ਫਗਵਾੜਾ ’ਚ ਚੋਰੀਆਂ ਤੇ ਲੁੱਟਾਂ-ਖੋਹਾਂ ਦੀਆਂ ਕਈ ਵਾਰਦਾਤਾਂ ਅਜੇ ਵੀ ਨਹੀਂ ਸੁਲਝਾਅ ਸਕੀ ਪੁਲਸ !

08/04/2022 4:09:35 PM

ਫਗਵਾੜਾ (ਜਲੋਟਾ)-ਫਗਵਾੜਾ ’ਚ ਬੀਤੇ ਕੁਝ ਸਮੇਂ ’ਚ ਚੋਰੀਆਂ ਅਤੇ ਲੁੱਟਾਂ-ਖੋਹਾਂ ਆਦਿ ਦੀਆਂ ਹੋਈਆਂ ਕਈ ਵੱਡੀਆਂ ਵਾਰਦਾਤਾਂ ਨੂੰ ਹਾਲੇ ਵੀ ਪੁਲਸ ਨਹੀਂ ਸੁਲਝਾ ਪਾਈ ਹੈ। ਇਨ੍ਹਾਂ ਚੋਰੀ ਦੀਆਂ ਵਾਰਦਾਤਾਂ ਨੂੰ ਲੈ ਕੇ ਜਿੱਥੇ ਪੁਲਸ ਅਧਿਕਾਰੀਆਂ ਦਾ ਹਮੇਸ਼ਾ ਇਕੋ ਰਟਿਆ-ਰਟਾਇਆ ਦਾਅਵਾ ਹੁੰਦਾ ਹੈ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉੱਥੇ ਹੀ ਹਕੀਕਤ ਹੈ ਕਿ ਜਿਹੜੇ ਲੋਕ ਚੋਰੀਆਂ ਅਤੇ ਲੁੱਟਾਂ-ਖੋਹਾਂ ਆਦਿ ਦੇ ਸ਼ਿਕਾਰ ਬਣੇ ਹਨ, ਉਹ ਆਪਣਾ ਸਭ ਕੁਝ ਲੁਟਾ ਕੇ ਇਸੇ ਆਸ ’ਚ ਦਿਨ ਕੱਟ ਰਹੇ ਹਨ ਕਿ ਕਿਸੇ ਨਾ ਕਿਸੇ ਦਿਨ ਪੁਲਸ ਉਨ੍ਹਾਂ ਦੀਆਂ ਦੁਕਾਨਾਂ, ਸ਼ੋਅਰੂਮਾਂ, ਘਰਾਂ ਆਦਿ ’ਚ ਹੋਈਆਂ ਚੋਰੀ ਦੀਆਂ ਵਾਰਦਾਤਾਂ ਨੂੰ ਸੁਲਝਾ ਉਨ੍ਹਾਂ ਦੇ ਕੀਮਤੀ ਸਾਮਾਨ ਨੂੰ ਵਾਪਸ ਕਰਵਾਏਗੀ ਅਤੇ ਜਿਨ੍ਹਾਂ ਅਣਪਛਾਤੇ ਚੋਰ ਲੁਟੇਰਿਆਂ ਨੇ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ, ਉਨ੍ਹਾਂ ਨੂੰ ਜੇਲ ਦੀਆਂ ਸਲਾਖਾਂ ਦੇ ਪਿੱਛੇ ਧੱਕੇਗੀ।

