ਬਾਰਿਸ਼ ਝੱਲਣ ’ਚ ਅਸਮਰੱਥ ਪਾਵਰ ਸਿਸਟਮ: ਹਨੇਰੀ ਤੋਂ ਬਾਅਦ ਆਈ ਬਾਰਿਸ਼ ਨਾਲ ਪਏ 1350 ਤੋਂ ਵੱਧ ਫਾਲਟ

06/07/2023 12:22:15 PM

ਜਲੰਧਰ (ਪੁਨੀਤ)– ਭਿਆਨਕ ਗਰਮੀ ਦੇ ਵਿਚਕਾਰ ਵੱਖ-ਵੱਖ ਕਾਰਨਾਂ ਕਰਕੇ ਲੱਗਣ ਵਾਲੇ ਪਾਵਰਕੱਟਾਂ ਨਾਲ ਜਨ-ਜੀਵਨ ਅਸਤ-ਵਿਅਸਤ ਹੋ ਰਿਹਾ ਹੈ, ਉਥੇ ਹੀ 7 ਵਜੇ ਤੋਂ ਬਾਅਦ ਹਨੇਰੀ ਅਤੇ ਪਈ ਤੇਜ਼ ਬਾਰਿਸ਼ ਨਾਲ ਬਿਜਲੀ ਦੇ ਹਜ਼ਾਰਾਂ ਫਾਲਟ ਪੈ ਗਏ, ਜਿਸ ਕਾਰਨ ਖ਼ਪਤਕਾਰਾਂ ਨੂੰ ਭਾਰੀ ਪ੍ਰੇਸ਼ਾਨੀ ਉਠਾਉਣੀ ਪਈ। ਇਸ ਕਰਕੇ ਕਈ ਇਲਾਕਿਆਂ ਵਿਚ ਬਲੈਕਆਊਟ ਹੋ ਗਿਆ ਅਤੇ ਦੇਰ ਰਾਤ ਬਿਜਲੀ ਸਪਲਾਈ ਚਾਲੂ ਨਹੀਂ ਹੋ ਸਕੀ, ਜਿਸ ਨਾਲ ਲੋਕਾਂ ਵਿਚ ਰੋਸ ਵਧਦਾ ਗਿਆ। ਕਈ ਇਲਾਕਿਆਂ ਵਿਚ 6 ਘੰਟੇ ਤੋਂ ਵੱਧ ਸਮੇਂ ਤਕ ਬਲੈਕਆਊਟ ਰਿਹਾ।

