ਪਾਵਰ ਨਿਗਮ ਨਾਰਥ ਜ਼ੋਨ ਜਲੰਧਰ ਪਹੁੰਚੇ 2 ਕਿਲੋਵਾਟ ਤੱਕ ਬਿਜਲੀ ਬਿੱਲ ਮੁਆਫ਼ ਕਰਵਾਉਣ ਦੇ ਹੁਕਮ

10/14/2021 3:48:53 PM

ਜਲੰਧਰ (ਪੁਨੀਤ)– ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ 19 ਸਤੰਬਰ ਨੂੰ 2 ਕਿਲੋਵਾਟ ਤੱਕ ਦੇ ਬਿਜਲੀ ਉਪਭੋਗਤਾਵਾਂ ਦੇ ਬਿੱਲਾਂ ਨੂੰ ਮੁਆਫ਼ ਕਰਨ ਦਾ ਵੱਡਾ ਐਲਾਨ ਕੀਤਾ ਗਿਆ ਸੀ ਪਰ ਉਸ ਸਬੰਧੀ ਪਾਵਰ ਨਿਗਮ ਨਾਰਥ ਜ਼ੋਨ ਜਲੰਧਰ ਦੇ ਕੋਲ ਕਿਸੇ ਤਰ੍ਹਾਂ ਦੀ ਕੋਈ ਅਧਿਕਾਰਤ ਜਾਣਕਾਰੀ ਮੁਹੱਈਆ ਨਹੀਂ ਸੀ। ਇਸ ਕਾਰਨ ਬਿੱਲ ਮੁਆਫ਼ ਕਰਵਾਉਣ ਲਈ ਆਉਣ ਵਾਲੇ ਉਪਭੋਗਤਾਵਾਂ ਨੂੰ ਨਿਰਾਸ਼ ਹੋ ਕੇ ਵਾਪਸ ਮੁੜਨਾ ਪੈ ਰਿਹਾ ਸੀ। ਹੁਣ ਪਾਵਰ ਨਿਗਮ ਨਾਰਥ ਜ਼ੋਨ ਕੋਲ ਦਫ਼ਤਰੀ ਹੁਕਮ ਪਹੁੰਚ ਚੁੱਕਾ ਹੈ, ਜਿਸ ਕਾਰਨ ਉਪਭੋਗਤਾਵਾਂ ਦੀਆਂ ਬਿੱਲ ਮੁਆਫ਼ ਕਰਵਾਉਣ ਸਬੰਧੀ ਉਡੀਕ ਦੀਆਂ ਘੜੀਆਂ ਖ਼ਤਮ ਹੋ ਗਈਆਂ ਹਨ। ਪਾਵਰ ਨਿਗਮ ਨਾਰਥ ਜ਼ੋਨ ਜਲੰਧਰ ਅਧੀਨ 4 ਸਰਕਲ ਪੈਂਦੇ ਹਨ, ਜਿਨ੍ਹਾਂ ਵਿਚ ਕਪੂਰਥਲਾ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਜਲੰਧਰ ਸ਼ਾਮਲ ਹਨ। ਹੁਣ ਇਨ੍ਹਾਂ ਸਰਕਲਾਂ ਨਾਲ ਸਬੰਧਤ ਉਪਭੋਗਤਾ ਬਿਜਲੀ ਦਫ਼ਤਰਾਂ ਵਿਚ ਬਿੱਲ ਮੁਆਫ਼ ਕਰਵਾਉਣ ਲਈ ਬਿਨੈ-ਪੱਤਰ ਦੇ ਸਕਦੇ ਹਨ। ਪੰਜਾਬ ਤੋਂ ਬਾਹਰਲੇ ਸੂਬਿਆਂ ਤੋਂ ਇਥੇ ਆ ਕੇ ਰਹਿਣ ਵਾਲੇ ਉਪਭੋਗਤਾਵਾਂ ਨੂੰ ਬਿੱਲ ਮੁਆਫ਼ ਕਰਵਾਉਣ ਸਬੰਧੀ ਕਈ ਤਰ੍ਹਾਂ ਦੀਆਂ ਸ਼ੰਕਾਵਾਂ ਸਨ ਪਰ ਅਧਿਕਾਰੀਆਂ ਵੱਲੋਂ ਇਨ੍ਹਾਂ ਸ਼ੰਕਾਵਾਂ ’ਤੇ ਰੋਕ ਲਗਾ ਦਿੱਤੀ ਗਈ ਹੈ। ਬਿਜਲੀ ਬਿੱਲ ਮੁਆਫ਼ ਕਰਵਾਉਣ ਦਾ ਅਧਿਕਾਰ ਹਰੇਕ ਉਪਭੋਗਤਾ ਨੂੰ ਹੋਵੇਗਾ, ਭਾਵੇਂ ਉਹ ਕਿਸੇ ਵੀ ਸੂਬੇ ਦਾ ਨਾਗਰਿਕ ਹੋਵੇ।

