ਥਾਣਾ ਨਵੀਂ ਬਾਰਾਦਰੀ ’ਚ ਧਰਨਾ ਲਾਉਣ ’ਤੇ ਮੇਜਰ ਸਿੰਘ ਤੇ ਸਾਥੀਆਂ ਖ਼ਿਲਾਫ਼ ਡੀ.ਜੀ.ਪੀ. ਨੂੰ ਸ਼ਿਕਾਇਤ

01/11/2021 12:02:12 PM

ਜਲੰਧਰ(ਵਰੁਣ): ਆਰ. ਟੀ. ਆਈ. ਐਕਟੀਵਿਸਟ ਸਿਮਰਨਜੀਤ ਸਿੰਘ ਤੇ ਖਾਦੀ ਬੋਰਡ ਦੇ ਡਾਇਰੈਕਟਰ ਮੇਜਰ ਸਿੰਘ ਵਿਚਾਲੇ ਚੱਲ ਰਹੇ ਵਿਵਾਦ ’ਚ ਕੰਪਲੇਟ ਵਾਰ ਰੁਕਣ ਦਾ ਨਾਂ ਨਹੀਂ ਲੈ ਰਹੀ। ਇਸ ਵਾਰ ਆਰ. ਟੀ. ਆਈ. ਐਕਟੀਵਿਸਟ ਸਿਮਰਨਜੀਤ ਸਿੰਘ ਨੇ ਮੇਜਰ ਸਿੰਘ ਖ਼ਿਲਾਫ਼ ਡੀ.ਜੀ.ਪੀ. ਨੂੰ ਸ਼ਿਕਾਇਤ ਕਰਦਿਆਂ ਕਿਹਾ ਕਿ ਮੇਜਰ ਸਿੰਘ ਨੇ ਉਨ੍ਹਾਂ ਖ਼ਿਲਾਫ਼ ਜੋ ਥਾਣਾ ਨਵੀਂ ਬਾਰਾਦਰੀ ’ਚ ਭੀੜ ਇਕੱਠੀ ਕਰ ਕੇ ਧਰਨਾ ਲਾਇਆ ਸੀ, ਉਸ ਨਾਲ ਕੋਰੋਨਾ ਗਾਈਡਲਾਈਨਜ਼ ਦੀ ਉਲੰਘਣਾ ਹੋਈ ਹੈ ਤੇ ਅਜਿਹੇ ’ਚ ਧਰਨਾ ਲਾਉਣ ਵਾਲੇ ਸਾਰੇ ਲੋਕਾਂ ’ਤੇ ਕਾਨੂੰਨੀ ਕਰਵਾਈ ਕੀਤੀ ਜਾਵੇ।
ਇਸ ਸ਼ਿਕਾਇਤ ਦੀ ਇਕ ਕਾਪੀ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਵੀ ਦਿੱਤੀ ਗਈ ਹੈ। ਸਿਮਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦਿੱਤੀ ਗਈ ਸ਼ਿਕਾਇਤ ਸੀ. ਪੀ. ਕੋਲ ਪਹੁੰਚ ਗਈ ਹੈ, ਜਿਸ ’ਤੇ ਛੇਤੀ ਹੀ ਕਾਰਵਾਈ ਹੋਣੀ ਤੈਅ ਹੈ। ਸਿਮਰਨਜੀਤ ਸਿੰਘ ਨੇ ਮੇਜਰ ਸਿੰਘ ਤੋਂ ਇਲਾਵਾ ਸ਼ਿਕਾਇਤ ’ਚ ਕਈ ਕੌਂਸਲਰ, ਨੇਤਾ ਤੇ ਰਿਸ਼ਤੇਦਾਰਾਂ ਸਮੇਤ ਕਰੀਬ 30 ਲੋਕਾਂ ਦੇ ਨਾਂ ਵੀ ਦਿੱਤੇ ਹਨ ਤੇ ਮੰਗ ਕੀਤੀ ਹੈ ਕਿ ਇਨ੍ਹਾਂ ਸਾਰਿਆਂ ਖ਼ਿਲਾਫ਼ ਧਾਰਾ 188 ਤਹਿਤ ਕੇਸ ਦਰਜ ਕੀਤਾ ਜਾਵੇ। ਸਿਮਰਨਜੀਤ ਸਿੰਘ ਨੇ ਕਿਹਾ ਕਿ ਉਕਤ ਦੋਸ਼ੀ 16-17 ਤੇ 21 ਦਸੰਬਰ ਨੂੰ ਥਾਣੇ ’ਚ ਇਕੱਠੇ ਹੋਏ ਤੇ ਧਰਨਾ ਪ੍ਰਦਰਸ਼ਨ ਕੀਤਾ, ਜੋ ਕਿ ਐੱਮ.ਐੱਚ.ਏ. ਦੀ ਗਾਈਡਲਾਈਨਜ਼ ਖ਼ਿਲਾਫ਼ ਸੀ। ਉਨ੍ਹਾਂ ਕਿਹਾ ਕਿ ਧਰਨੇ ਪ੍ਰਦਰਸ਼ਨ ਲਈ ਇਕ ਸਥਾਨ ਤੈਅ ਕਰ ਕੇ ਰੱਖਿਆ ਹੈ ਤੇ ਬਾਕੀ ਸਥਾਨਾਂ ’ਤੇ ਪ੍ਰਦਰਸ਼ਨ ਕਰਨਾ ਗੈਰ-ਕਾਨੂੰਨੀ ਹੈ। ਇਲਜ਼ਾਮ ਇਹ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਕਾਨੂੰਨ ਦੀ ਸ਼ਰੇਆਮ ਉਲੰਘਣਾ ਕੀਤੀ ਹੈ, ਜਦੋਂ ਕਿ ਕੋਰੋਨਾ ਦਾ ਖ਼ਤਰਾ ਵੀ ਵਧਿਆ ਹੈ।
