225 ਡਿਫਾਲਟਰ ਕੁਨੈਕਸ਼ਨ ਕੱਟਣ ''ਤੇ ਪਾਵਰ ਨਿਗਮ ਨੂੰ ਹੋਈ 2.5 ਕਰੋੜ ਦੀ ਰਿਕਵਰੀ

12/11/2019 11:35:39 AM

ਜਲੰਧਰ (ਜ. ਬ.)— ਡਿਫਾਲਟਰਾਂ 'ਤੇ ਪਾਵਰ ਨਿਗਮ ਨੇ ਤੇਜ਼ੀ ਨਾਲ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਬਕਾਇਆ ਰਕਮ ਦੀ ਰਿਕਵਰੀ ਹੋ ਸਕੇ। ਇਸ ਸਿਲਸਿਲੇ ਵਿਚ ਜਲੰਧਰ ਸਰਕਲ ਦੇ ਅਧੀਨ ਆਉਂਦੀਆਂ 5 ਡਿਵੀਜ਼ਨਾਂ ਵਿਚ ਰੋਜ਼ਾਨਾ ਲਗਭਗ 200 ਦੇ ਕਰੀਬ ਕੁਨੈਕਸ਼ਨ ਚੈੱਕ ਕਰਕੇ ਬਿੱਲ ਦੀਆਂ ਰਸੀਦਾਂ ਵੇਖੀਆਂ ਜਾ ਰਹੀਆਂ ਹਨ ਅਤੇ ਜਿਨ੍ਹਾਂ ਨੇ ਬਿੱਲ ਨਹੀਂ ਦਿੱਤੇ, ਉਨ੍ਹਾਂ ਦੇ ਕੁਨੈਕਸ਼ਨ ਕੱਟੇ ਜਾ ਰਹੇ ਹਨ। ਇਸ ਸਿਲਸਿਲੇ 'ਚ ਪਾਵਰ ਨਿਗਮ ਵੱਲੋਂ ਬੀਤੇ ਵੀਰਵਾਰ ਤੋਂ ਲੈ ਕੇ 10 ਦਸੰਬਰ ਤੱਕ 225 ਦੇ ਕਰੀਬ ਕੁਨੈਕਸ਼ਨ ਕੱਟੇ ਹਨ, ਜਿਸ ਨਾਲ ਪਾਵਰ ਨਿਗਮ ਨੂੰ 2.5 ਕਰੋੜ ਦੇ ਕਰੀਬ ਰਿਕਵਰੀ ਹੋਈ ਹੈ।

ਰਿਕਵਰੀ ਤੇਜ਼ ਕਰਨ ਨੂੰ ਲੈ ਕੇ ਜਲੰਧਰ ਸਰਕਲ ਦੇ ਸੁਪਰਿੰਟੈਂਡੈਂਟ ਇੰਜੀਨੀਅਰ/ਡਿਪਟੀ ਚੀਫ ਇੰਜੀਨੀਅਰ ਹਰਜਿੰਦਰ ਸਿੰਘ ਬਾਂਸਲ ਵੱਲੋਂ ਪੰਜਾਂ ਐਕਸੀਅਨਾਂ ਨਾਲ ਮੀਟਿੰਗਾਂ ਕਰਕੇ ਪੈਂਡਿੰਗ ਰਕਮ ਲਈ ਰਿਕਵਰੀ ਤੇਜ਼ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਮੀਟਿੰਗ 'ਚ ਕਿਹਾ ਗਿਆ ਹੈ ਕਿ ਸਭ ਤੋਂ ਪਹਿਲਾਂ ਤਰਜੀਹ ਇਕ ਲੱਖ ਤੋਂ ਵੱਧ ਬਕਾਇਆ ਰਕਮ ਅਤੇ ਉਸ ਤੋਂ ਬਾਅਦ 50 ਹਜ਼ਾਰ ਤੋਂ ਉਪਰ ਦੀ ਰਿਕਵਰੀ ਵਾਲਿਆਂ ਦੀ ਚੈਕਿੰਗ ਨੂੰ ਦਿੱਤੀ ਜਾਵੇ। ਬਾਂਸਲ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦਾ ਬਕਾਇਆ ਹੈ, ਉਹ ਪੋਸਟ ਡੇਟਿਡ ਚੈੱਕ ਦੇ ਕੇ ਕਾਰਵਾਈ ਤੋਂ ਬਚ ਸਕਦੇ ਹਨ। ਜੇਕਰ ਕਿਸੇ ਵਿਅਕਤੀ ਵਲੋਂ ਦਿੱਤਾ ਗਿਆ ਚੈੱਕ ਬਾਊਂਸ ਹੁੰਦਾ ਹੈ ਤਾਂ ਉਸ ਦਾ ਕੁਨੈਕਸ਼ਨ ਤੁਰੰਤ ਪ੍ਰਭਾਵ ਨਾਲ ਕੱਟਿਆ ਜਾਵੇਗਾ ਅਤੇ ਪੂਰੀ ਰਕਮ ਜਮ੍ਹਾ ਕਰਵਾਉਣ ਤੋਂ ਬਾਅਦ ਹੀ ਦੁਬਾਰਾ ਕੁਨੈਕਸ਼ਨ ਜੋੜਿਆ ਜਾਵੇਗਾ।

