ਗਰਭਵਤੀ ਔਰਤ ਦੀ ਇਲਾਜ ’ਚ ਹੋਈ ਮੌਤ ’ਤੇ ਕੰਜ਼ਿਊਮਰ ਕੋਰਟ ਨੇ ਲਾਇਆ 5 ਲੱਖ ਦਾ ਜੁਰਮਾਨਾ

10/06/2021 5:08:55 PM

ਜਲੰਧਰ (ਵਿਸ਼ੇਸ਼)–ਜਲੰਧਰ ਦੀ ਕੰਜ਼ਿਊਮਰ ਕੋਰਟ ਨੇ ਇਲਾਜ ਦੌਰਾਨ ਲਾਪ੍ਰਵਾਹੀ ਕਾਰਨ ਹੋਈ ਔਰਤ ਦੀ ਮੌਤ ਦੇ ਮਾਮਲੇ ਵਿਚ ਰਾਮਾ ਮੰਡੀ ਦੇ ਗੁੱਡਵਿਲ ਹਸਪਤਾਲ ਨੂੰ 5 ਲੱਖ ਰੁਪਏ ਜੁਰਮਾਨੇ ਦੇ ਨਾਲ-ਨਾਲ ਮੁਕੱਦਮੇ ਦੇ ਖ਼ਰਚ ਦੇ ਰੂਪ ਵਿਚ 50 ਹਜ਼ਾਰ ਰੁਪਏ ਅਦਾ ਕਰਨ ਦੇ ਹੁਕਮ ਦਿੱਤੇ ਹਨ। ਪਟੀਸ਼ਨਕਰਤਾ ਜਲੰਧਰ ਕੈਂਟ ਵਾਸੀ ਗਗਨ ਨੇ ਕੰਜ਼ਿਊਮਰ ਕੋਰਟ ਵਿਚ ਦਾਇਰ ਕੀਤੀ ਗਈ ਆਪਣੀ ਸ਼ਿਕਾਇਤ ਵਿਚ ਕਿਹਾ ਸੀ ਕਿ ਉਸ ਦੀ ਗਰਭਵਤੀ ਪਤਨੀ ਬਬੀਤਾ ਨੂੰ 28 ਸਤੰਬਰ 2017 ਨੂੰ ਗੁੱਡਵਿਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਅਤੇ ਬਬੀਤਾ ਨੇ ਹਸਪਤਾਲ ਵਿਚ ਇਕ ਬੱਚੇ ਨੂੰ ਜਨਮ ਦਿੱਤਾ। 

ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਘਟਨਾ: ਮ੍ਰਿਤਕਾਂ ਦੇ ਪਰਿਵਾਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ

ਇਸ ਦੌਰਾਨ ਹਸਪਤਾਲ ਪ੍ਰਬੰਧਨ ਨੇ ਉਨ੍ਹਾਂ ਨੂੰ ਕਿਹਾ ਕਿ ਬਬੀਤਾ ਅਤੇ ਉਸ ਦੇ ਬੱਚੇ ਵਿਚੋਂ ਕਿਸੇ ਇਕ ਦੀ ਜਾਨ ਬਚਾਈ ਜਾ ਸਕਦੀ ਹੈ। ਬਬੀਤਾ ਨੂੰ ਸਰਜਰੀ ਲਈ ਸ਼ਾਮ 6.30 ਵਜੇ ਆਪ੍ਰੇਸ਼ਨ ਥੀਏਟਰ ਵਿਚ ਲਿਜਾਇਆ ਗਿਆ ਸੀ ਅਤੇ ਇਲਾਜ ਦੌਰਾਨ ਡਾਕਟਰ ਨੇ ਆਕਸੀਟੋਸਿਨ ਦੇ ਇੰਜੈਕਸ਼ਨ ਨਹੀਂ ਦਿੱਤੇ ਸਨ, ਜਿਸ ਕਾਰਨ ਬਬੀਤਾ ਦੇ ਯੂਟ੍ਰੇਸ ਵਿਚ ਪ੍ਰੇਸ਼ਾਨੀ ਆ ਗਈ ਅਤੇ ਉਸ ਦੇ ਯੂਟ੍ਰੇਸ ਤੋਂ ਜ਼ਿਆਦਾ ਖ਼ੂਨ ਵਹਿਣ ਕਾਰਨ ਉਸ ਦੀ ਹਾਲਤ ਵਿਗੜ ਗਈ। ਬਬੀਤਾ ਦੀ ਹਾਲਤ ਵਿਗੜਨ ਤੋਂ ਬਾਅਦ ਉਸਨੂੰ ਅਪੋਲੋ ਹਸਪਤਾਲ ਵਿਚ ਰੈਫਰ ਕਰਨ ਦੀ ਸਲਾਹ ਦਿੱਤੀ ਗਈ। ਉਸ ਤੋਂ ਬਾਅਦ 29 ਸਤੰਬਰ 2017 ਨੂੰ ਬਬੀਤਾ ਨੂੰ ਐੱਸ. ਪੀ. ਐੱਸ. ਹਸਪਤਾਲ ਲੁਧਿਆਣਾ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਹ ਵੀ ਪੜ੍ਹੋ : ਜਲੰਧਰ ’ਚ ਭਿਆਨਕ ਹਾਦਸਾ, ਪਲਟੀਆਂ ਖਾ ਕੇ ਪੁਲੀ ’ਤੇ ਚੜ੍ਹੀ ਕਾਰ, ਦੋ ਨੌਜਵਾਨਾਂ ਦੀ ਮੌਤ

ਪਟੀਸ਼ਨਕਰਤਾ ਨੇ ਆਪਣੇ ਵਕੀਲ ਜਤਿੰਦਰ ਅਰੋੜਾ ਰਾਹੀਂ ਹਸਪਤਾਲ ਦੀ ਇਸ ਲਾਪ੍ਰਵਾਹੀ ਖ਼ਿਲਾਫ਼ ਕੰਜ਼ਿਊਮਰ ਕੋਰਟ ਵਿਚ ਮਾਮਲਾ ਦਰਜ ਕਰਵਾ ਦਿੱਤਾ, ਹਾਲਾਂਕਿ ਮਾਮਲੇ ਦੀ ਸੁਣਵਾਈ ਦੌਰਾਨ ਹਸਪਤਾਲ ਨੇ ਆਪਣੇ ਵੱਲੋਂ ਇਲਾਜ ਵਿਚ ਕਿਸੇ ਤਰ੍ਹਾਂ ਦੀ ਲਾਪ੍ਰਵਾਹੀ ਨਾ ਹੋਣ ਦਾ ਤਰਕ ਦਿੱਤਾ ਪਰ ਕੰਜ਼ਿਊਮਰ ਕੋਰਟ ਹਸਪਤਾਲ ਦੇ ਤਰਕ ਨਾਲ ਸਹਿਮਤ ਨਹੀਂ ਹੋਈ ਕਿਉਂਕਿ ਪਟੀਸ਼ਨਕਰਤਾ ਦੇ ਵਕੀਲ ਨੇ ਇਸ ਤਰ੍ਹਾਂ ਦੀ ਲਾਪ੍ਰਵਾਹੀ ਨੂੰ ਲੈ ਕੇ ਸੁਪਰੀਮ ਕੋਰਟ ਅਤੇ ਸਟੇਟ ਕੰਜ਼ਿਊਮਰ ਫੋਰਮ ਦੇ ਫੈਸਲਿਆਂ ਦਾ ਹਵਾਲਾ ਦਿੱਤਾ। ਪਟੀਸ਼ਨਕਰਤਾ ਦੇ ਵਕੀਲ ਦੇ ਤਰਕਾਂ ਨਾਲ ਸਹਿਮਤੀ ਜਤਾਉਂਦਿਆਂ ਮਾਣਯੋਗ ਅਦਾਲਤ ਨੇ ਹਸਪਤਾਲ ਨੂੰ ਇਲਾਜ ਵਿਚ ਲਾਪ੍ਰਵਾਹੀ ਦਾ ਦੋਸ਼ੀ ਪਾਉਂਦਿਆਂ 5 ਲੱਖ ਰੁਪਏ ਜੁਰਮਾਨਾ ਅਦਾ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਹਸਪਤਾਲ ਨੂੰ 45 ਦਿਨ ਦੇ ਅੰਦਰ-ਅੰਦਰ ਪਟੀਸ਼ਨਕਰਤਾ ਨੂੰ ਇਸ ਮਾਮਲੇ ਦੀ ਕਾਨੂੰਨੀ ਲੜਾਈ ’ਤੇ ਖ਼ਰਚ ਹੋਏ 50 ਹਜ਼ਾਰ ਰੁਪਏ ਵੀ ਅਦਾ ਕਰਨੇ ਹੋਣਗੇ।

ਇਹ ਵੀ ਪੜ੍ਹੋ : ਜਲੰਧਰ: 8 ਮਹੀਨਿਆਂ ਦੇ ਬੱਚੇ ਦੀ ਮੌਤ ਤੋਂ ਬਾਅਦ ਭਿੜੇ ਦਾਦਕੇ ਤੇ ਨਾਨਕੇ, ਮੁਰਦਾ ਘਰ ’ਚ ਕੀਤਾ ਹੰਗਾਮਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri