ਚਾਈਨਾ ਡੋਰ ਦੀ ਵਿਕਰੀ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਸਬੰਧੀ ਪੁਲਸ ਹੋਈ ਸਖ਼ਤ

12/22/2022 4:43:24 PM

ਕਾਠਗੜ੍ਹ (ਜ.ਬ.)- ਥਾਣਾ ਕਾਠਗੜ੍ਹ ਦੀ ਪੁਲਸ ਵੱਲੋਂ ਚਾਈਨਾ ਡੋਰ ਦੀ ਵਿਕਰੀ ਨੂੰ ਸਖ਼ਤੀ ਨਾਲ ਰੋਕਣ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਰੁਖ਼ ਅਖ਼ਤਿਆਰ ਕੀਤਾ ਗਿਆ ਹੈ। ਥਾਣਾ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਵੱਲੋਂ ਕਾਠਗੜ੍ਹ ਦੀ ਮਾਰਕੀਟ ’ਚ ਪੁਲਸ ਪਾਰਟੀ ਸਮੇਤ ਪਤੰਗ ਵੇਚਣ ਵਾਲੀਆਂ ਦੁਕਾਨਾਂ ’ਤੇ ਸਖ਼ਤੀ ਨਾਲ ਚੈਕਿੰਗ ਕਰਦਿਆਂ ਚਿਤਾਵਨੀ ਦਿੱਤੀ ਗਈ ਕਿ ਜੋ ਵੀ ਦੁਕਾਨਦਾਰ ਚਾਈਨਾ ਡੋਰ ਵੇਚੇਗਾ, ਉਸ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ ਤੇ ਪੁਲਸ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਚਾਈਨਾ ਡੋਰ ਦੀ ਵਿਕਰੀ ਨੂੰ ਰੋਕਣ ਲਈ ਪੁਲਸ ਸਮੇਂ-ਸਮੇਂ ’ਤੇ ਚੈਕਿੰਗ ਕਰਦੀ ਰਹੇਗੀ ਅਤੇ ਨਾਲ ਹੀ ਪਤੰਗ ਉਡਾਉਣ ਵਾਲਿਆਂ ਵੱਲੋਂ ਵਰਤੀ ਜਾਂਦੀ ਡੋਰ ਦੀ ਵੀ ਅਚਨਚੇਤੀ ਚੈਕਿੰਗ ਕੀਤੀ ਜਾਵੇਗੀ ਅਤੇ ਜਿਸ ਕੋਲ ਵੀ ਚਾਈਨਾ ਡੋਰ ਪਾਈ ਗਈ ਉਸ ਤੋਂ ਪੂਰੀ ਪੁੱਛ ਪੜਤਾਲ ਕਰਕੇ ਕਸੂਰਵਾਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਇਹ ਸਿਲਸਿਲਾ ਬਸੰਤ ਪੰਚਮੀ ਤੱਕ ਜਾਰੀ ਰਹੇਗਾ। ਇਸ ਤੋਂ ਬਾਅਦ ਥਾਣਾ ਮੁਖੀ ਨੇ ਕਾਠਗੜ ਦੇ ਮੇਨ ਚੌਂਕ ਵਿੱਚ ਨਾਕਾ ਲਗਾ ਕੇ ਦੋ ਪਹੀਆ ਵਾਹਨਾਂ ਦੀ ਚੈਕਿੰਗ ਕੀਤੀ ਅਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਾਲਾਨ ਕੀਤੇ। ਇਸ ਦੌਰਾਨ ਉਨ੍ਹਾਂ ਇਕ ਬੁਲਟ ਮੋਟਰਸਾਈਕਲ ਦੀ ਆਵਾਜ ਨੂੰ ਚੈੱਕ ਕਰਕੇ ਕਮੀਆਂ ਪਾਈਆਂ ਜਾਣ 'ਤੇ ਬਾਊਂਡ ਵੀ ਕੀਤਾ। ਉਨ੍ਹਾਂ ਪ੍ਰੈਸ਼ਰ ਹਾਰਨ ਅਤੇ ਪਟਾਕੇ ਵਜਾਉਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੇ ਆਪ ਹੀ ਬਾਜ਼ ਆ ਜਾਣ ਅਤੇ ਪੁਲਸ ਨੂੰ ਕਾਰਵਾਈ ਲਈ ਮਜਬੂਰ ਨਾ ਕੀਤਾ ਜਾਵੇ।

ਇਹ ਵੀ ਪੜ੍ਹੋ :ਪਾਸਪੋਰਟ ਬਣਵਾਉਣ ਵਾਲਿਆਂ ਲਈ ਅਹਿਮ ਖ਼ਬਰ, ਜਲੰਧਰ ਰੀਜ਼ਨਲ ਪਾਸੋਪਰਟ ਦਫ਼ਤਰ ਨੇ ਜਾਰੀ ਕੀਤੇ ਸਲਾਟ

ਇਸੇ ਤਰ੍ਹਾਂ ਉਨ੍ਹਾਂ ਟਰੈਕਟਰਾਂ ਵਾਲਿਆਂ ਜੋ ਵੱਡੇ ਡੈਕ ਸਿਸਟਮ ਲਗਾ ਕੇ ਉੱਚੀ ਗਾਣੇ ਵਜਾਉਂਦੇ ਹਨ ਨੂੰ ਤਾੜਨਾ ਕੀਤੀ ਕਿ ਜੋ ਵੀ ਅਜਿਹਾ ਕਰਦਾ ਪਾਇਆ ਗਿਆ ਉਸ 'ਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਮੁਖੀ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਇੱਕਾ-ਦੁੱਕਾ ਵਾਹਨਾਂ 'ਤੇ ਵੀ ਆਈ ਪੀ ਹੂਟਰ ਵੀ ਬਚਦੇ ਸੁਣੇ ਗਏ ਹਨ ਜੋ ਗੈਰ ਕਾਨੂੰਨੀ ਹਨ, ਜਿਸ ਨੂੰ ਲੈ ਕੇ ਵੀ ਉਹ ਕਾਫੀ ਗੰਭੀਰ ਹਨ। ਬੀਤੇ ਦਿਨਾਂ ਤੋਂ ਕਸਬੇ ਵਿੱਚ ਪੁਲਸ ਵੱਲੋਂ ਸਖ਼ਤ ਰੁਖ਼ ਅਖ਼ਤਿਆਰ ਕੀਤੇ ਜਾਣ ਨਾਲ ਮਨਚਲਿਆਂ ਦੀਆਂ ਹਰਕਤਾਂ ਘੱਟ ਹੋਣ ਨਾਲ ਕਸਬਾ ਬਸ ਵਾਸੀਆਂ ਅਤੇ ਦੁਕਾਨਦਾਰਾਂ ਨੇ ਪੁਲਿਸ ਦੀ ਕਾਰਵਾਈ ਦੀ ਸ਼ਲਾਘਾ ਕੀਤੀ ਹੈ।

ਇਹ ਵੀ ਪੜ੍ਹੋ : ਮੋਗਾ 'ਚ ਵੱਡੀ ਵਾਰਦਾਤ: ਸ਼ਰੇਆਮ ਗੋਲੀਆਂ ਮਾਰ ਕੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Anuradha

This news is Content Editor Anuradha