ਮੇਅਰ ਵੱਲੋਂ ਬੁਲਾਈ ਪ੍ਰੀ-ਹਾਊਸ ਮੀਟਿੰਗ ਦੌਰਾਨ ਹੀ ਆਪਸ ’ਚ ਉਲਝ ਗਏ ਕਾਂਗਰਸੀ ਕੌਂਸਲਰ

06/08/2022 1:39:43 PM

ਜਲੰਧਰ (ਖੁਰਾਣਾ, ਸੋਮਨਾਥ)– 5 ਸਾਲ ਪੰਜਾਬ ਅਤੇ ਉਸ ਦੇ ਨਾਲ-ਨਾਲ ਜਲੰਧਰ ਨਿਗਮ ’ਤੇ ਵੀ ਰਾਜ ਕਰਨ ਵਾਲੀ ਕਾਂਗਰਸ ਦੇ ਆਗੂ ਆਪਸ ਵਿਚ ਉਲਝ ਕੇ ਨਾ ਸਿਰਫ਼ ਸੱਤਾ ਤੋਂ ਵਾਂਝੇ ਹੋ ਚੁੱਕੇ ਹਨ, ਸਗੋਂ ‘ਆਪ’ ਵਰਗੀ ਬਿਲਕੁਲ ਨਵੀਂ ਪਾਰਟੀ ਨੂੰ ਪੰਜਾਬ ਦੀ ਸੱਤਾ ਸੌਂਪਣ ਦਾ ਕੰਮ ਵੀ ਕਰ ਚੁੱਕੇ ਹਨ। ਹੁਣ ਜਲੰਧਰ ਨਗਰ ਨਿਗਮ ਵਿਚ ਵੀ ਕਾਂਗਰਸੀਆਂ ਦੀ ਇਹ ਆਪਸੀ ਫੁੱਟ ਰੁਕਣ ਦਾ ਨਾਂ ਨਹੀਂ ਲੈ ਰਹੀ। ਮੰਗਲਵਾਰ ਮੇਅਰ ਜਗਦੀਸ਼ ਰਾਜਾ ਨੇ ਮਾਡਲ ਟਾਊਨ ਕੈਂਪ ਆਫਿ਼ਸ ਵਿਚ ਪ੍ਰੀ-ਹਾਊਸ ਮੀਟਿੰਗ ਬੁਲਾਈ, ਜਿਸ ਦੌਰਾਨ 8 ਜੂਨ ਨੂੰ ਹੋਣ ਜਾ ਰਹੀ ਕੌਂਸਲਰ ਹਾਊਸ ਦੀ ਮੀਟਿੰਗ ਸਬੰਧੀ ਰਣਨੀਤੀ ਤੈਅ ਕੀਤੀ ਜਾਣੀ ਸੀ ਪਰ ਇਸ ਮੀਟਿੰਗ ਦੌਰਾਨ ਕਈ ਕਾਂਗਰਸੀ ਕੌਂਸਲਰ ਆਪਸ ਵਿਚ ਹੀ ਇੰਨਾ ਉਲਝ ਗਏ ਕਿ ਨੌਬਤ ਤੂੰ-ਤੂੰ, ਮੈਂ-ਮੈਂ ਤੱਕ ਜਾ ਪੁੱਜੀ।

ਕਾਂਗਰਸ ਦੀ ਸਰਕਾਰ ਹੋਣ ਦੇ ਬਾਵਜੂਦ ਅਫ਼ਸਰਸ਼ਾਹੀ ਦੇ ਹਾਵੀ ਹੋਣ ਅਤੇ ਲੰਮੇ ਸਮੇਂ ਤੋਂ ਕਾਂਗਰਸੀਆਂ ਦੇ ਹੀ ਕੰਮ ਨਾ ਹੋਣ ਕਾਰਨ ਕਈ ਕਾਂਗਰਸੀ ਕੌਂਸਲਰਾਂ ਦੇ ਤੇਵਰ ਕਾਫ਼ੀ ਤਿੱਖੇ ਰਹੇ। ਮੰਨਿਆ ਜਾ ਰਿਹਾ ਹੈ ਕਿ 8 ਜੂਨ ਨੂੰ ਹੋਣ ਜਾ ਰਹੀ ਕੌਂਸਲਰ ਹਾਊਸ ਦੀ ਮੀਟਿੰਗ ਵਿਚ ਵੀ ਅਫਸਰਾਂ ਦੇ ਸਾਹਮਣੇ ਕਾਂਗਰਸੀ ਅਜਿਹੀ ਹੀ ਫੁੱਟ ਦਾ ਪ੍ਰਦਰਸ਼ਨ ਕਰਕੇ ਮਜ਼ਾਕ ਦਾ ਕਾਰਨ ਬਣ ਸਕਦੇ ਹਨ।