ਜਿਨ੍ਹਾਂ ਉਪਭੋਗਤਾਵਾਂ ਵੱਲੋਂ ਬਿੱਲ ਨਾ ਭਰੇ ਜਾਣ ਕਾਰਨ ਪਾਵਰ ਨਿਗਮ ਵੱਲੋਂ ਉਨ੍ਹਾਂ ਦੇ ਕੁਨੈਕਸ਼ਨ ਕੱਟੇ ਜਾ ਰਹੇ ਹਨ, ਉਹ ਵੀ ਦੋਬਾਰਾ ਜੋੜਨ ਦੇ ਹੁਕਮ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਬੰਧੀ ਪਹਿਲਾਂ ਹੀ ਜਾਣਕਾਰੀ ਮਿਲ ਚੁੱਕੀ ਸੀ, ਜਿਸ ਕਾਰਨ ਕਈਆਂ ਦੇ ਕੁਨੈਕਸ਼ਨ ਜੋੜੇ ਜਾ ਚੁੱਕੇ ਹਨ। ਜਿਨ੍ਹਾਂ ਉਪਭੋਗਤਾਵਾਂ ਦਾ ਬਿੱਲ ਜਮ੍ਹਾ ਨਾ ਹੋ ਸਕਣ ਕਾਰਨ ਕੁਨੈਕਸ਼ਨ ਕੱਟਿਆ ਗਿਆ ਹੈ, ਉਹ ਸਬੰਧਤ ਬਿਜਲੀ ਦਫ਼ਤਰ ਵਿਚ ਸੰਪਰਕ ਕਰਨ, ਤੁਰੰਤ ਪ੍ਰਭਾਵ ਨਾਲ ਉਨ੍ਹਾਂ ਦਾ ਕੁਨੈਕਸ਼ਨ ਜੋੜ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਅਹੁਦੇ ਦੇ ਬਦਲੇ ਪੈਸਾ ਵਸੂਲੀ ’ਚ ਉਲਝੇ ਸਨ ਨੇਤਾ ਜੀ, ਹੁਣ ਹਲਵਾਈ ਤੋਂ 5 ਲੱਖ ਵਸੂਲੀ ਕਰਨ 'ਤੇ ਹੋਏ ਚਰਚਿਤ

ਕੁਨੈਕਸ਼ਨ ਦੋਬਾਰਾ ਜੋੜਨ ਲਈ ਉਪਭੋਗਤਾਵਾਂ ਤੋਂ ਮੀਟਰ ਖਰਚ, ਸਰਚਾਰਜ ਅਤੇ ਹੋਰ ਟੈਕਸ ਆਦਿ ਕਿਸੇ ਤਰ੍ਹਾਂ ਦੀ ਕੋਈ ਡਿਮਾਂਡ ਨਹੀਂ ਕੀਤੀ ਜਾਵੇਗੀ। ਇਸ ਵਿਚ ਵੱਡੀ ਰਾਹਤ ਇਹ ਵੀ ਦਿੱਤੀ ਗਈ ਹੈ ਕਿ ਜਿਨ੍ਹਾਂ ਉਪਭੋਗਤਾਵਾਂ ਦੇ ਮੀਟਰ ਉਤਾਰੇ ਗਏ ਹਨ, ਉਨ੍ਹਾਂ ਦਾ ਵੀ ਬਿਨਾਂ ਚਾਰਜ ਲਏ ਨਵਾਂ ਮੀਟਰ ਲਗਾ ਦਿੱਤਾ ਜਾਵੇਗਾ। ਜਾਰੀ ਕੀਤੇ ਗਏ ਹੁਕਮ ਲੜੀ ਦੇ ਮੀਮੋ ਨੰਬਰ 409/414 ਮੁਤਾਬਕ ਪਾਵਰ ਨਿਗਮ ਵੱਲੋਂ ਜਿਨ੍ਹਾਂ ਉਪਭੋਗਤਾਵਾਂ ਦੇ ਬਿੱਲਾਂ ਨੂੰ ਮੁਆਫ ਕੀਤਾ ਜਾਵੇਗਾ, ਉਨ੍ਹਾਂ ਦੀ ਅਦਾਇਗੀ ਪੰਜਾਬ ਸਰਕਾਰ ਵੱਲੋਂ ਪਾਵਰ ਨਿਗਮ ਨੂੰ ਕੀਤੀ ਜਾਵੇਗੀ। ਜਲੰਧਰ ਸਰਕਲ ਦੀ ਗੱਲ ਕੀਤੀ ਜਾਵੇ ਤਾਂ ਹਰੇਕ ਸਬ-ਡਵੀਜ਼ਨ ਵਿਚ ਇਨ੍ਹਾਂ ਫਾਰਮਾਂ ਨੂੰ ਜਮ੍ਹਾ ਕਰਵਾਇਆ ਜਾ ਸਕਦਾ ਹੈ।

ਇਨ੍ਹਾਂ ਉਪਭੋਗਤਾਵਾਂ ਕੋਲ ਬਿਜਲੀ ਬਿੱਲ ਮੁਆਫ਼ ਕਰਵਾਉਣ ਦਾ ਬਦਲ
ਜਿਨ੍ਹਾਂ ਉਪਭੋਗਤਾਵਾਂ ਦਾ ਬਿਜਲੀ ਦਾ ਲੋਡ 2 ਕਿਲੋਵਾਟ ਤੱਕ ਦਾ ਹੈ, ਸਿਰਫ ਉਹੀ ਉਪਭੋਗਤਾ ਬਿੱਲ ਮੁਆਫ਼ ਕਰਵਾਉਣ ਦਾ ਅਧਿਕਾਰ ਰੱਖਦੇ ਹਨ। ਇਸ ਸਬੰਧੀ ਜਿਨ੍ਹਾਂ ਉਪਭੋਗਤਾਵਾਂ ਦਾ 29 ਸਤੰਬਰ ਤੱਕ ਦਾ ਬਿੱਲ ਹੈ, ਸਿਰਫ਼ ਉਹੀ ਬਿੱਲ ਮੁਆਫ਼ ਕਰਵਾਇਆ ਜਾ ਸਕਦਾ ਹੈ। 29 ਸਤੰਬਰ ਤੋਂ ਬਾਅਦ ਦਾ ਬਿਜਲੀ ਦਾ ਬਿੱਲ ਸਾਰੇ ਉਪਭੋਗਤਾਵਾਂ ਨੂੰ ਭਰਨਾ ਪਵੇਗਾ। ਇਸ ਵਿਚ ਕਿਸੇ ਤਰ੍ਹਾਂ ਦੀ ਛੋਟ ਨਹੀਂ ਦਿੱਤੀ ਗਈ। ਜਿਨ੍ਹਾਂ ਉਪਭੋਗਤਾਵਾਂ ਵੱਲੋਂ ਨਿਯਮਿਤ ਤੌਰ ’ਤੇ ਬਿੱਲ ਭਰੇ ਜਾ ਰਹੇ ਸਨ, ਉਨ੍ਹਾਂ ਨੇ ਵੀ ਇਸ ਵਾਰ ਆਪਣਾ ਬਿੱਲ ਨਹੀਂ ਭਰਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੇ ਉਪਭੋਗਤਾਵਾਂ ਨੂੰ ਤੁਰੰਤ ਆਪਣਾ ਬਿੱਲ ਭਰ ਦੇਣਾ ਚਾਹੀਦਾ ਹੈ ਤਾਂ ਕਿ ਉਹ ਸਰਚਾਰਜ ਤੋਂ ਬਚ ਸਕਣ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਬੱਸਾਂ 'ਚ ਆ ਰਹੀ ਹੈ ਕੋਈ ਸਮੱਸਿਆ ਤਾਂ ਮੰਤਰੀ ਰਾਜਾ ਵੜਿੰਗ ਨੂੰ ਇਸ ਨੰਬਰ 'ਤੇ ਕਰੋ ਵਟਸਐੱਪ

ਬਿੱਲ ਮੁਆਫ਼ ਕਰਵਾਉਣ ਲਈ ਇਸ ਤਰ੍ਹਾਂ ਦਿੱਤਾ ਜਾ ਸਕਦਾ ਹੈ ਬਿਨੈ-ਪੱਤਰ
ਬਿੱਲ ਮੁਆਫ਼ ਕਰਵਾਉਣ ਦਾ ਬਿਨੈ-ਪੱਤਰ ਦੇਣ ਵਾਲੇ ਬਿਜਲੀ ਉਪਭੋਗਤਾ ਸਬੰਧਤ ਬਿਜਲੀ ਦਫ਼ਤਰ ਤੋਂ ਫਾਰਮ ਹਾਸਲ ਕਰ ਸਕਦੇ ਹਨ ਜਾਂ ਪੀ. ਐੱਸ. ਪੀ. ਸੀ. ਐੱਲ. ਦੀ ਵੈੱਬਸਾਈਟ ਤੋਂ ਫਾਰਮ ਡਾਊਨਲੋਡ ਕੀਤਾ ਜਾ ਸਕਦਾ ਹੈ। ਬਿਨੈ-ਪੱਤਰ ਦੇਣ ਲਈ ਬੇਹੱਦ ਛੋਟਾ ਫਾਰਮ ਹੈ, ਜਿਸ ਵਿਚ ਉਪਭੋਗਤਾ ਦਾ ਆਪਣਾ ਨਾਂ, ਬਿਜਲੀ ਖ਼ਾਤਾ ਨੰਬਰ, ਪੂਰਾ ਪਤਾ, ਫੋਨ ਨੰਬਰ, ਉਪਭੋਗਤਾ ਦੇ ਕਿਸੇ ਸੰਪਰਕ ਵਾਲੇ ਵਿਅਕਤੀ ਦਾ ਨਾਂ, ਮਨਜ਼ੂਰਸ਼ੁਦਾ ਲੋਡ, ਬਕਾਇਆ ਰਕਮ ਭਰਨੀ ਹੋਵੇਗੀ। ਇਸ ਫਾਰਮ ’ਤੇ ਦਸਤਖ਼ਤ ਕਰਨ ਉਪਰੰਤ ਉਪਭੋਗਤਾ ਨੂੰ ਬਿਜਲੀ ਦਫ਼ਤਰ ਵਿਚ ਉਕਤ ਫਾਰਮ ਅਧਿਕਾਰੀ ਜਾਂ ਜੇ. ਈ./ਐੱਸ. ਡੀ. ਓ. ਤੋਂ ਤਸਦੀਕ ਕਰਵਾਉਣਾ ਹੋਵੇਗਾ। ਇਸ ’ਤੇ ਤਹਿਸੀਲਦਾਰ ਜਾਂ ਐੱਸ. ਡੀ. ਐੱਮ. ਦੇ ਦਸਤਖਤ ਵੀ ਕਰਵਾਉਣੇ ਹੋਣਗੇ। ਇਸ ਨੂੰ ਪੂਰਾ ਕਰਕੇ ਕਿਸੇ ਆਮ ਵਿਅਕਤੀ ਤੋਂ ਇਸ ਨੂੰ ਵੈਰੀਫਾਈ ਕਰਵਾਉਣਾ ਹੋਵੇਗਾ ਅਤੇ ਫਾਰਮ ਜਮ੍ਹਾ ਹੋ ਜਾਵੇਗਾ।

ਇਹ ਵੀ ਪੜ੍ਹੋ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਾਦਗੀ ਮੁੜ ਬਣੀ ਚਰਚਾ ਦਾ ਵਿਸ਼ਾ, ਜਿੱਤਿਆ ਲੋਕਾਂ ਦਾ ਦਿਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri