ਪ੍ਰਦੂਸ਼ਣ ਕੰਟਰੋਲ ਬੋਰਡ ਨੇ ਬਾਇਓ ਮੈਡੀਕਲ ਕੂੜਾ ਚੁੱਕਣਾ ਕੀਤਾ ਸ਼ੁਰੂ

01/07/2020 5:37:04 PM

ਜਲੰਧਰ (ਰਵੀ ਰੋਣਖਰ)— ਨਿਊ ਗੌਤਮ ਨਗਰ 'ਚ ਮਿਲੇ ਬਾਇਓ ਮੈਡੀਕਲ ਕੂੜੇ 'ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੋਮਵਾਰ ਨੂੰ ਬੋਰਡ ਦੇ ਵਾਤਾਵਰਣ ਇੰਜੀਨੀਅਰ ਕੁਲਦੀਪ ਸਿੰਘ ਅਤੇ ਐੱਸ. ਡੀ. ਓ. ਗੁਨੀਤ ਸੇਠੀ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਕੁਲਦੀਪ ਸਿੰਘ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਕੂੜੇ ਦਾ ਨਿਪਟਾਰਾ ਕਰਨ ਵਾਲੀ ਕੰਪਨੀ ਨੂੰ ਇਸ ਨੂੰ ਚੁੱਕਣ ਦਾ ਨਿਰਦੇਸ਼ ਦਿੱਤਾ ਗਿਆ। ਕੰਪਨੀ ਦੀਆਂ ਗੱਡੀਆਂ ਨੇ ਕੂੜਾ ਦੇਰ ਸ਼ਾਮ ਚੁੱਕਣਾ ਵੀ ਸ਼ੁਰੂ ਕਰ ਦਿੱਤਾ ਸੀ।

ਕੂੜਾ ਬਹੁਤ ਜ਼ਿਆਦਾ ਹੈ ਅਤੇ ਉਸ ਵਿਚ ਨਿਗਮ ਦਾ ਕੂੜਾ ਵੀ ਮਿਕਸ ਹੋ ਗਿਆ ਹੈ। ਇਸ ਲਈ ਪੂਰੀ ਤਰ੍ਹਾਂ ਜਗ੍ਹਾ ਸਾਫ ਹੋਣ 'ਚ ਕਈ ਦਿਨ ਲੱਗ ਜਾਣਗੇ। ਕੂੜੇ ਵਿਚ ਖੂਨ ਨਾਲ ਲਿਬੜੇ ਦਸਤਾਨੇ, ਰੂੰ, ਪੱਟੀਆਂ ਇਸਤੇਮਾਲ ਕੀਤੀਆਂ ਗਈਆਂ ਸਰਿੰਜਾਂ, ਆਪ੍ਰੇਸ਼ਨ ਥੀਏਟਰ ਵਿਚ ਸਰਜਰੀ ਲਈ ਵਰਤਿਆ ਸਾਮਾਨ ਸ਼ਾਮਲ ਹੈ। ਸੋਮਵਾਰ ਨੂੰ ਮੀਂਹ ਕਾਰਣ ਕੂੜਾ ਚੁੱਕਣ 'ਚ ਕੰਪਨੀ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹਨੇਰੇ 'ਚ ਸੂਈ ਚੁੱਭਣ ਅਤੇ ਸਰਜੀਕਲ ਬਲੇਡ ਨਾਲ ਕੱਟਣ ਦਾ ਵੀ ਡਰ ਰਹਿੰਦਾ ਹੈ। ਇਸ ਲਈ ਦਿਨ ਦੀ ਰੌਸ਼ਨੀ ਵਿਚ ਹੀ ਇਸ ਨੂੰ ਚੁੱਕਿਆ ਜਾਵੇਗਾ। ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਵੇਂ ਹੀ ਕੂੜਾ ਜਮ੍ਹਾ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਹੋ ਜਾਂਦੀ ਹੈ, ਉਸ ਖਿਲਾਫ ਅਦਾਲਤ 'ਚ ਕੇਸ ਦਰਜ ਕੀਤਾ ਜਾਵੇਗਾ।

