ਪਾਵਰਕਾਮ ਦੇ ਦਾਅਵਿਆਂ ਦੀ ਨਿਕਲੀ ਫੂਕ, ਪਾਕੇਟ ਰੇਨ ਨਾਲ ਆਈਆਂ ਹਜ਼ਾਰਾਂ ਸ਼ਿਕਾਇਤਾਂ

08/15/2022 3:50:12 PM

ਜਲੰਧਰ (ਪੁਨੀਤ)-ਸ਼ਾਮ ਨੂੰ ਕੁਝ ਸਮੇਂ ਲਈ ਹੋਈ ਪਾਕੇਟ ਰੇਨ ਨਾਲ ਪਾਵਰਕਾਮ ਦੇ ਦਾਅਵਿਆਂ ਦੀ ਫੂਕ ਨਿਕਲ ਗਈ ਅਤੇ ਖਪਤਕਾਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਅਤੇ ਨੇੜੇ-ਤੇੜੇ ਦੇ ਇਲਾਕਿਆਂ ਵਿਚ ਹੋਈ ਬਾਰਿਸ਼ ਕਾਰਨ ਨਾਰਥ ਜ਼ੋਨ ਦੇ ਅਧੀਨ ਹਜ਼ਾਰਾਂ ਸ਼ਿਕਾਇਤਾਂ ਦਰਜ ਹੋਈਆਂ ਅਤੇ ਕਈ ਇਲਾਕਿਆਂ ਵਿਚ ਘੰਟਿਆਂ ਤੱਕ ਬਿਜਲੀ ਫਾਲਟ ਠੀਕ ਨਹੀਂ ਹੋ ਸਕੇ। ਖਪਤਕਾਰਾਂ ਦਾ ਕਹਿਣਾ ਹੈ ਿਕ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਸਮੇਂ ’ਤੇ ਸ਼ਿਕਾਇਤਾਂ ਦੇ ਹੱਲ ਨਾ ਹੋਣ ਕਾਰਨ ਹੋਈ ਪਰ ਅਧਿਕਾਰੀਆਂ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਈਸਟ ਡਵੀਜ਼ਨ ਦੇ ਅਧੀਨ ਕਈ ਥਾਵਾਂ ’ਤੇ ਬਿਜਲੀ ਦੀਆਂ ਤਾਰਾਂ ਖਰਾਬ ਹੋਣ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਇਸੇ ਤਰ੍ਹਾਂ ਮਾਡਲ ਟਾੳੂਨ ਦੇ ਇਲਾਕੇ ਵਿਚ ਵੀ ਖਪਤਕਾਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸ਼ਿਕਾਇਤ ਕੇਂਦਰਾਂ ਦਾ 1912 ਨੰਬਰ ਨਾ ਮਿਲਣਾ ਖਪਤਕਾਰਾਂ ਦੀਆਂ ਪ੍ਰੇਸ਼ਾਨੀਆਂ ਨੂੰ ਹੋਰ ਵੀ ਵਧਾਅ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਿਕ ਸੀਨੀਅਰ ਅਧਿਕਾਰੀਆਂ ਵੱਲੋਂ ਡਵੀਜ਼ਨ ਪੱਧਰ ’ਤੇ ਨੋਡਲ ਸ਼ਿਕਾਇਤ ਸੈਂਟਰ ਨੰਬਰ ਜਾਰੀ ਕੀਤੇ ਗਏ ਹਨ ਪਰ ਉਕਤ ਨੰਬਰ ਹਰ ਸਮੇਂ ਬਿਜ਼ੀ ਰਹਿੰਦੇ ਹਨ।

ਪਾਵਰਕਾਮ ਦੇ ਅਧਿਕਾਰੀ ਮੁਰੰਮਤ ਕਰਨ ਦੇ ਦਾਅਵੇ ਕਰ ਰਹੇ ਹਨ ਪਰ ਹਕੀਕਤ ਇਹ ਹੈ ਕਿ ਕੁਝ ਸਮੇਂ ਦੇ ਮੀਂਹ ਵਿਚ ਹੀ ਦਾਅਵਿਆਂ ਦੀ ਪੋਲ ਖੁੱਲ੍ਹ ਜਾਂਦੀ ਹੈ। ਤਾਰਾਂ ਨੂੰ ਮੱਕੜਜਾਲ ਹੋਣ ਦੀ ਵਜ੍ਹਾ ਨਾਲ ਮੀਂਹ ਦੇ ਮੌਸਮ ਵਿਚ ਖਰਾਬੀ ਵਿਚ ਵਾਧਾ ਦਰਜ ਹੁੰਦਾ ਹੈ। ਵੈਸਟ ਡਵੀਜ਼ਨ ਦੇ ਅਧੀਨ ਆਉਂਦੇ ਅੰਦਰੂਨੀ ਬਾਜ਼ਾਰਾਂ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਮੇਂ ’ਤੇ ਸ਼ਿਕਾਇਤਾਂ ਦੇ ਹੱਲ ਨਾ ਹੋਣ ਕਾਰਨ ਕੰਮਕਾਜ ਪ੍ਰਭਾਵਿਤ ਹੁੰਦਾ ਹੈ। ਕਈ ਵਾਰ ਸਬੰਧਤ ਸਬ-ਡਵੀਜ਼ਨ ਨੂੰ ਲਿਖਤੀ ਤੌਰ ’ਤੇ ਸ਼ਿਕਾਇਤਾਂ ਕਰ ਚੁੱਕੇ ਹਨ ਪਰ ਇਸ ਪ੍ਰਤੀ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਪੀਰ ਬੋਦਲਾ ਬਾਜ਼ਾਰ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਬੀਤੇ ਸਮੇਂ ਦੌਰਾਨ ਇਥੋਂ ਤਾਰਾਂ ਦੀ ਵਜ੍ਹਾ ਨਾਲ 2 ਵਿਅਕਤੀਆਂ ਦੀ ਮੌਤ ਹੋ ਗੲੀ ਸੀ, ਜਿਸ ਤੋਂ ਬਾਅਦ ਵਿਭਾਗ ਨੇ ਤਾਰਾਂ ਬਦਲਣ ਦਾ ਕੰਮਕਾਜ ਕਰਵਾਇਆ। ਇਸ ਵਾਰ ਮੀਂਹ ਦੇ ਮੌਸਮ ਵਿਚ ਸ਼ਿਕਾਇਤਾਂ ਦੀਆਂ ਸਮੱਸਿਆਵਾਂ ਪਹਿਲਾ ਦੀ ਤਰ੍ਹਾਂ ਹੀ ਦੇਖਣ ਨੂੰ ਮਿਲੀਆਂ ਹਨ। ਵਿਭਾਗ ਦੀ ਖਾਨਾਪੂਰਤੀ ਨਾਲ ਸਮੱਸਿਆਵਾਂ ਦਾ ਹੱਲ ਨਹੀਂ ਹੋ ਰਿਹਾ।

