ਅਨੰਦਪੁਰ ਸਾਹਿਬ ਨੂੰ ਜਾਣ ਵਾਲੀ ਖਸਤਾ ਰੋਡ ਦਾ ਕੰਮ ਸ਼ੁਰੂ, ਨਿਮਿਸ਼ਾ ਮਹਿਤਾ ਨੇ ਲਿਆ ਜਾਇਜ਼ਾ

01/21/2020 5:38:11 PM

ਗੜ੍ਹਸ਼ੰਕਰ/ਸ੍ਰੀ ਅਨੰਦਪੁਰ ਸਾਹਿਬ— ਬੰਗਾ ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੀ ਖਸਤਾ ਪਈ ਸੜਕ ਦੀ ਰਿਪੇਅਰ ਦਾ ਕੰਮ ਅੱਜ ਹਲਕਾ ਗੜ੍ਹਸ਼ੰਕਰ 'ਚ ਸ਼ੁਰੂ ਹੋ ਗਿਆ ਹੈ, ਜਿਸ ਦਾ ਜਾਇਜ਼ਾ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਆਪਣੇ ਸਾਥੀਆਂ ਸਮੇਤ ਜਾ ਕੇ ਲਿਆ। ਇਸ ਮੌਕੇ ਕੁਝ ਲੋਕਾਂ ਨੇ ਖੁਸ਼ੀ 'ਚ ਮਿਠਾਈ ਵੀ ਵੰਡੀ। ਆਨੰਦਪੁਰ ਸਾਹਿਬ-ਬੰਗਾ ਰੋਡ ਰਿਪੇਅਰ ਦੇ ਸ਼ੁਰੂ ਹੋਏ ਕੰਮ ਬਾਰੇ ਜਾਣਕਾਰੀ ਦਿੰਦੇ ਹੋਏ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਬੰਗਾ ਤੋਂ ਸ੍ਰੀ ਅਨੰਦਪੁਰ ਸਾਹਿਬ ਰੋਡ ਵਾਸਤੇ ਕੁੱਲ 25 ਕਰੋੜ ਰੁਪਏ ਕੈਪਟਨ ਸਰਕਾਰ ਵੱਲੋਂ ਜਾਰੀ ਕੀਤੇ ਗਏ ਹਨ। ਇਸ ਸੜਕ ਦੀ ਰਿਪੇਅਰ ਦਾ ਸਿਹਰਾ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮੁਨੀਸ਼ ਤਿਵਾੜੀ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ 'ਅਨੰਦਪੁਰ ਸਾਹਿਬ' ਵਰਗੇ ਪਵਿੱਤਰ ਧਾਮ ਦੇ ਨਾਂ 'ਤੇ ਬਣੀ ਸੰਸਦੀ ਸੀਟ ਤੋਂ ਜਿੱਤੇ ਸਨ ਪਰ ਉਹ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲਾ ਮਾਰਗ ਹਾਈਵੇਅ ਤਾਂ ਕੀ ਬਣਵਾਉਣਾ, ਉਸ ਦੀ ਰਿਪੇਅਰ ਤੱਕ ਵੀ ਨਹੀਂ ਕਰਵਾ ਸਕੇ।

PunjabKesari

ਨਿਮਿਸ਼ਾ ਮਹਿਤਾ ਨੇ ਕਿਹਾ ਕਿ ਪ੍ਰੋ. ਚੰਦੂਮਾਜਰਾ ਨੇ ਇਸ ਸੜਕ ਨੂੰ ਕੌਮੀ ਮਾਰਗ ਪਾਸ ਕਰਵਾਉਣ ਦੀ ਵਾਰ-ਵਾਰ ਆਪ ਘੋਸ਼ਣਾ ਕੀਤੀ ਅਤੇ ਭਾਜਪਾ ਦੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ 2018-19 'ਚ ਦੋ ਵਾਰ ਇਸ ਦਾ ਉਦਘਾਟਨ ਵੀ ਕੀਤਾ ਪਰ ਕੇਂਦਰੀ ਭਾਜਪਾ ਅਕਾਲੀ ਸਰਕਾਰ ਨੇ ਇਸ ਘੋਸ਼ਣਾ ਅਤੇ ਉਦਘਾਟਨ ਕਰਕੇ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਇਆ ਅਤੇ ਅਸਲੀਅਤ 'ਚ ਕੋਈ ਮਨਜ਼ੂਰੀ ਨਹੀਂ ਦਿੱਤੀ। ਕਾਂਗਰਸੀ ਆਗੂ ਨਿਮਿਸ਼ਾ ਨੇ ਕਿਹਾ ਕਿ ਬੇਸ਼ਕ ਅੱਜ ਲੋਕਾਂ 'ਚ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੀ ਸੜਕ ਦੀ ਰਿਪੇਅਰ ਦਾ ਕੰਮ ਸ਼ੁਰੂ ਹੋਣ ਨੂੰ ਲੈ ਕੇ ਖੁਸ਼ੀ ਦੀ ਲਹਿਰ ਹੈ ਅਤੇ ਇਸ ਨਾਲ ਸ੍ਰੀ ਅਨੰਦਪੁਰ ਸਾਹਿਬ ਅਤੇ ਮਾਤਾ ਨੈਨਾ ਦੇਵੀ ਜਾਣ ਵਾਲੇ ਲੋਕਾਂ ਨੂੰ ਭਾਰੀ ਰਾਹਤ ਮਿਲੇਗੀ ਪਰ ਅਕਾਲੀ ਆਗੂ ਇਹ ਜਨਤਾ ਨੂੰ ਜ਼ਰੂਰ ਸਪੱਸ਼ਟ ਕਰਨ ਕਿ ਉਨ੍ਹਾਂ ਦੀ ਆਪਣੀ ਕੇਂਦਰੀ ਮੋਦੀ ਸਰਕਾਰ ਤੋਂ ਸਿੱਖਾਂ ਦੇ ਅਹਿਮ ਧਾਮ ਸ੍ਰੀ ਅਨੰਦਪੁਰ ਸਾਹਿਬ ਦੀ ਰੋਡ ਉਹ ਰਾਸ਼ਟਰੀ ਮਾਰਗ ਕਿਉਂ ਮਨਜ਼ੂਰ ਨਹੀਂ ਕਰਵਾ ਸਕੇ? ਉਸ ਸਮੁੱਚੀ ਸਿੱਖ ਕੌਮ ਨੂੰ ਜਵਾਬ ਦੇਣ ਕਿ ਮੋਦੀ ਸਰਕਾਰ ਟੋਲ ਪਲਾਜ਼ਾ ਲਗਾਏ ਬਗੈਰ ਅਨੰਦਪੁਰ ਸਾਹਿਬ ਨੂੰ ਜਾਣ ਵਾਲੇ ਮਾਰਗ ਦੀ ਉਸਾਰੀ ਕਿਉਂ ਨਹੀਂ ਕਰਵਾ ਰਹੇ?

ਜ਼ਿਕਰਯੋਗ ਹੈ ਕਿ ਬੰਗਾ ਤੋਂ ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੀ ਸੜਕ ਦੇ ਉਦਘਾਟਨ ਝੂਠੇ ਪਾਏ ਜਾਣ 'ਤੇ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਸਾਥੀਆਂ ਸਮੇਤ ਕੇਂਦਰੀ ਭਾਜਪਾ ਮੰਤਰੀ ਸੋਮ ਪ੍ਰਕਾਸ਼ ਦੇ ਗ੍ਰਹਿ ਵਿਖੇ ਜਾ ਕੇ ਪਿਛਲੇ ਸਾਲ ਧਰਨਾ ਦਿੱਤਾ ਸੀ ਅਤੇ ਸਮੇਂ-ਸਮੇਂ 'ਤੇ ਨਿਮਿਸ਼ਾ ਮਹਿਤਾ ਇਸ ਮਾਮਲੇ ਬਾਰੇ ਆਵਾਜ਼ ਵੀ ਚੁੱਕਦੀ ਰਹੀ ਹੈ। ਇਸ ਮੌਕੇ ਐੱਸ. ਡੀ. ਓ. ਪੀ. ਡਬਲਿਊ. ਡੀ. ਤੋਂ ਇਲਾਵਾ ਚੌਧਰੀ ਕਰਮ ਚੰਦ, ਸਤੀਸ਼ ਕੁਮਾਰ, ਸੱਤਾ ਢੱਡੇਵਾਲ, ਮਹਿੰਦਰ ਸਿੰਘ ਸਰਪੰਚ ਸਲੇਮਪੁਰ, ਸਰਪੰਚ ਬੀਰਮਪੁਰ, ਬਹਾਦਰ ਸਰਪੰਚ ਰਾਏਪੁਰ, ਭੁਪਿੰਦਰ ਬਾਜਵਾ, ਫੌਜੀ ਡਗਾਮ, ਸਰਪੰਚ ਬੱਡੋਆਨ, ਰਾਜਿੰਦਰ ਰਾਣਾ, ਸਤਪਾਲ, ਬਿੰਦੂ, ਬਲਬੀਰ ਬਿੰਜੋ ਆਦਿ ਸ਼ਾਮਲ ਸਨ।


shivani attri

Content Editor

Related News