ਹਸਪਤਾਲ 'ਚ ਇਕ ਬੈੱਡ ਰੋਜ਼ਾਨਾ 1.5 ਕਿਲੋਗ੍ਰਾਮ ਕੂੜਾ ਪੈਦਾ ਕਰਦਾ ਹੈ
ਡਬਲਿਊ. ਐੱਚ. ਓ. (ਵਿਸ਼ਵ ਸਿਹਤ ਸੰਗਠਨ) ਅਨੁਸਾਰ ਭਾਰਤ ਦੇ ਸਾਧਾਰਨ ਹਸਪਤਾਲ ਦਾ ਇਕ ਬੈੱਡ ਰੋਜ਼ਾਨਾ ਇਕ ਕਿਲੋ 500 ਗ੍ਰਾਮ ਕੂੜਾ ਪੈਦਾ ਕਰਦਾ ਹੈ। ਉਸ ਦਾ 85 ਫੀਸਦੀ ਹਿੱਸਾ ਸਾਧਾਰਨ ਕੂੜਾ ਹੁੰਦਾ ਹੈ, ਸਿਰਫ 15 ਫੀਸਦੀ (225 ਗ੍ਰਾਮ) ਕੂੜਾ ਹੀ ਖਤਰਨਾਕ ਖੇਤਰਾਂ 'ਚੋਂ ਆਉਂਦਾ ਹੈ। ਅਧਿਕਾਰੀ ਜਾਂਚ ਕਰ ਰਹੇ ਹਨ ਕਿ ਸ਼ਹਿਰ 'ਚ ਇੰਨੀ ਵੱਡੀ ਗਿਣਤੀ 'ਚ ਕੂੜਾ ਜਮ੍ਹਾ ਕਿਸ ਤਰ੍ਹਾਂ ਹੋਇਆ। ਕੂੜਾ ਚੁੱਕਣ ਵਾਲੀਆਂ ਕੰਪਨੀਆਂ ਦੇ ਅਧਿਕਾਰੀ ਵੀ ਕਹਿ ਰਹੇ ਹਨ ਕਿ ਇਕੋ ਵਾਰੀ ਸਾਰਾ ਕੂੜਾ ਚੁੱਕਣ ਲਈ ਉਨ੍ਹਾਂ ਕੋਲ ਜਗ੍ਹਾ ਨਹੀਂ ਹੈ। ਉਹ ਹੌਲੀ-ਹੌਲੀ ਇਥੋਂ ਬਾਇਓ ਮੈਡੀਕਲ ਵੇਸਟ ਚੁੱਕ ਲੈਣਗੇ।

ਪ੍ਰਦੂਸ਼ਣ ਕੰਟਰੋਲ ਬੋਰਡ ਦੇ ਰਿਕਾਰਡ 'ਚ ਕੂੜਾ ਪੈਦਾ ਕਰਨ ਵਾਲੀਆਂ ਪੰਜਾਬ ਦੀਆਂ ਸੰਸਥਾਵਾਂ 'ਤੇ ਇਕ ਨਜ਼ਰ
ਛੋਟੇ-ਵੱਡੇ ਹਸਪਤਾਲ-3577
ਕਲੀਨਿਕ, ਡਿਸਪੈਂਸਰੀਆਂ-1940
ਲੈਬਾਰਟਰੀਆਂ-1389
ਕਲੀਨਿਕ ਅਸਟੈਬਲਿਸ਼ਮੈਂਟ-1240
ਪਸ਼ੂ ਸਿਹਤ ਕੇਂਦਰ -75
ਰਿਸਰਚ ਸੈਂਟਰ-06
ਬਲੱਡ ਬੈਂਕ-07
ਪਸ਼ੂ ਘਰ-00
ਆਯੂਸ਼-00
ਆਯੂਸ਼ ਨਾਲ ਜੁੜੀਆਂ ਪੰਜਾਬ 'ਚ ਹਜ਼ਾਰਾਂ ਸੰਸਥਾਵਾਂ ਹਨ ਪਰ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਰਿਕਾਰਡ 'ਚ ਇਕ ਵੀ ਸੰਸਥਾ ਬਾਇਓ ਮੈਡੀਕਲ ਵੇਸਟ ਸਹੀ ਢੰਗ ਨਾਲ ਨਿਪਟਾਰੇ ਲਈ ਨਹੀਂ ਭੇਜ ਰਿਹਾ ਕਿਉਂਕਿ ਕੋਈ ਵੀ ਇਕ ਕਿਲੋ ਕੂੜਾ ਪੈਦਾ ਨਹੀਂ ਕਰ ਰਿਹਾ, ਨਾਲ ਹੀ ਸੂਬੇ ਵਿਚ ਪਸ਼ੂ ਘਰਾਂ ਦੀ ਗਿਣਤੀ ਵੀ ਹਜ਼ਾਰਾਂ 'ਚ ਹੈ ਪਰ ਕੋਈ ਵੀ ਇਕ ਸਰਿੰਜ ਦੀ ਸੂਈ ਨਹੀਂ ਕੱਢ ਰਿਹਾ। ਇਹ ਹੈਰਾਨ ਕਰਨ ਵਾਲਾ ਖੁਲਾਸਾ ਹੈ।

10 ਬੈੱਡ ਤੱਕ ਸਿਰਫ 1000 ਰੁਪਏ ਪ੍ਰਤੀ ਮਹੀਨਾ ਕੂੜਾ ਨਿਪਟ ਜਾਂਦਾ ਹੈ
ਬਾਇਓ ਮੈਡੀਕਲ ਕੂੜੇ ਨੂੰ ਨਿਪਟਾਉਣ ਲਈ 10 ਬੈੱਡਾਂ ਦੀ ਸਮਰੱਥਾ ਵਾਲੇ ਹਸਪਤਾਲ ਨੂੰ ਮਹੀਨੇ 'ਚ 1000 ਰੁਪਏ ਦਾ ਭੁਗਤਾਨ ਕਰਨਾ ਹੁੰਦਾ ਹੈ। ਇਹ ਭੁਗਤਾਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਨਿਰਧਾਰਿਤ ਕੂੜਾ ਨਿਪਟਾਉਣ ਵਾਲੀ ਕੰਪਨੀ ਨੂੰ ਕੀਤਾ ਜਾਂਦਾ ਹੈ।

ਕਾਮਨ ਟਰੀਟਮੈਂਟ ਫੈਸੀਲਿਟੀ ਨਾਲ ਹੋ ਸਕਦੈ ਹੱਲ
ਬਾਇਓ ਮੈਡੀਕਲ ਵੇਸਟ ਦੇ ਨਿਪਟਾਰੇ ਲਈ ਜਲੰਧਰ ਦਾ ਜ਼ਿਆਦਾਤਰ ਕੂੜਾ ਮੋਹਾਲੀ ਜਾ ਰਿਹਾ ਹੈ। ਜੇਕਰ ਸ਼ਹਿਰ 'ਚ ਹੀ ਕੋਈ ਕਾਮਨ ਟਰੀਟਮੈਂਟ ਪਲਾਂਟ ਬਣ ਜਾਵੇ ਤਾਂ ਫੈਸੀਲਿਟੀ ਦਾ ਟਰਾਂਸਪੋਰਟ ਖਰਚਾ ਘੱਟ ਹੋ ਜਾਵੇਗਾ। ਇਸ ਨਾਲ ਛੋਟੇ ਤੋਂ ਛੋਟਾ ਡਾਕਟਰ ਵੀ ਆਪਣਾ ਬਾਇਓ ਮੈਡੀਕਲ ਕੂੜਾ ਕਬਾੜੀਏ ਦੀ ਬਜਾਏ ਪਲਾਂਟ 'ਚ ਭੇਜ ਸਕਦਾ ਹੈ। ਇਹੀ ਇਸ ਤਰ੍ਹਾਂ ਦੀ ਸਮੱਸਿਆ ਦਾ ਹੱਲ ਹੈ।

ਬੱਚੇ ਅਕਸਰ ਕੂੜੇ 'ਚ ਮਿਲਣ ਵਾਲੀਆਂ ਚੀਜ਼ਾਂ ਨੂੰ ਫਰੋਲਦੇ ਹਨ
ਬਾਇਓ ਮੈਡੀਕਲ ਕੂੜੇ 'ਚ ਬਲੇਡ, ਸਰਿੰਜਾਂ, ਦਸਤਾਨੇ, ਕੈਨੂਲਾ, ਗੁਲੂਕੋਜ਼ ਚੜ੍ਹਾਉਣ ਵਾਲੀਆਂ ਲਾਈਨਾਂ, ਮਾਸਕ ਵਰਗੀਆਂ ਰੰਗ-ਬਿਰੰਗੀਆਂ ਚੀਜ਼ਾਂ ਹੁੰਦੀਆਂ ਹਨ। ਇਕੱਲੇ ਦਸਤਾਨੇ ਹੀ ਸਫੈਦ, ਸੰਤਰੀ ਅਤੇ ਪੀਲੇ ਰੰਗ ਦੇ ਹੁੰਦੇ ਹਨ। ਕੁਝ ਚੀਜ਼ਾਂ ਤਾਂ ਖਿਡੌਣਿਆਂ ਦੇ ਆਕਾਰਾਂ ਵਾਲੀਆਂ ਹੁੰਦੀਆਂ ਹਨ। ਬੱਚੇ ਇਨ੍ਹਾਂ ਨੂੰ ਵੇਖ ਕੇ ਕਾਫੀ ਆਕਰਸ਼ਿਤ ਹੁੰਦੇ ਹਨ।


shivani attri

Content Editor

Related News