ਇਹ ਵੀ ਪੜ੍ਹੋ: ਅਹਿਮ ਖ਼ਬਰ, ਇਸ ਦਿਨ ਤੋਂ ਚੱਲੇਗੀ ਦਿੱਲੀ ਏਅਰਪੋਰਟ ਲਈ ਵੋਲਵੋ ਬੱਸ, ਅੱਧੇ ਕਿਰਾਏ ’ਚ ਮਿਲੇਗਾ ‘ਲਗਜ਼ਰੀ ਸਫ਼ਰ’

ਨੀਰਜਾ ਅਤੇ ਪਵਨ ’ਚ ਹੋਈ ਤਿੱਖੀ ਤਕਰਾਰ
ਮੀਟਿੰਗ ਦੌਰਾਨ ਕੌਂਸਲਰ ਬਚਨ ਲਾਲ ਅਤੇ ਭਾਰਗੋ ਕੈਂਪ ਦੇ ਹੋਰ ਕੌਂਸਲਰਾਂ ਨੇ ਜਦੋਂ ਸੀਵਰੇਜ ਸਮੱਸਿਆ ਦਾ ਮੁੱਦਾ ਉਠਾਇਆ ਤਾਂ ਕੌਂਸਲਰ ਪਵਨ ਨੇ ਦਖ਼ਲਅੰਦਾਜ਼ੀ ਕਰਦਿਆਂ ਕਿਹਾ ਕਿ ਹਾਊਸ ਦੀ ਮੀਟਿੰਗ ਦੌਰਾਨ ਉਨ੍ਹਾਂ ਦੇ ਪ੍ਰਸਤਾਵ ’ਤੇ ਜੇਕਰ ਇਕਜੁੱਟਤਾ ਵਿਖਾਈ ਜਾਵੇ ਤਾਂ ਕਾਂਗਰਸ ਹਾਵੀ ਹੋ ਸਕਦੀ ਹੈ ਪਰ ਇਸੇ ਵਿਚਕਾਰ ਕੌਂਸਲਰ ਨੀਰਜਾ ਜੈਨ ਨੇ ਦਖ਼ਲ ਦਿੰਦਿਆਂ ਕਿਹਾ ਕਿ ਜਦੋਂ ਉਹ ਇਸ਼ਤਿਹਾਰ ਮਾਮਲਿਆਂ ਸਬੰਧੀ ਪ੍ਰਸਤਾਵ ਲਿਆਏ ਸਨ ਤਾਂ ਅਜਿਹੀ ਇਕਜੁੱਟਤਾ ਉਦੋਂ ਕਿਉਂ ਨਹੀਂ ਦਿਖਾਈ ਗਈ। ਉਨ੍ਹਾਂ ਨੂੰ ਇਕੱਲਿਆਂ ਹੀ ਅਦਾਲਤੀ ਕੇਸਾਂ ਦਾ ਸਾਹਮਣਾ ਕਰਨਾ ਪਿਆ ਅਤੇ ਕਿਸੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਇਸ ਤਕਰਾਰ ਕਾਰਨ ਮੀਟਿੰਗ ਦਾ ਮਾਹੌਲ ਕਾਫੀ ਦੇਰ ਤੱਕ ਤਲਖੀ ਭਰਪੂਰ ਰਿਹਾ।