ਬਿਜਲੀ ਦੀ ਖ਼ਰਾਬੀ ਤੋਂ ਬਾਅਦ ਕਈ ਲੋਕ ਫਾਲਟ ਪੈਣ ਸਬੰਧੀ ਸ਼ਿਕਾਇਤਾਂ ਵੀ ਲਿਖਵਾ ਸਕੇ ਕਿਉਂਕਿ ਸ਼ਿਕਾਇਤ ਕੇਂਦਰ ਦਾ ਨੰਬਰ 1912 ਲੰਮੇ ਸਮੇਂ ਤੱਕ ਬਿਜ਼ੀ ਆਉਂਦਾ ਰਿਹਾ। ਬਿਜਲੀ ਦੇ ਸ਼ਿਕਾਇਤ ਘਰਾਂ ਵਿਚ ਪੁੱਜੇ ਲੋਕਾਂ ਨੂੰ ਕਈ ਥਾਵਾਂ ’ਤੇ ਤਾਲੇ ਲਟਕਦੇ ਨਜ਼ਰ ਆਏ ਅਤੇ ਕਿਤੇ ਕਰਮਚਾਰੀ ਹੀ ਗਾਇਬ ਸਨ। ਖ਼ਪਤਕਾਰਾਂ ਨੇ ਦੱਸਿਆ ਕਿ ਜੇ. ਈ. ਅਤੇ ਇਸ ਤੋਂ ਉਪਰਲੇ ਰੈਂਕ ਦੇ ਅਧਿਕਾਰੀਆਂ ਦੇ ਫੋਨ ਮਿਲਣ ਕਾਰਨ ਉਨ੍ਹਾਂ ਨੂੰ ਸ਼ਿਕਾਇਤਾਂ ਲਿਖਵਾਉਣ ਵਿਚ ਕਈ ਘੰਟੇ ਲੱਗ ਗਏ। ਆਲਮ ਇਹ ਹੈ ਕਿ ਪਾਵਰਕਾਮ ਦਾ ਸਿਸਟਮ ਹਨੇਰੀ ਅਤੇ ਬਾਰਿਸ਼ ਨੂੰ ਝੱਲਣ ਵਿਚ ਅਸਮਰੱਥ ਹੈ, ਜਿਸ ਕਰ ਕੇ ਬਾਰਿਸ਼ ਪੈਣ ’ਤੇ ਬਿਜਲੀ ਦੇ ਫਾਲਟ ਬਹੁਤ ਜ਼ਿਆਦਾ ਵੱਧ ਜਾਂਦੇ ਹਨ, ਜੋ ਕਿ ਖਪਤਕਾਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੇ ਹਨ। ਹਨੇਰੀ ਕਾਰਨ ਨਾਰਥ ਜ਼ੋਨ ਵਿਚ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਨੂੰ ਮਿਲਾ ਕੇ ਬਿਜਲੀ ਸਬੰਧੀ 1350 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ। ਰਾਤ 1 ਵਜੇ ਦੇ ਲਗਭਗ ਖਬਰ ਲਿਖੇ ਜਾਣ ਤਕ ਲੱਧੇਵਾਲੀ ਰਿਜਨਲ ਕੰਪਲੈਕਸ ਅਤੇ ਨਾਲ ਲੱਗਦੇ ਪਾਰਕ ਐਵੇਨਿਊ ਤੇ ਕਈ ਹੋਰ ਇਲਾਕਿਆਂ ਵਿਚ ਬਿਜਲੀ ਦੀ ਸਪਲਾਈ ਚਾਲੂ ਨਹੀਂ ਹੋ ਸਕੀ ਸੀ। ਲੋਕਾਂ ਨੇ ਦੱਸਿਆ ਕਿ ਸ਼ਾਮ 7.30 ਵਜੇ ਲਗਭਗ ਬਿਜਲੀ ਬੰਦ ਹੋਈ ਸੀ ਅਤੇ 6 ਘੰਟੇ ਦੇ ਬਲੈਕਆਊਟ ਨਾਲ ਉਨ੍ਹਾਂ ਦੇ ਇਨਵਰਟਰ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ।

ਇਹ ਵੀ ਪੜ੍ਹੋ- ਵਜ਼ੀਫਾ ਘਪਲੇ 'ਚ ਮਾਨ ਸਰਕਾਰ ਦੀ ਵੱਡੀ ਕਾਰਵਾਈ, ਇਨ੍ਹਾਂ ਦੋ ਅਧਿਕਾਰੀਆਂ 'ਤੇ ਲਿਆ ਸਖ਼ਤ ਐਕਸ਼ਨ

ਬਿਜਲੀ ਬੰਦ ਰਹਿਣ ਕਾਰਨ ਕਈ ਇਲਾਕਿਆਂ ਵਿਚ ਸਟਰੀਟ ਲਾਈਟਾਂ ਵੀ ਬੰਦ ਰਹੀਆਂ, ਜਿਸ ਨਾਲ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਉਠਾਉਣੀ ਪਈ। ਸਭ ਤੋਂ ਜ਼ਿਆਦਾ ਸ਼ਿਕਾਇਤਾਂ ਵੈਸਟ ਅਤੇ ਮਾਡਲ ਟਾਊਨ ਡਵੀਜ਼ਨ ਦੇ ਇਲਾਕਿਆਂ ਵਿਚ ਸੁਣਨ ਨੂੰ ਮਿਲੀਆਂ। ਉਥੇ ਹੀ, ਕੈਂਟ ਡਵੀਜ਼ਨ ਅਧੀਨ ਕੁਝ ਦਿਹਾਤੀ ਇਲਾਕਿਆਂ ਅਤੇ ਯੂਨੀਵਰਸਿਟੀ ਰੋਡ ’ਤੇ ਤਾਰਾਂ ਵਿਚ ਆਈ ਖਰਾਬੀ ਕਾਰਨ ਕਈ ਘੰਟੇ ਸਪਲਾਈ ਚਾਲੂ ਨਹੀਂ ਹੋਈ। ਉਥੇ ਹੀ, ਈਸਟ ਦੇ ਲੰਮਾ ਪਿੰਡ ਚੌਕ ਰੋਡ ’ਤੇ ਫਾਲਟ ਪੈਣ ਨਾਲ ਲੰਮੇ ਸਮੇਂ ਤੱਕ ਬਿਜਲੀ ਬੰਦ ਰਹੀ। ਲੋਕਾਂ ਦਾ ਕਹਿਣਾ ਹੈ ਕਿ ਆਮ ਤੌਰ ’ਤੇ ਫਾਲਟ ਪੈਣ ਉਪਰੰਤ ਕਰਮਚਾਰੀ ਦੇਰੀ ਨਾਲ ਮੌਕੇ ’ਤੇ ਪਹੁੰਚ ਰਹੇ ਹਨ। ਕਈ ਵਾਰ ਘੰਟਿਆਬੱਧੀ ਕੋਈ ਕਰਮਚਾਰੀ ਨਹੀਂ ਪਹੁੰਚ ਪਾਉਂਦਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਟਾਫ ਦੀ ਘਾਟ ਚੱਲ ਰਹੀ ਹੈ,ਜਿਸ ਕਰਕੇ ਦੇਰੀ ਹੋ ਜਾਂਦੀ ਹੈ। ਖਪਤਕਾਰਾਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਹੈ। ਉਨ੍ਹਾਂ ਨੂੰ ਨਿਰਵਿਘਨ ਸਪਲਾਈ ਚਾਹੀਦੀ ਹੈ। ਲੋਕ ਚਾਹੁੰਦੇ ਹਨ ਕਿ ਫਾਲਟ ਠੀਕ ਕਰਨ ਲਈ ਕਰਮਚਾਰੀ ਤੁਰੰਤ ਪ੍ਰਭਾਵ ਨਾਲ ਮੌਕੇ ’ਤੇ ਪਹੁੰਚਣਾ ਚਾਹੀਦਾ ਹੈ।

3 ਦਿਨਾਂ ਤੋਂ ਚੱਲ ਰਹੇ ਫਾਲਟ ਨਾਲ ਕੈਂਟ ਡਵੀਜ਼ਨ ’ਚ ਪੈਂਦੇ ਦਕੋਹਾ ਅਤੇ ਆਲੇ-ਦੁਆਲੇ ਦੇ ਖਪਤਕਾਰ ਪ੍ਰੇਸ਼ਾਨ
ਕੈਂਟ ਡਵੀਜ਼ਨ ਅਧੀਨ ਦਕੋਹਾ ਫਾਟਕ ਦੇ ਦੂਜੇ ਪਾਸੇ ਪੈਂਦੇ ਕਈ ਮੁਹੱਲੇ ਦੇ ਲੋਕਾਂ ਨੂੰ ਪਿਛਲੇ 3 ਦਿਨਾਂ ਤੋਂ ਫਾਲਟ ਕਾਰਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਬਿਜਲੀ ਦੀ ਖਰਾਬੀ ਵਿਚਕਾਰ ਪਾਣੀ ਦੀ ਸ਼ਾਰਟੇਜ ਨੇ ਉਨ੍ਹਾਂ ਨੂੰ ਬਹੁਤ ਪ੍ਰਭਾਵਿਤ ਕਰੀ ਰੱਖਿਆ। ਦਕੋਹਾ, ਮਾਡਰਨ ਕਾਲੋਨੀ, ਭੁੱਲਰ ਕਾਲੋਨੀ, ਗਣੇਸ਼ ਕਾਲੋਨੀ, ਸੀ. ਟੀ. ਐਨਕਲੇਵ ਅਤੇ ਆਲੇ-ਦੁਆਲੇ ਦੇ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਲਾਕੇ ਦੇ ਵੱਡੇ ਹਿੱਸੇ ਵਿਚ ਪਿਛਲੇ 3 ਦਿਨਾਂ ਤੋਂ ਬਿਜਲੀ ਗੁੱਲ ਹੈ। ਬਿਜਲੀ ਘਰ ਦੇ ਚੱਕਰ ਲਾ-ਲਾ ਕੇ ਥੱਕ ਚੁੱਕੇ ਹਨ ਪਰ ਫਾਲਟ ਦਾ ਪੱਕਾ ਹੱਲ ਨਹੀਂ ਹੋ ਪਾ ਰਿਹਾ। ਵਿਚ-ਵਿਚ ਕੁਝ ਦੇਰ ਬਿਜਲੀ ਚਾਲੂ ਹੁੰਦੀ ਹੈ ਪਰ ਵਧੇਰੇ ਸਮਾਂ ਬਿਜਲੀ ਬੰਦ ਹੀ ਰਹਿੰਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਬਿਨਾਂ ਬਿਜਲੀ ਦੇ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਨੂੰ ਲੈ ਕੇ ਆਗੂਆਂ ਨੇ ਵੀ ਉਨ੍ਹਾਂ ਦੀ ਸਾਰ ਨਹੀਂ ਲਈ।

