ਜਲੰਧਰ ਸ਼ਹਿਰ 'ਚ ਸੁਰੱਖਿਆ ਅਤੇ ਟਰੈਫਿਕ ਵਿਵਸਥਾ ’ਤੇ ਪੁਲਸ ਦੀ ਰਹੇਗੀ ਤਿੱਖੀ ਨਜ਼ਰ, ਲਗਾਏ ਜਾ ਰਹੇ CCTV ਕੈਮਰੇ

09/29/2022 4:16:01 PM

ਜਲੰਧਰ : (ਜ.ਬ.) ਜਲੰਧਰ ਕਮਿਸ਼ਨਰੇਟ ਪੁਲਸ ਸੁਰੱਖਿਆ ਅਤੇ ਟਰੈਫਿਕ ਵਿਵਸਥਾ ’ਤੇ ਪੂਰੀ ਤਰ੍ਹਾਂ ਨਜ਼ਰ ਰੱਖਣ ਲਈ ਸ਼ਹਿਰ ਦੇ ਮੁੱਖ ਚੌਕਾਂ ’ਤੇ ਪੁਲਸ ਬੂਥ ਬਣਵਾਉਣ ਲਈ ਮੈਪਿੰਗ ਕਰ ਰਹੀ ਹੈ। ਇਨ੍ਹਾਂ ਚੌਕਾਂ ਦੇ ਚਾਰੇ ਪਾਸੇ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣਗੇ, ਜਿਨ੍ਹਾਂ ਦੀ ਸਕ੍ਰੀਨ ਅਤੇ ਡੀ. ਵੀ. ਡੀ. ਪੁਲਸ ਬੂਥਾਂ ਦੇ ਅੰਦਰ ਹੋਵੇਗੀ ਅਤੇ ਚੌਕਾਂ ’ਤੇ ਹੋ ਰਹੀ ਹਰ ਗਤੀਵਿਧੀ ਕੈਮਰੇ ਵਿਚ ਕੈਦ ਹੁੰਦੀ ਰਹੇਗੀ। ਪੁਲਸ ਵੱਲੋਂ ਲਗਵਾਏ ਜਾ ਰਹੇ ਸੀ. ਸੀ. ਟੀ. ਵੀ. ਕੈਮਰੇ ਸਮਾਰਟ ਸਿਟੀ ਪ੍ਰਾਜੈਕਟ ਤੋਂ ਅਲੱਗ ਹੋਣਗੇ। ਇਹ ਕੰਮ ਕਮਿਸ਼ਨਰੇਟ ਪੁਲਸ ਆਪਣੇ ਲੈਵਲ ’ਤੇ ਕਰ ਰਹੀ ਹੈ।

ਇਹ ਵੀ ਪੜ੍ਹੋ : ਕੋਰੋਨਾ ਕਾਲ ਮਗਰੋਂ ਕਮਜ਼ੋਰ ਹੋਇਆ ਪੀੜਤਾਂ ਦਾ ਦਿਲ, ਖ਼ੂਨ ਗਾੜ੍ਹਾ ਹੋਣ ਦੀ ਸ਼ਿਕਾਇਤ

ਜਿਨ੍ਹਾਂ ਮੁੱਖ ਚੌਕਾਂ ’ਤੇ ਪੁਲਸ ਬੂਥ ਬਣਨੇ ਹਨ, ਉਨ੍ਹਾਂ ਵਿਚ ਫਿਲਹਾਲ ਪੀ. ਏ. ਪੀ. ਚੌਂਕ, ਗੁਰੂ ਨਾਨਕ ਮਿਸ਼ਨ ਚੌਂਕ ’ਤੇ ਮੋਹਰ ਲੱਗ ਗਈ ਹੈ ਪਰ 4 ਤੋਂ 5 ਚੌਂਕ ਜਲਦ ਹੀ ਤੈਅ ਕੀਤੇ ਜਾ ਸਕਦੇ ਹਨ। ਏ. ਡੀ. ਸੀ. ਪੀ. ਟਰੈਫਿਕ ਕੰਵਲਪ੍ਰੀਤ ਸਿੰਘ  ਚਾਹਲ ਨੇ ਕਿਹਾ ਕਿ ਫਿਲਹਾਲ ਅਜੇ ਯੋਜਨਾ ਤਹਿਤ ਉਹ ਕੰਮ ਕਰ ਰਹੇ ਹਨ। ਜੇਕਰ ਸਾਰੀ ਪਲਾਨਿੰਗ ਸਹੀ ਚਲਦੀ ਰਹੀ ਤਾਂ ਜਲਦ ਹੀ ਬੂਥ ਤਿਆਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਇਸਦਾ ਅਸਰ ਟਰੈਫਿਕ ਵਿਵਸਥਾ ’ਤੇ ਤਾਂ ਪਵੇਗਾ ਹੀ, ਇਸ ਤੋਂ ਇਲਾਵਾ ਜੇਕਰ ਕੋਈ ਵਾਰਦਾਤ ਵੀ ਹੁੰਦੀ ਹੈ ਤਾਂ ਮੁਲਜ਼ਮਾਂ ਦਾ ਰੂਟ ਕਲੀਅਰ ਕਰਨ ਲਈ ਪੁਲਸ ਦੇ ਨਿੱਜੀ ਕੈਮਰੇ ਦਿਨ-ਰਾਤ ਕਿਸੇ ਵੀ ਸਮੇਂ ਚੈੱਕ ਕੀਤੇ ਜਾ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਕੈਮਰੇ ਨਾਈਟ ਵਿਜ਼ਨ ਦੇ ਹੋਣਗੇ ਤਾਂ ਜੋ ਰਾਤ ਨੂੰ ਫੁਟੇਜ ਦੇਖਣ ਵਿਚ ਕੋਈ ਦਿੱਕਤ ਨਾ ਹੋਵੇ। ਕੈਮਰੇ ਇਸ ਤਰ੍ਹਾਂ ਇੰਸਟਾਲ ਕੀਤੇ ਜਾਣਗੇ, ਜਿਸ ਨਾਲ ਸਾਰੇ ਚੌਕਾਂ ਨੂੰ ਸਕ੍ਰੀਨ ’ਤੇ ਦੇਖਿਆ ਜਾ ਸਕੇ।

