਵਿਜੇ ਗੁਲਾਟੀ ਨੇ ਕੇ. ਡੀ. ਭੰਡਾਰੀ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਯੋਗੇਸ਼ ਅਗਰਵਾਲ ਦੇ ਕੋਲ ਇਸ ਜ਼ਮੀਨ ਦੀ ਰਜਿਸਟਰੀ ਤੇ ਹੋਰ ਕਾਗਜ਼ਾਤ ਹਨ, ਜਦੋਂਕਿ ਨਿਗਮ ਕੋਲ ਕੁਝ ਨਹੀਂ ਹੈ। ਇਸ ਦੌਰਾਨ ਕੇ. ਡੀ. ਭੰਡਾਰੀ ਤੇ ਉਨ੍ਹਾਂ ਦੇ ਸਮਰਥਕਾਂ ਦੀ ਨਿਗਮ ਟੀਮ ਦੇ ਨਾਲ ਜ਼ੋਰਦਾਰ ਬਹਿਸ ਹੋਈ, ਜਿਸ ਦੌਰਾਨ ਸ਼੍ਰੀ ਭੰਡਾਰੀ ਨੇ ਥਾਣਾ 8 ਦੀ ਪੁਲਸ ਨੂੰ ਬੁਲਾ ਲਿਆ। ਐੱਸ. ਐੱਚ. ਓ. ਸੁਖਜੀਤ ਸਿੰੰਘ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਨੂੰ ਸ਼ਾਂਤ ਕੀਤਾ ਤੇ ਦੋਵਾਂ ਧਿਰਾਂ ਦੇ ਦਸਤਾਵੇਜ਼ ਦੇਖਣ ਤੋਂ ਬਾਅਦ ਇਕ ਮੀਟਿੰਗ ਕੀਤੀ ਗਈ।

10 ਦਿਨਾਂ ਵਿਚ ਕੰਧ ਬਣਾ ਕੇ ਦੇਵੇਗਾ ਨਿਗਮ
ਡਾ. ਰਾਜਕਮਲ ਨੇ ਦਿੱਤਾ ਲਿਖਤੀ ਮੁਆਫੀਨਾਮਾ

ਕਾਫੀ ਦੇਰ ਚੱਲੇ ਵਿਵਾਦ ਤੋਂ ਬਾਅਦ ਹੋਈ ਮੀਟਿੰਗ ਦੌਰਾਨ ਨਗਰ ਨਿਗਮ ਟੀਮ ਦੇ ਤੇਵਰ ਬੇਹੱਦ ਢਿੱਲੇ ਨਜ਼ਰ ਆਏ। ਡਾ. ਰਾਜਕਮਲ ਦਾ ਕਹਿਣਾ ਸੀ ਕਿ ਨਿਗਮ ਦੇ ਪਟਵਾਰੀ ਨੇ ਆਪਣੀ ਰਿਪੋਰਟ ਵਿਚ ਇਸ ਜ਼ਮੀਨ ਨੂੰ ਸਰਕਾਰੀ ਦੱਸਿਆ ਹੈ, ਜਿਸ ਕਾਰਣ ਉਹ ਉਚ ਅਧਿਕਾਰੀਆਂ ਦੇ ਨਿਰਦੇਸ਼ 'ਤੇ ਸਾਫ-ਸਫਾਈ ਕਰਵਾਉਣ ਲਈ ਇਥੇ ਆਏ ਸਨ। ਇਸ ਦੌਰਾਨ ਡਾ. ਰਾਜਕਮਲ ਨੇ ਪੁਲਸ ਤੇ ਦੂਜੀ ਧਿਰ ਨੂੰ ਲਿਖਤੀ ਮੁਆਫੀਨਾਮਾ ਦਿੱਤਾ ਜਿਸ ਵਿਚ ਸਪੱਸ਼ਟ ਲਿਖਿਆ ਗਿਆ ਹੈ ਕਿ ਨਿਗਮ ਟੀਮ ਨੇ ਗਲਤੀ ਨਾਲ ਪ੍ਰਾਈਵੇਟ ਪ੍ਰਾਪਰਟੀ ਦੀ ਕੰਧ ਨੂੰ ਢਾਹ ਦਿੱਤਾ ਹੈ ਹੁਣ 10 ਦਿਨਾਂ ਦੇ ਅੰਦਰ ਨਿਗਮ ਇਸ ਕੰਧ ਨੂੰ ਬਣਾ ਕੇ ਦੇਵੇਗਾ।
ਜ਼ਿਕਰਯੋਗ ਹੈ ਕਿ ਅੱਜ ਹੋਈ ਘਟਨਾ ਤੋਂ ਬਾਅਦ ਕੂੜੇ ਦੀ ਸਮੱਸਿਆ ਨਾਲ ਨਜਿੱਠਣ ਲਈ ਜੈਨ ਪੈਲੇਸ ਕੋਲ ਜਾਂ ਡੰਪ ਬਣਾਉਣ ਦੀਆਂ ਨਿਗਮ ਦੀਆਂ ਕੋਸ਼ਿਸ਼ਾਂ ਨੂੰ ਧੱਕਾ ਲੱਗਾ ਹੈ। ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਨਿਗਮ ਉਸ ਜ਼ਮੀਨ 'ਤੇ ਆਪਣੀ ਮਲਕੀਅਤ ਸਾਬਿਤ ਕਰ ਪਾਉਂਦਾ ਹੈ ਜਾਂ ਨਹੀਂ।

