20 ਦਿਨਾਂ ਤੋਂ ਟੁੱਟੇ ਖੰਭੇ, ਕਿਸੇ ਨੇ ਨਹੀਂ ਕੀਤੇ ਠੀਕ

06/17/2018 6:46:20 PM

ਜਲੰਧਰ (ਮਨੋਜ)— ਕਾਲਾ ਸੰਘਿਆਂ ਰੋਡ 'ਤੇ ਸਥਿਤ ਸਾਈਂ ਕਾਲੋਨੀ ਵਿਖੇ ਬਿਜਲੀ ਦੀ ਸਪਲਾਈ ਵਾਸਤੇ ਲੱਗੇ ਖੰਭੇ ਟੁੱਟ ਕੇ ਸੜਕ ਦੇ ਕੰਢੇ ਲਟਕ ਰਹੇ ਹਨ, ਜਿਸ ਦੇ ਡਿੱਗਣ ਦਾ ਡਰ ਹਰ ਸਮੇਂ ਬਣਿਆ ਰਹਿੰਦਾ ਹੈ। ਇਸ ਕਾਰਨ ਕਿਸੇ ਸਮੇਂ ਵੀ ਕੋਈ ਦਰਦਨਾਕ ਹਾਦਸਾ ਵਾਪਰ ਸਕਦਾ ਹੈ। ਇਹ ਪ੍ਰਗਟਾਵਾ ਕਰਦਿਆਂ ਕਾਲੋਨੀ ਵਾਸੀਆਂ ਨੇ ਦੱਸਿਆ ਕਿ ਇਹ ਖੰਭੇ ਪਿਛਲੇ 20 ਦਿਨਾਂ ਤੋਂ ਟੁੱਟੇ ਹੋਏ ਹਨ ਪਰ ਪਾਵਰਕਾਮ ਦੇ ਅਧਿਕਾਰੀਆਂ ਨੂੰ ਕਈ ਵਾਰ ਜਾਣੂ ਕਰਵਾਉਣ ਤੋਂ ਬਾਅਦ ਵੀ ਇਸ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਗਈ। ਲੋਕਾਂ ਦਾ ਕਹਿਣਾ ਹੈ ਕਿ ਅਧਿਕਾਰੀ ਮੌਕਾ ਦੇਖ ਗਏ ਹਨ ਪਰ ਫਿਰ ਵੀ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਇੰਝ ਜਾਪਦਾ ਹੈ ਕਿ ਇਹ ਅਧਿਕਾਰੀ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੇ ਹਨ। ਲੋਕਾਂ ਨੇ ਮੰਗ ਕੀਤੀ ਕਿ ਸਬੰਧਤ ਵਿਭਾਗ ਇਨ੍ਹਾਂ ਟੁੱਟੇ ਖੰਭਿਆਂ ਦੀ ਥਾਂ ਜਲਦ ਹੀ ਨਵੇਂ ਖੰਭੇ ਲਾਏ, ਤਾਂ ਜੋ ਬਿਜਲੀ ਸਪਲਾਈ ਬਾਦਸਤੂਰ ਚੱਲ ਸਕੇ ਅਤੇ ਨਾਲ ਹੀ ਹਾਦਸਿਆਂ ਤੋਂ ਵੀ ਬਚਿਆ ਜਾ ਸਕੇ। 
'ਕਦੋਂ ਠੀਕ ਹੋਣਗੇ ਖੰਭੇ, ਮੈਨੂੰ ਜਾਣਕਾਰੀ ਨਹੀਂ' 
ਜਦੋਂ ਇਸ ਸਬੰਧ 'ਚ ਸਬੰਧਤ ਜੇ. ਈ. ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਖੰਭਿਆਂ ਤੋਂ ਬਿਜਲੀ ਸਪਲਾਈ ਬੰਦ ਕੀਤੀ ਹੋਈ ਹੈ ਅਤੇ ਸਪਲਾਈ ਨੂੰ ਫਾਰਵਰਡ ਕੀਤਾ ਹੋਇਆ ਹੈ। ਜਦੋਂ ਉਨ੍ਹਾਂ ਕੋਲੋਂ ਖੰਭੇ ਬਦਲਣ 'ਚ ਕਿੰਨਾ ਸਮਾਂ ਲੱਗੇਗਾ, ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।