ਟਰੈਫਿਕ ਪੁਲਸ ਅਤੇ ਤਹਿਬਾਜ਼ਾਰੀ ਵਿਭਾਗ ਦੀ ਮੀਟਿੰਗ, ਹੋ ਸਕਦਾ ਹੈ ਵੱਡਾ ਐਕਸ਼ਨ

ਟਰੈਫਿਕ ਪੁਲਸ ਦੇ ਅਧਿਕਾਰੀਆਂ ਅਤੇ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਵਿਚ ਬੁੱਧਵਾਰ ਨੂੰ ਇਕ ਮੀਟਿੰਗ ਹੋਈ। ਇਹ ਮੀਟਿੰਗ ਸ਼ਹਿਰ ਦੀਆਂ ਸੜਕਾਂ ’ਤੇ ਹੋ ਰਹੇ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਸੀ। ਮੀਟਿੰਗ ਵਿਚ ਤੈਅ ਹੋਇਆ ਕਿ ਵੀਰਵਾਰ ਤੋਂ ਹੀ ਟਰੈਫਿਕ ਪੁਲਸ ਅਤੇ ਤਹਿਬਾਜ਼ਾਰੀ ਵਿਭਾਗ ਦੀਆਂ ਟੀਮਾਂ ਸਾਂਝੇ ਤੌਰ ’ਤੇ ਸ਼ਹਿਰ ਵਿਚ ਕਾਰਵਾਈ ਲਈ ਉਤਰਨਗੀਆਂ। ਪੁਲਸ ਅਤੇ ਤਹਿਬਾਜ਼ਾਰੀ ਵਿਭਾਗ ਦਾ ਜ਼ਿਆਦਾ ਫੋਕਸ ਰੱਈਸ ਇਲਾਕਿਆਂ ਵਿਚ ਹੋਵੇਗਾ, ਜਿਸ ਵਿਚ ਕੁਝ ਰੈਸਟੋਰੈਂਟ ਦੇ ਮਾਲਕਾਂ ਨੇ ਸੜਕ ’ਤੇ ਟੇਬਲ-ਕੁਰਸੀਆਂ ਲਗਾ ਰੱਖੀਆਂ ਹਨ, ਜਿਸ ਕਾਰਨ ਪਾਰਕਿੰਗ ਦੀ ਥਾਂ ’ਤੇ ਕਬਜ਼ੇ ਕੀਤੇ ਹੋਏ ਹਨ।ਇਹ ਕਾਰਵਾਈ ਸ਼ਹਿਰ ਦੇ ਅੰਦਰੂਨੀ ਅਤੇ ਬਾਹਰੀ ਸਥਾਨਾਂ ਵਿਚ ਹੋਵੇਗੀ। ਵੀਰਵਾਰ ਨੂੰ ਟਰੈਫਿਕ ਪੁਲਸ ਅਤੇ ਤਹਿਬਾਜ਼ਾਰੀ ਵਿਭਾਗ ਦੀਆਂ ਟੀਮਾਂ ਵੱਡਾ ਐਕਸ਼ਨ ਲੈਣ ਦੀ ਤਿਆਰੀ ’ਚ ਹਨ।

ਇਹ ਵੀ ਪੜ੍ਹੋ :  ਹੌਂਸਲੇ ਅੱਗੇ ਔਂਕੜਾਂ ਨੇ ਟੇਕੇ ਗੋਡੇ, ਜਜ਼ਬੇ ਦੀ ਮਿਸਾਲ ਹੈ ਜ਼ਿੰਦਗੀ ਜਿਊਣ ਦਾ ਸੁਫ਼ਨਾ ਛੱਡ ਚੁੱਕੀ ਜਗਦੀਸ਼ ਕੌਰ