12 ਫੁੱਟ ਚੌੜੀ ਸੜਕ 'ਤੇ ਕਿਵੇਂ ਬਣ ਸਕਦਾ ਹੈ ਡੰਪ
ਇਸ ਵਿਵਾਦ ਦੌਰਾਨ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਨੇ ਕਿਹਾ ਕਿ ਨਗਰ ਨਿਗਮ ਕੋਲੋਂ ਸ਼ਹਿਰ ਦੀ ਕੂੜੇ ਦੀ ਸਮੱਸਿਆ ਦਾ ਹੱਲ ਨਹੀਂ ਕੱਢਿਆ ਜਾ ਰਿਹਾ। ਜੈਨ ਪੈਲੇਸ ਕੋਲ ਕੂੜੇ ਦਾ ਡੰਪ ਬਣ ਹੀ ਨਹੀਂ ਸਕਦਾ ਕਿਉਂਕਿ ਪਹਿਲੀ ਗੱਲ ਤਾਂ ਇਹ ਕਿ ਉਥੇ ਸੜਕ ਹੀ 12 ਫੁੱਟ ਚੌੜੀ ਹੈ। ਵੱਡੀਆਂ ਗੱਡੀਆਂ ਆ-ਜਾ ਨਹੀਂ ਸਕਦੀਆਂ। ਨਾਲ ਹੀ ਦੋ ਰੇਲਵੇ ਫਾਟਕ ਪੈਂਦੇ ਹਨ, ਜਿਸ ਕਾਰਣ ਜਾਮ ਲੱਗਾ ਰਹੇਗਾ। ਵੈਸੇ ਵੀ ਇਹ ਥਾਂ ਕੂੜਾ ਡੰਪ ਬਣਾਉਣ ਲਈ ਢੁਕਵੀਂ ਨਹੀਂ ਹੈ। ਨਿਗਮ ਨੂੰ ਕੂੜੇ ਦੀ ਸਮੱਸਿਆ ਦੇ ਮੱਦੇਨਜ਼ਰ ਜਲਦੀ ਇੰਤਜ਼ਾਮ ਕਰਨਾ ਚਾਹੀਦਾ ਹੈ ਕਿਉਂਕਿ ਕਈ ਵਾਰਡਾਂ ਦੇ ਲੋਕ ਪ੍ਰੇਸ਼ਾਨ ਹੋ ਰਹੇ ਹਨ।


Shyna

Content Editor

Related News