‘ਆਪ’ ਵਿਧਾਇਕਾਂ ’ਤੇ ਦਬਾਅ ਬਣਾਉਣ ਦੀ ਨੀਤੀ ਬਣੀ
ਮੀਟਿੰਗ ਦੌਰਾਨ ਕਾਂਗਰਸੀ ਕੌਂਸਲਰਾਂ ਨੇ ਤੈਅ ਕੀਤਾ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਸਰਕਾਰ ਨੇ ਜਲੰਧਰ ਨਿਗਮ ਕੋਲੋਂ ਜਿਹੜੀਆਂ ਗ੍ਰਾਂਟਾਂ ਵਾਪਸ ਮੰਗਵਾ ਲਈਆਂ ਹਨ, ਉਨ੍ਹਾਂ ਨੂੰ ਦੁਬਾਰਾ ਨਿਗਮ ਵਿਚ ਲਿਆਉਣ ਸਬੰਧੀ ਆਮ ਆਦਮੀ ਪਾਰਟੀ ਦੇ ਦੋਵਾਂ ਵਿਧਾਇਕਾਂ ’ਤੇ ਦਬਾਅ ਬਣਾਇਆ ਜਾਵੇ। ਜੇਕਰ ਉਹ ਹਾਊਸ ਦੀ ਮੀਟਿੰਗ ਵਿਚ ਸ਼ਾਮਲ ਹੁੰਦੇ ਹਨ ਤਾਂ।

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਵੱਲੋਂ ਸ੍ਰੀ ਆਨੰਦਪੁਰ ਸਾਹਿਬ 'ਚ ਹੋ ਰਹੀ ਨਾਜਾਇਜ਼ ਮਾਈਨਿੰਗ ਦਾ ਖ਼ੁਲਾਸਾ, ਮਾਨ ਸਰਕਾਰ 'ਤੇ ਚੁੱਕੇ ਸਵਾਲ

ਮੀਟਿੰਗ ਵਿਚ ਮੌਜੂਦ ਨਹੀਂ ਰਹਿਣਗੇ ਨਿਗਮ ਕਮਿਸ਼ਨਰ
ਅੱਜ ਤੱਕ ਜਲੰਧਰ ਨਿਗਮ ਦੀਆਂ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਹਨ, ਉਨ੍ਹਾਂ ਵਿਚ ਨਿਗਮ ਕਮਿਸ਼ਨਰ ਦੀ ਹਾਜ਼ਰੀ ਯਕੀਨੀ ਰਹੀ ਹੈ ਪਰ 8 ਜੂਨ ਨੂੰ ਸ਼ਾਇਦ ਪਹਿਲੀ ਵਾਰ ਹੋਵੇਗਾ ਕਿ ਮੀਟਿੰਗ ਬਿਨਾਂ ਨਿਗਮ ਕਮਿਸ਼ਨਰ ਦੇ ਹੀ ਹੋਵੇਗੀ।
ਜ਼ਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਨਿਗਮ ਦੀ ਨਵੀਂ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਬੀਮਾਰ ਚੱਲ ਰਹੇ ਹਨ, ਜਿਸ ਕਾਰਨ ਸ਼ਾਇਦ ਉਹ ਬੁੱਧਵਾਰ ਨੂੰ ਹੋਣ ਜਾ ਰਹੀ ਮੀਟਿੰਗ ਵਿਚ ਹਾਜ਼ਰ ਨਾ ਹੋਣ। ਉਨ੍ਹਾਂ ਦੀ ਗੈਰ-ਹਾਜ਼ਰੀ ਵਿਚ ਜੁਆਇੰਟ ਕਮਿਸ਼ਨਰ ਗੁਰਵਿੰਦਰ ਕੌਰ ਰੰਧਾਵਾ ਦੇ ਮੋਢਿਆਂ ’ਤੇ ਇਹ ਜ਼ਿੰਮੇਵਾਰੀ ਪਾਈ ਜਾ ਸਕਦੀ ਹੈ।