ਇੰਝ ਹੁੰਦਾ ਦੂਰ-ਦੂਰ ਤੱਕ ਵੀ ਕਿਤੇ ਦਿਖਾਈ ਨਹੀਂ ਦੇ ਰਿਹਾ ਹੈ ਕਿਉਂਕਿ ਬੀਤੇ ਕੁਝ ਸਮੇਂ ’ਚ ਪੁਲਸ ਵੱਲੋਂ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਲੈ ਕੇ ਚੋਰ-ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਨ ਸਬੰਧੀ ਢਿੱਲੀ-ਮੱਠੀ ਕਾਰਜਸ਼ੈਲੀ ਹੀ ਅਪਣਾਈ ਜਾ ਰਹੀ ਹੈ ਅਤੇ ਫਗਵਾੜਾ ’ਚ ਪੁਲਸ ਦੀ ਰਿਕਵਰੀ ਦਾ ਗ੍ਰਾਫ ਤੇਜ਼ੀ ਨਾਲ ਥੱਲੇ ਡਿੱਗਿਆ ਹੈ। ਗੱਲਬਾਤ ਕਰਦੇ ਹੋਏ ਚੋਰੀ ਅਤੇ ਲੁੱਟਾਂ ਖੋਹਾਂ ਦੇ ਸ਼ਿਕਾਰ ਹੋਏ ਕਈ ਲੋਕਾਂ ਨੇ ਆਖਿਆ ਕਿ ਉਨ੍ਹਾਂ ਨੇ ਤਾਂ ਹੁਣ ਇਹ ਆਸ ਹੀ ਛੱਡ ਦਿੱਤੀ ਹੈ ਕਿ ਪੁਲਸ ਉਨ੍ਹਾਂ ਦਾ ਕੀਮਤੀ ਸਾਮਾਨ ਵਾਪਸ ਕਰਾਵੇਗੀ। ਹਾਲਾਂਕਿ ਕੁਝ ਲੋਕਾਂ ਨੇ ਵੀ ਕਿਹਾ ਕਿ ਉਨ੍ਹਾਂ ਦੀ ਆਸ ਬਰਕਰਾਰ ਹੈ ਇਕ ਨਾ ਇਕ ਦਿਨ ਸ਼ਾਇਦ ਉਨ੍ਹਾਂ ਨੂੰ ਇਨਸਾਫ ਮਿਲੇਗਾ। ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਜ਼ਿਲਾ ਕਪੂਰਥਲਾ ਦੇ ਨਵੇਂ ਐੱਸ. ਐੱਸ. ਪੀ. ਅਤੇ ਫਗਵਾੜਾ ਦੇ ਨਵੇਂ ਐੱਸ. ਪੀ. ਸਮੇਤ ਪੁਲਸ ਦੀ ਨਵੀਂ ਟੀਮ ਸ਼ਹਿਰੀ ਅਤੇ ਪੇਂਡੂ ਇਲਾਕਿਆਂ ’ਚ ਹੋਈਆਂ ਚੋਰੀ ਦੀਆਂ ਅਣਗਿਣਤ ਅਣਟਰੇਸ ਚੱਲ ਰਹੀਆਂ ਵਾਰਦਾਤਾਂ ਨੂੰ ਜਲਦ ਤੋਂ ਜਲਦ ਟਰੇਸ ਕਰ ਉਨ੍ਹਾਂ ਨੂੰ ਇਨਸਾਫ ਦੇਣਗੇ।

ਸੌ ਸਵਾਲਾਂ ਦਾ ਇਕ ਵੱਡਾ ਸਵਾਲ ਤਾਂ ਇਹੋ ਬਣਿਆ ਹੋਇਆ ਹੈ ਕਿ ਜਦ ਪੁਲਸ ਨੂੰ ਖ਼ੁਦ ਇਹ ਨਹੀਂ ਪਤਾ ਹੈ ਕਿ ਇਨ੍ਹਾਂ ਚੋਰੀਆਂ ਨੂੰ ਅੰਜਾਮ ਦੇ ਕੇ ਗਏ ਉਹ ਅਣਪਛਾਤੇ ਚੋਰ ਕਿਹੜੇ ਹਨ, ਜਿਹੜੇ ਇਨ੍ਹਾਂ ਨੂੰ ਅੰਜਾਮ ਦੇ ਕੇ ਗਏ ਹਨ ਤਾਂ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਤਾਂ ਬਹੁਤ ਦੂਰ ਦੀ ਗੱਲ ਰਹਿ ਜਾਂਦੀ ਹੈ। ਜ਼ਰੂਰਤ ਇਸ ਗੱਲ ਦੀ ਹੈ ਕਿ ਜ਼ਿਲਾ ਕਪੂਰਥਲਾ ਦੇ ਨਵੇਂ ਐੱਸ. ਐੱਸ. ਪੀ. ਪਹਿਲ ਦੇ ਆਧਾਰ ’ਤੇ ਜ਼ਿਲੇ ’ਚ ਹੋਈਆਂ ਚੋਰੀਆਂ, ਲੁੱਟਾਂ-ਖੋਹਾਂ ਆਦਿ ਦੀਆ ਵਾਰਦਾਤਾਂ ਦਾ ਵੇਰਵਾ ਹਰ ਥਾਣੇ ਤੋਂ ਮੰਗਵਾਣ ਅਤੇ ਇਨ੍ਹਾਂ ਨੂੰ ਟਰੇਸ ਕਰਨ ਲਈ ਵੱਡੀ ਮੁਹਿਮ ਚਲਾ ਕੇ ਲੋਕਾਂ ਨੂੰ ਰਾਹਤ ਅਤੇ ਇਨਸਾਫ ਦੇਣ।


Manoj

Content Editor

Related News