ਮ੍ਰਿਤਕ ਪੈਦਾ ਹੋਇਆ ਹਾਦਸੇ ਦਾ ਸ਼ਿਕਾਰ ਹੋਈ ਗਰਭਵਤੀ ਦਾ ਬੱਚਾ, ਔਰਤ ਦੀ ਵੀ ਹੋਈ ਮੌਤ

08/08/2022 6:09:01 PM

ਨੂਰਪੁਰਬੇਦੀ (ਭੰਡਾਰੀ)-ਆਪਣੇ ਪਤੀ ਨਾਲ 9 ਮਹੀਨੇ ਦੀ ਗਰਭਵਤੀ ਔਰਤ ਸਾਈਕਲ ’ਤੇ ਸਵਾਰ ਹੋ ਕੇ ਦਵਾਈ ਲੈਣ ਨਿਕਲੀ ਤਾਂ ਪਿੱਛੇ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਕਤ ਗਰਭਵਤੀ ਔਰਤ ਅਤੇ ਉਸ ਦੇ ਗਰਭ ’ਚ ਪਲ ਰਹੇ ਬੱਚੇ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮਾਮਲੇ ਸਬੰਧੀ ਨੂਰਪੁਰਬੇਦੀ ਪੁਲਸ ਸਟੇਸ਼ਨ ਨੂੰ ਦਿੱਤੀ ਸ਼ਿਕਾਇਤ ਮੁਤਾਬਕ ਵਿਨੋਦ ਰਿਸ਼ੀ ਦੇਵ ਪੁੱਤਰ ਫੁਲਸਰ ਰਿਸ਼ੀਦੇਵ ਨਿਵਾਸੀ ਵਾਰਡ ਨੰਬਰ 5 ਪਚੀਰਾ, ਥਾਣਾ ਰਾਣੀਗੰਜ ਜ਼ਿਲਾ ਅਰਰੀਆ (ਬਿਹਾਰ) ਹਾਲ ਨਿਵਾਸੀ ਪਿੰਡ ਝਾਂਗੜੀਆਂ, ਥਾਣਾ ਨੂਰਪੁਰਬੇਦੀ ਨੇ ਦੱਸਿਆ ਕਿ ਉਹ ਝੱਜ ਚੌਂਕ ਬਾਜ਼ਾਰ ਵਿਖੇ ਘਰੇਲੂ ਸਾਮਾਨ ਖ਼ਰੀਦਣ ਲਈ ਆਇਆ ਹੋਇਆ ਸੀ ਅਤੇ ਜਦੋਂ ਉਹ ਸਮਾਨ ਲੈ ਕੇ ਵਾਪਸ ਝਾਂਗੜੀਆਂ ਪਿੰਡ ਜਾਣ ਲਈ ਪੈਦਲ ਮੁੱਖ ਸੜਕ ਪਾਰ ਕਰਨ ਲੱਗਾ ਤਾਂ ਵੇਖਿਆ ਕਿ ਉਸ ਦਾ ਸਾਲਾ ਲੱਡੂ ਕੁਮਾਰ ਆਪਣੀ ਪਤਨੀ ਸਮਤੌਲੀ ਕੁਮਾਰੀ ਜੋ 9 ਮਹੀਨੇ ਦੀ ਗਰਭਵਤੀ ਸੀ ਨੂੰ ਦਵਾਈ ਲੈਣ ਲਈ ਨਜ਼ਦੀਕੀ ਪਿੰਡ ਡੂਮੇਵਾਲ ਜਾ ਰਿਹਾ ਸੀ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਟੋਲ ਪਲਾਜ਼ਾ ’ਤੇ ਵਿਧਾਇਕ ਦੀ ‘ਦਬੰਗਈ’, VIP ਲੇਨ ਨਹੀਂ ਖੁੱਲ੍ਹੀ ਤਾਂ ਤੁੜਵਾ ਦਿੱਤਾ ਬੈਰੀਅਰ

ਇਸ ਦੌਰਾਨ ਦੁਪਹਿਰ ਕਰੀਬ 2:30 ਵਜੇ ਇਕ ਚਿੱਟੇ ਰੰਗ ਦੀ ਕਾਰ ਝੱਜ ਚੌਕ ਵੱਲੋਂ ਤੇਜ਼ ਰਫ਼ਤਾਰ ਨਾਲ ਆ ਰਹੀ ਸੀ, ਜਿਸ ਦੇ ਚਾਲਕ ਨੇ ਲਾਪਰਵਾਹੀ ਨਾਲ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜਿਸ ’ਤੇ ਉਸ ਦਾ ਸਾਲਾ ਅਤੇ ਉਸ ਦੀ ਘਰਵਾਲੀ ਸੜਕ ’ਤੇ ਡਿੱਗ ਪਏ। ਇਸ ਦੌਰਾਨ ਜ਼ਖ਼ਮੀ ਹੋਏ ਸਾਲੇ ਲੱਡੂ ਕੁਮਾਰ ਅਤੇ ਸਾਲੇਹਾਰ ਸਮਤੌਲੀ ਕੁਮਾਰੀ ਨੂੰ ਰਾਹਗੀਰਾਂ ਦੀ ਮਦਦ ਦੇ ਨਾਲ ਨਿੱਜੀ ਵਾਹਨ ਰਾਹੀਂ ਇਲਾਜ ਲਈ ਸਿੰਘਪੁਰ ਹਸਪਤਾਲ ਪਹੁੰਚਾਇਆ ਗਿਆ।

ਬਾਅਦ ’ਚ ਹਾਲਤ ਵਿਗੜਨ ਕਾਰਨ ਉਸ ਨੂੰ ਸਿਵਲ ਹਸਪਤਾਲ ਰੂਪਨਗਰ ਤੋਂ ਪੀ. ਜੀ. ਆਈ. ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ, ਜਿੱਥੇ ਸਮਤੋਲੀ ਕੁਮਾਰੀ ਦੇ ਆਪ੍ਰੇਸ਼ਨ ਦੌਰਾਨ ਮ੍ਰਿਤਕ ਨਵਜਾਤ ਬੱਚਾ ਪੈਦਾ ਹੋਇਆ ਅਤੇ ਬਾਅਦ ’ਚ ਇਲਾਜ ਦੌਰਾਨ ਉਸ ਦੀ ਸਾਲੇਹਾਰ ਦੀ ਵੀ ਮੌਤ ਹੋ ਗਈ। ਨੂਰਪੁਰਬੇਦੀ ਪੁਲਸ ਨੇ ਕਾਰਵਾਈ ਕਰਦਿਆਂ ਨਾਮਲੂਮ ਕਾਰ ਚਾਲਕ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 279, 304-2,427 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਲਾਸ਼ ਨੂੰ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ ।

ਇਹ ਵੀ ਪੜ੍ਹੋ: ਮਾਤਾ ਨੈਣਾ ਦੇਵੀ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, 2 ਦੀ ਮੌਤ, 32 ਜ਼ਖ਼ਮੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News