ਪੈਂਡਿੰਗ ਰੱਖੇ ਜਾ ਸਕਦੇ ਹਨ ਕਈ ਪ੍ਰਸਤਾਵ
ਉਂਝ ਤਾਂ ਕੌਂਸਲਰ ਹਾਊਸ ਦੇ ਏਜੰਡੇ ਵਿਚ ਵਧੇਰੇ ਪ੍ਰਸਤਾਵ ਅਜਿਹੇ ਹਨ, ਜਿਹੜੇ ਪਹਿਲਾਂ ਹੀ ਮਨਜ਼ੂਰ ਕੀਤੇ ਜਾ ਚੁੱਕੇ ਹਨ ਪਰ ਫਿਰ ਵੀ ਕੁਝ ਪ੍ਰਸਤਾਵਾਂ ਨੂੰ ਪੈਂਡਿੰਗ ਰੱਖਣ ਸਬੰਧੀ ਅੱਜ ਰਣਨੀਤੀ ਬਣਾਈ ਗਈ। ਇਨ੍ਹਾਂ ਵਿਚ ਕੂੜਾ ਢੋਣ ਵਾਲੀ ਮਸ਼ੀਨਰੀ ਦੀ ਖਰੀਦ ਸਬੰਧੀ ਪ੍ਰਸਤਾਵ ਅਤੇ ਕੁੱਤਿਆਂ ਦੀ ਨਸਬੰਦੀ ਨਾਲ ਸਬੰਧਤ ਆਈਟਮ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਮੀਟਿੰਗ ਦੌਰਾਨ ਕੌਂਸਲਰ ਸ਼ਮਸ਼ੇਰ ਖਹਿਰਾ, ਰਾਜੀਵ ਓਂਕਾਰ ਟਿੱਕਾ, ਦੇਸਰਾਜ ਜੱਸਲ, ਮਨਦੀਪ ਜੱਸਲ, ਨਿਰਮਲ ਸਿੰਘ ਨਿੰਮਾ ਵਰਗੇ ਕਈ ਕੌਂਸਲਰ ਬਾਗੀ ਤੇਵਰ ਅਪਣਾ ਸਕਦੇ ਹਨ ਪਰ ਫਿਰ ਕੌਂਸਲਰ ਪਵਨ, ਬੰਟੀ ਨੀਲਕੰਠ, ਮਨਮੋਹਨ ਰਾਜੂ, ਤਰਸੇਮ ਲਖੋਤਰਾ ਅਤੇ ਜਗਦੀਸ਼ ਦਕੋਹਾ ਵਰਗੇ ਕੌਂਸਲਰ ਮੇਅਰ ’ਤੇ ਹੋਣ ਵਾਲੇ ਹਮਲਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਸਕਦੇ ਹਨ।
ਮੀਟਿੰਗ ਦੌਰਾਨ ਵਧੇਰੇ ਕਾਂਗਰਸੀ ਕੌਂਸਲਰ ਆਪਣੀ ਹੀ ਸਰਕਾਰ ਦੌਰਾਨ ਹੋਏ ਘਪਲਿਆਂ ਅਤੇ ਨਾਕਾਮੀਆਂ ਦਾ ਮੁੱਦਾ ਉਠਾ ਕੇ ਕਾਂਗਰਸ ਲਈ ਮੁਸ਼ਕਲਾਂ ਪੈਦਾ ਕਰ ਸਕਦੇ ਹਨ। ਅੱਜ ਹੋਈ ਮੀਟਿੰਗ ਦੌਰਾਨ ਕੌਂਸਲਰ ਬੱਬੀ ਨੇ ਇਹ ਕਹਿ ਕੇ ਕਿ ਉਨ੍ਹਾਂ ਵਿਧਾਇਕ ਰਹੇ ਬੇਰੀ ਨੂੰ ਹਰਾਉਣ ਲਈ ਪੂਰਾ ਜ਼ੋਰ ਲਾਇਆ, ਮਾਹੌਲ ਨੂੰ ਕਾਫ਼ੀ ਤਣਾਅ ਭਰਪੂਰ ਕਰ ਦਿੱਤਾ।

ਇਹ ਵੀ ਪੜ੍ਹੋ: ਸੰਦੀਪ ਨੰਗਲ ਅੰਬੀਆਂ ਕਤਲ ਕਾਂਡ: 2 ਸ਼ੂਟਰ ਸਣੇ 5 ਵਿਅਕਤੀ ਗ੍ਰਿਫ਼ਤਾਰ, ਕੀਤੇ ਹੈਰਾਨੀਜਨਕ ਖ਼ੁਲਾਸੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News