ਮਾਡਲਟਾਊਨ ਦੇ 26 ਕਰੋੜ, ਵੈਸਟ ਦੇ 15 ਕਰੋੜ ਬਕਾਇਆ
ਜਲੰਧਰ ਸਰਕਲ 'ਚ ਪੈਂਦੀਆਂ 5 ਡਵੀਜ਼ਨਾਂ 'ਚੋਂ ਸਭ ਤੋਂ ਵੱਧ ਬਕਾਇਆ ਰਕਮ ਮਾਡਲ ਟਾਊਨ ਅਤੇ ਵੈਸਟ ਡਵੀਜ਼ਨ (ਮਕਸੂਦਪੁਰ) ਦੀ ਹੈ। ਇਨ੍ਹਾਂ ਦੋਵਾਂ ਵੱਲ 41 ਕਰੋੜ ਰੁਪਏ ਕੁਲ ਬਕਾਇਆ ਬਣਦਾ ਹੈ। ਮਾਡਲ ਡਿਵੀਜ਼ਨ ਦੇ ਖਪਤਕਾਰਾਂ 'ਤੇ 26 ਕਰੋੜ ਰੁਪਏ ਬਕਾਇਆ ਹੈ, ਜਦੋਂਕਿ ਵੈਸਟ ਦੇ ਇਲਾਕੇ ਵਿਚ 15 ਕਰੋੜ ਰੁਪਏ ਦੀ ਰਕਮ ਬਕਾਇਆ ਹੈ। ਅਧਿਕਾਰੀਆਂ ਨੇ ਪੂਰੇ ਅਮਲੇ ਨੂੰ ਉਥੇ ਰਿਕਵਰੀ ਕਰਨ ਲਈ ਦਿਨ-ਰਾਤ ਇਕ ਕਰਨ ਲਈ ਕਿਹਾ ਹੈ। 5 ਹਜ਼ਾਰ ਦੇ ਕਰੀਬ ਖਪਤਕਾਰ ਅਜਿਹੇ ਹਨ, ਜਿਨ੍ਹਾਂ ਵੱਲ ਬਕਾਇਆ ਰਕਮ 20 ਹਜ਼ਾਰ ਤੋਂ ਵੱਧ ਹੈ।

5 ਡਿਵੀਜ਼ਨਾਂ ਦੇ ਐਕਸੀਅਨ ਅਤੇ ਉਨ੍ਹਾਂ ਦੇ ਸਰਕਾਰੀ ਨੰਬਰ
ਈਸਟ ਡਿਵੀਜ਼ਨ ਤੋਂ ਇੰਜੀ. ਸੰਨੀ— 96461-16011
ਮਾਡਲ ਟਾਊਨ ਦਵਿੰਦਰ ਸਿੰਘ—  96461-16012
ਵੈਸਟ (ਮਕਸੂਦਪੁਰਾ) ਇੰਦਰਜੀਤ ਸਿੰਘ—  96461-16013
ਕੈਂਟ ਡਵੀਜ਼ਨ ਤੋਂ ਚੇਤਨ ਕੁਮਾਰ— 96461-16014
ਫਗਵਾੜਾ ਡਿਵੀਜ਼ਨ ਕੁਲਵਿੰਦਰ ਸਿੰਘ— 96461-16015

shivani attri

This news is Content Editor shivani attri