ਪਾਣੀ ਦੀ ਵਜ੍ਹਾ ਨਾਲ ਭੂਰ ਮੰਡੀ ਸਣੇ ਇਲਾਕੇ ’ਚ ਮਚੀ ਹਾਹਾਕਾਰ

ਬਿਜਲੀ ਦੀ ਸਪਲਾਈ ਬੰਦ ਰਹਿਣ ਕਾਰਨ ਕਈ ਇਲਾਕਿਆਂ ਵਿਚ ਪਾਣੀ ਨੂੰ ਲੈ ਕੇ ਵੀ ਹਾਹਾਕਾਰ ਮਚੀ ਰਹੀ। ਵੱਖ-ਵੱਖ ਇਲਾਕਿਆਂ ਦੇ ਲੋਕਾਂ ਦਾ ਕਹਿਣਾ ਸੀ ਕਿ ਸ਼ਾਮ ਨੂੰ ਪਾਣੀ ਆਉਣ ਦੇ ਸਮੇਂ ਬਿਜਲੀ ਬੰਦ ਹੋ ਗਈ। ਕੈਂਟ ਡਵੀਜ਼ਨ ਦੇ ਅਧੀਨ ਆਉਂਦੇ ਇਲਾਕੇ ਪੀ. ਏ. ਪੀ. ਚੌਕ ਤੋਂ ਰਾਮਾ ਮੰਡੀ ਵੱਲ ਜਾਂਦੀ ਸੜਕ ’ਤੇ ਸਥਿਤ ਭੂਰ ਮੰਡੀ ਦੇ ਇਲਾਕੇ ’ਚ ਸ਼ਾਮ ਨੂੰ ਤਕਰੀਬਨ 5 ਵਜੇ ਬਾਅਦ ਬਿਜਲੀ ਗੁੱਲ ਹੋ ਗਈ, ਜੋ 11 ਵਜੇ ਖ਼ਬਰ ਲਿਖੇ ਜਾਣ ਤੱਕ ਚਾਲੂ ਨਹੀਂ ਹੋ ਸਕੀ। ਇਲਾਕਾ ਵਾਸੀਆਂ ਨੇ ਦੱਸਿਆ ਕਿ ਦੁਪਹਿਰ ਵੇਲੇ ਪਾਣੀ ਨਹੀਂ ਆਇਆ ਅਤੇ ਸ਼ਾਮ ਨੂੰ ਲਾਈਟਾਂ ਬੰਦ ਹੋਣ ਕਾਰਨ ਲੋਕਾਂ ਦੇ ਘਰਾਂ ’ਚ ਪਾਣੀ ਵੜ ਗਿਆ। ਕਈ ਸ਼ਿਕਾਇਤਾਂ ਦੇ ਬਾਵਜੂਦ ਕੋਈ ਹੱਲ ਨਹੀਂ ਨਿਕਲਿਆ। ਇਸ ਦੇ ਨਾਲ ਹੀ ਮਹਿੰਦਰੂ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਸ਼ਾਮ ਨੂੰ ਲਾਈਟਾਂ ਬੰਦ ਹੋਣ ਤੋਂ ਬਾਅਦ ਪਾਣੀ ਨੂੰ ਲੈ ਕੇ ਇਲਾਕੇ ’ਚ ਹਾਹਾਕਾਰ ਮਚ ਗਈ। ਪਾਵਰਕਾਮ ਦੇ ਅਧਿਕਾਰੀ ਫੋਨ ਨਹੀਂ ਚੁੱਕਦੇ ਅਤੇ ਸ਼ਿਕਾਇਤ ਨੰਬਰ ਰੁੱਝਿਆ ਹੋਇਆ ਹੈ।


Manoj

Content Editor

Related News