ਹੁਣ ਚਲਾਨ ਹੋਇਆ ਤਾਂ ਕਾਨੂੰਨੀ ਕਾਰਵਾਈ ਦੀ ਵੀ ਹੋਵੇਗੀ ਪ੍ਰੋਸੀਡਿੰਗ

ਸੂਤਰਾਂ ਦੀ ਮੰਨੀਏ ਤਾਂ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਟਰੈਫਿਕ ਪੁਲਸ ਅਤੇ ਤਹਿਬਾਜ਼ਾਰੀ ਵਿਭਾਗ ਕਾਫੀ ਗੰਭੀਰ ਹੈ। ਕਿਸੇ ਵੀ ਤਰ੍ਹਾਂ ਸੜਕਾਂ ਨੂੰ ਕਬਜ਼ਾ ਮੁਕਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਵਾਰ ਚਲਾਨ ਹੋਏ ਤਾਂ ਚਲਾਨ ਦੇ ਜੁਰਮਾਨੇ ਦੇ ਨਾਲ-ਨਾਲ ਕਾਨੂੰਨੀ ਪ੍ਰੋਸੀਡਿੰਗ ਵੀ ਕੀਤੀ ਜਾ ਸਕਦੀ ਹੈ। ਹਾਲਾਂਕਿ ਟਰੈਫਿਕ ਪੁਲਸ ਅਤੇ ਤਹਿਬਾਜ਼ਾਰੀ ਵਿਭਾਗ ’ਤੇ ਕਿਸੇ ਤਰ੍ਹਾਂ ਦਾ ਸਿਆਸੀ ਦਬਾਅ ਨਾ ਹੋਇਆ ਤਾਂ ਜਲਦ ਹੀ ਸ਼ਹਿਰ ਦੀਆਂ ਸੜਕਾਂ ਨੂੰ ਕਬਜ਼ਾ ਮੁਕਤ ਕੀਤਾ ਜਾ ਸਕਦਾ ਹੈ।

5-5 ਫੁੱਟ ਖੁੱਲ੍ਹੀਆਂ ਕੀਤੀਆਂ ਜਾਣਗੀਆਂ ਅਲੀ ਪੁਲੀ ਮੁਹੱਲੇ ਦੀਆਂ ਦੋਵੇਂ ਸਾਈਡਾਂ

ਤਹਿਬਾਜ਼ਾਰੀ ਵਿਭਾਗ ਅਤੇ ਟਰੈਫਿਕ ਪੁਲਸ ਦੀ ਹੋਈ ਮੀਟਿੰਗ ਵਿਚ ਕਿਹਾ ਗਿਆ ਕਿ ਅਲੀ ਪੁਲੀ ਮੁਹੱਲੇ ਦੇ ਬਾਹਰ ਲੱਗਣ ਵਾਲੀ ਦੋਪਹੀਆ ਵਾਹਨਾਂ ਦੀ ਮਾਰਕੀਟ ਵਾਲਿਆਂ ਨਾਲ ਗੱਲ ਹੋ ਗਈ ਹੈ ਕਿ ਉਹ 5-5 ਫੁੱਟ ਪਿੱਛੇ ਹਟਣ ਨੂੰ ਤਿਆਰ ਹਨ। ਅਜਿਹੇ ਵਿਚ ਅਲੀ ਪੁਲੀ ਮੁਹੱਲੇ ਦੀਆਂ ਦੋਵੇਂ ਸਾਈਡਾਂ 5-5 ਫੁੱਟ ਖ਼ਾਲੀ ਹੋ ਜਾਣਗੀਆਂ। ਤਹਿਬਾਜ਼ਾਰੀ ਵਿਭਾਗ ਦੀ ਮੰਨੀਏ ਤਾਂ ਜਲਦ ਹੀ ਉਹ ਪੁਰਾਣੀ ਯੈਲੋ ਲਾਈਨ ਮਿਟਾ ਕੇ 5 ਫੁੱਟ ਪਿੱਛੇ ਯੈਲੋ ਲਾਈਨ ਲਗਾਏਗਾ, ਜਿਸ ਨਾਲ ਰੋਡ ਕਾਫ਼ੀ ਖੁੱਲ੍ਹਾ ਹੋ ਜਾਵੇਗਾ। ਏ. ਡੀ. ਸੀ. ਪੀ. ਟਰੈਫਿਕ ਕੰਵਲਜੀਤ ਸਿੰਘ ਚਾਹਲ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਸਮੂਥ ਟਰੈਫਿਕ ਚਲਾਉਣ ਲਈ ਹਰ ਕੋਸ਼ਿਸ਼ ਕੀਤੀ ਜਾਵੇਗੀ।


 

Harnek Seechewal

This news is Content Editor Harnek Seechewal