ਉਨ੍ਹਾਂ ਕਿਹਾ ਕਿ ਪਾਵਰਕਾਮ ਵੱਲੋਂ ਇਸ ਸਬੰਧੀ ਧਿਆਨ ਨਹੀਂ ਦਿੱਤਾ ਜਾ ਰਿਹਾ। ਇਲਾਕਾ ਨਿਵਾਸੀ ਪ੍ਰੇਮ ਕੁਮਾਰ, ਸ਼ਿਵ ਨਿਵਾਸ, ਜੈ ਸਿੰਘ, ਪ੍ਰਭਜੋਤ, ਰਾਜੇਸ਼ ਕੁਮਾਰ, ਸੰਨੀ, ਦਿਵਿਆਂਸ਼ ਦਾ ਕਹਿਣਾ ਹੈ ਕਿ ਇਸ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਹ ਰੋਸ ਪ੍ਰਦਰਸ਼ਨ ਕਰਨ ਨੂੰ ਮਜਬੂਰ ਹੋਣਗੇ। ਇਸ ਸਬੰਧ ਵਿਚ ਸਬੰਧਤ ਡਿਵੀਜ਼ਨ ਦੇ ਐਕਸੀਅਨ ਅਵਤਾਰ ਸਿੰਘ ਨੇ ਕਿਹਾ ਕਿ ਦਕੋਹਾ ਫਲਾਈਓਵਰ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ। ਇਸ ਕਾਰਨ ਅੰਡਰਗਰਾਊਂਡ ਤਾਰਾਂ ਨੂੰ ਨੁਕਸਾਨ ਪੁੱਜਾ ਹੈ। ਇਸ ’ਤੇ ਕੰਮ ਕਰਨਾ ਮੁਸ਼ਕਲ ਹੁੰਦਾ ਹੈ। ਕਰਮਚਾਰੀ ਦਿਨ-ਰਾਤ ਕੰਮ ਕਰ ਰਹੇ ਹਨ, ਸਮੱਸਿਆ ਦਾ ਹੱਲ ਹੋ ਚੁੱਕਾ ਹੈ।

ਇਹ ਵੀ ਪੜ੍ਹੋ- ਫੇਸਬੁੱਕ ’ਤੇ ਦੋਸਤੀ ਕਰ ਕਸੂਤੀ ਘਿਰੀ ਔਰਤ, ਇਸ ਹੱਦ ਤੱਕ ਪਹੁੰਚ ਜਾਵੇਗੀ ਗੱਲ ਸੋਚਿਆ ਨਾ ਸੀ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

shivani attri

This news is Content Editor shivani attri