ਗਲਤ ਬਿਜਲੀ ਬਿੱਲ ਸਮਾਂ ਰਹਿੰਦੇ ਠੀਕ ਨਾ ਕਰਨ ਵਾਲੇ ਕਰਮਚਾਰੀਆਂ ''ਤੇ ਡਿੱਗੇਗੀ ਗਾਜ

01/22/2020 2:11:18 PM

ਜਲੰਧਰ (ਜ. ਬ.)— ਗਲਤ ਬਿਜਲੀ ਬਿੱਲਾਂ ਨੂੰ ਲੈ ਕੇ ਪਾਵਰ ਨਿਗਮ ਨੂੰ ਮਿਲਣ ਵਾਲੀਆਂ ਸ਼ਿਕਾਇਤਾਂ ਦਾ ਪਾਵਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਸਖਤ ਨੋਟਿਸ ਲਿਆ ਜਾ ਰਿਹਾ ਹੈ। ਵਿਭਾਗ ਵੱਲੋਂ ਸਿਸਟਮ 'ਚ ਸੁਧਾਰ ਲਿਆਉਣ ਲਈ ਨਵੀਂ ਰੂਪ ਰੇਖਾ ਤਿਆਰ ਕੀਤੀ ਗਈ ਹੈ। ਇਸ ਲੜੀ 'ਚ ਗਲਤ ਬਿਜਲੀ ਬਿੱਲਾਂ ਨੂੰ ਸਮਾਂ ਰਹਿੰਦੇ ਠੀਕ ਨਾ ਕਰਨ ਵਾਲੇ ਕਰਮਚਾਰੀਆਂ 'ਤੇ ਇਸ ਦੀ ਗਾਜ ਡਿੱਗਣੀ ਤੈਅ ਹੈ।

ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਲੈ ਕੇ ਪਾਵਰ ਨਿਗਮ ਨਾਰਥ ਜ਼ੋਨ ਦੇ ਚੀਫ ਇੰਜੀਨੀਅਰ ਗੋਪਾਲ ਸ਼ਰਮਾ, ਸੁਪਰਡੈਂਟ ਇੰਜੀਨੀਅਰ ਹਰਜਿੰਦਰ ਸਿੰਘ ਬਾਂਸਲ ਦੀ ਅਗਵਾਈ 'ਚ ਜਲੰਧਰ ਸਰਕਲ ਦੀ ਅਹਿਮ ਮੀਟਿੰਗ ਬੁਲਾਈ ਗਈ, ਜਿਸ 'ਚ 5 ਡਿਵੀਜ਼ਨਾਂ ਦੇ ਐਕਸੀਅਨ, ਐੱਸ. ਡੀ. ਓ., ਐੱਸ. ਡੀ. ਓ. ਕਮਰਸ਼ੀਅਲ, ਰੈਵੇਨਿਊ ਅਕਾਊਂਟ ਸਮੇਤ ਕਈ ਸੀਨੀਅਰ ਅਧਿਕਾਰੀ ਬੁਲਾਏ ਗਏ। ਇਸ ਮੀਟਿੰਗ 'ਚ ਅਧਿਕਾਰੀਆਂ ਨੇ ਸਾਫ ਕੀਤਾ ਦੀ ਜੇਕਰ ਤੁਰੰਤ ਪ੍ਰਭਾਵ ਨਾਲ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਹੱਲ ਨਾ ਕੀਤਾ ਗਿਆ ਤਾਂ ਸਬੰਧਤ ਕਰਮਚਾਰੀਆਂ ਨੂੰ ਇਸ ਲਈ ਜ਼ਿੰਮੇਵਾਰ ਮੰਨਿਆ ਜਾਵੇਗਾ। ਇਸ ਲੜੀ 'ਚ ਮੁਲਜ਼ਮ ਕਰਮਚਾਰੀਆਂ ਨੂੰ ਪਹਿਲਾਂ ਕਾਰਨ ਦੱਸੋ ਨੋਟਿਸ ਦਿੱਤਾ ਜਾਵੇਗਾ, ਜੇਕਰ ਗਲਤੀ ਵੱਡੀ ਹੋਵੇਗੀ ਤਾਂ ਦੋ ਸੂਚੀ ਨੋਟਿਸ ਦੇ ਕੇ ਤੁਰੰਤ ਪ੍ਰਭਾਵ ਨਾਲ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

ਅਧਿਕਾਰੀਆਂ ਨੇ ਦੱਸਿਆ ਦੀ ਜੇਕਰ ਕਿਸੇ ਤਰ੍ਹਾਂ ਦੀ ਖਰਾਬੀ ਕਾਰਨ ਗਲਤ ਬਿੱਲ ਬਣਦਾ ਹੈ ਤਾਂ ਰੈਵੇਨਿਊ ਅਕਾਊਂਟੈਂਟ (ਆਰ. ਏ.) ਇਸ ਸਬੰਧ 'ਚ ਐੱਸ. ਡੀ. ਓ. ਨੂੰ ਕਹਿ ਕੇ ਦੋਬਾਰਾ ਰੀਡਿੰਗ ਕਰਵਾਏ ਕਿਉਂਕਿ ਰੀਡਿੰਗ 'ਚ ਗਲਤੀ ਕਾਰਨ ਜ਼ਿਆਦਾਤਰ ਬਿੱਲ ਗਲਤ ਬਣ ਜਾਂਦੇ ਹਨ। ਉਕਤ ਬਿੱਲਾਂ ਨੂੰ ਜੇਕਰ 60 ਦਿਨਾਂ ਦੇ ਅੰਦਰ ਠੀਕ ਨਾ ਕੀਤਾ ਜਾਵੇ ਤਾਂ ਇਹ ਸਬੰਧਤ ਡਿਵੀਜ਼ਨ ਦੇ ਅਧਿਕਾਰ ਖੇਤਰ 'ਚ ਨਹੀਂ ਰਹਿੰਦਾ, 60 ਦਿਨਾਂ ਤੋਂ ਬਾਅਦ ਉਕਤ ਬਿੱਲ ਠੀਕ ਕਰਵਾਉਣ ਲਈ ਪਾਵਰ ਨਿਗਮ ਦੇ ਹੈੱਡ ਦਫਤਰ ਪਟਿਆਲਾ ਨਾਲ ਸੰਪਰਕ ਕਰਨਾ ਪੈਂਦਾ ਹੈ। ਇੰਜੀ. ਗੋਪਾਲ ਸ਼ਰਮਾ ਨੇ ਕਿਹਾ ਕਿ ਸਾਰੇ ਸਬੰਧਤ ਅਕਾਊਂਟੈਂਟ 60 ਦਿਨਾਂ ਦੇ ਅੰਦਰ ਆਪਣੇ ਕਾਰਜ ਖੇਤਰ ਦੇ ਬਿੱਲਾਂ ਨੂੰ ਠੀਕ ਕਰਨ। ਡਿਪਟੀ ਚੀਫ ਇੰਜੀਨੀਅਰ ਐੱਚ. ਐੱਸ. ਬਾਂਸਲ ਨੇ ਕਿਹਾ ਕਿ ਜਿਸ ਖਪਤਕਾਰ ਨੂੰ ਬਿੱਲ ਠੀਕ ਕਰਵਾਉਣ 'ਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਆਉਂਦੀ ਹੈ ਤਾਂ ਉਹ ਸਬੰਧਤ ਐਕਸੀਅਨ ਨਾਲ ਸੰਪਰਕ ਕਰਨ, ਜੇਕਰ ਫਿਰ ਵੀ ਮੁਸ਼ਕਲ ਪੇਸ਼ ਆਏ ਤਾਂ ਪਾਵਰ ਨਿਗਮ ਨਾਰਥ ਜ਼ੋਨ ਦੇ ਹੈੱਡ ਦਫਤਰ ਸ਼ਕਤੀ ਸਦਨ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਸਮੱਸਿਆ ਨੂੰ ਸਮੇਂ 'ਤੇ ਹੱਲ ਕਰਵਾਇਆ ਜਾ ਸਕੇ।

5 ਡਿਵੀਜ਼ਨਾਂ ਦੇ ਐਕਸੀਅਨ ਅਤੇ ਉਨ੍ਹਾਂ ਦੇ ਸਰਕਾਰੀ ਨੰਬਰ
ਈਸਟ ਡਿਵੀਜ਼ਨ ਤੋਂ ਇੰਜੀਨੀਅਰ ਸੰਨੀ— 96461-16011
ਮਾਡਲ ਟਾਊਨ ਦਵਿੰਦਰ ਸਿੰਘ— 96461-16012
ਵੈਸਟ (ਮਕਸੂਦਪੁਰ) ਇੰਦਰਜੀਤ ਸਿੰਘ— 96461-16013
ਕੈਂਟ ਡਿਵੀਜ਼ਨ ਤੋਂ ਚੇਤਨ ਕੁਮਾਰ— 96461-16014
ਫਗਵਾੜਾ ਡਿਵੀਜ਼ਨ ਕੁਲਵਿੰਦਰ ਸਿੰਘ— 96461-16015

shivani attri

This news is Content Editor shivani attri