ਦੱਸਣਯੋਗ ਹੈ ਕਿ ਕਾਂਗਰਸੀ ਆਗੂ ਤੇ ਖਾਦੀ ਬੋਰਡ ਪੰਜਾਬ ਦੇ ਡਾਇਰੈਕਟਰ ਮੇਜਰ ਸਿੰਘ ਤੇ ਸਿਮਰਨਜੀਤ ਸਿੰਘ ਵਿਚਾਲੇ 16 ਦਸੰਬਰ ਨੂੰ ਜੇ. ਡੀ. ਏ. ਦਫ਼ਤਰ ਦੇ ਬਾਹਰ ਵਿਵਾਦ ਹੋਇਆ ਸੀ। ਮੇਜਰ ਸਿੰਘ ਨੇ ਸਿਮਰਨਜੀਤ ਸਿੰਘ ’ਤੇ ਬਲੈਕਮੇਲ ਕਰਨ ਦੇ ਦੋਸ਼ ਲਾਏ ਸਨ, ਜਦੋਂ ਕਿ ਸਿਮਰਨਜੀਤ ਸਿੰਘ ਨੇ ਸਾਰੇ ਦੋਸ਼ਾਂ ਨੂੰ ਨਕਾਰਿਆ ਸੀ। ਉਸ ਤੋਂ ਬਾਅਦ ਮੇਜਰ ਸਿੰਘ ਨੇ ਮਾਣਯੋਗ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰਦੇ ਹੋਏ ਦੋਸ਼ ਲਾਏ ਸਨ ਕਿ ਸਿਮਰਨਜੀਤ ਸਿੰਘ ਤੇ ਉਨ੍ਹਾਂ ਦੇ ਪਾਰਟਨਰ ਨੇ ਆਰ.ਟੀ.ਆਈ. ਪਾ ਪਾ ਕੇ ਲੋਕਾਂ ਤੋਂ 400 ਕਰੋਡ਼ ਰੁਪਏ ਦੀ ਉਗਰਾਹੀ ਕੀਤੀ, ਜਦੋਂ ਕਿ 270 ਇਮਾਰਤਾਂ ਦੀਆਂ ਸ਼ਿਕਾਇਤਾਂ ਨੂੰ ਵਾਪਸ ਲਿਆ ਤੇ ਉਸ ਦੀ ਆੜ ’ਚ ਪੈਸੇ ਵੀ ਇਕੱਠੇ ਕੀਤੇ। ਮੇਜਰ ਸਿੰਘ ਦਾ ਦੋਸ਼ ਸੀ ਕਿ ਇਨ੍ਹਾਂ ਲੋਕਾਂ ਕਾਰਣ ਸਰਕਾਰ ਦੇ ਰੈਵੀਨਿਊ ਨੂੰ 2000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਪਟੀਸ਼ਨ ’ਚ ਇਸ ਸਾਰੇ ਨੈਕਸਸ ਪਿੱਛੇ ਪਨਸਪ ਦੇ ਚੇਅਰਮੈਨ ਤੇਜਿੰਦਰ ਸਿੰਘ ਬਿੱਟੂ ਦਾ ਹੱਥ ਦੱਸਿਆ ਸੀ ਤੇ ਦੋਸ਼ ਲਾਇਆ ਸੀ ਕਿ ਤੇਜਿੰਦਰ ਸਿੰਘ ਬਿੱਟੂ ਸਿਮਰਨਜੀਤ ਸਿੰਘ ਤੇ ਉਸ ਦੇ ਪਾਰਟਨਰ ਨੂੰ ਸ਼ਟਰ ਦਿੰਦੇ ਹਨ। ਹਾਲਾਂਕਿ ਬਾਅਦ ’ਚ ਮੇਜਰ ਸਿੰਘ ਨੇ ਤੇਜਿੰਦਰ ਸਿੰਘ ਬਿੱਟੂ ’ਤੇ ਲਾਏ ਦੋਸ਼ਾਂ ਸਬੰਧੀ ਯੂ-ਟਰਨ ਲੈ ਲਿਆ ਸੀ ਤੇ ਕਿਹਾ ਸੀ ਕਿ ਤੇਜਿੰਦਰ ਬਿੱਟੂ ਦਾ ਇਨ੍ਹਾਂ ਲੋਕਾਂ ਨਾਲ ਕੋਈ ਸਬੰਧ ਨਹੀਂ ਹੈ। ਇਸ ਮੰਗ ’ਚ ਕਈ ਨਾਮੀ ਹਸਪਤਾਲਾਂ ਦੇ ਨਾਂ ਦੇ ਕੇ ਸਿਮਰਜੀਤ ਸਿੰਘ ’ਤੇ ਦੋਸ਼ ਲਾਏ ਸਨ ਕਿ ਉਨ੍ਹਾਂ ਨੇ ਕਈ ਨਾਮੀ ਹਸਪਤਾਲਾਂ ਦੀਆਂ ਇਮਾਰਤਾਂ ਖ਼ਿਲਾਫ਼ ਆਰ. ਟੀ. ਆਈ. ਪਾ ਕੇ ਕਈ ਕਰੋੜ ਰੁਪਏ ਵਸੂਲੇ ਹਨ। ਇਸ ਤੋਂ ਇਲਾਵਾ ਮੇਜਰ ਸਿੰਘ ਨੇ ਸਿਮਰਨਜੀਤ ਸਿੰਘ ਦੇ ਦੋਸਤ ’ਤੇ 16 ਦਸੰਬਰ ਨੂੰ ਹੀ ਵਿਵਾਦ ਦੌਰਾਨ ਪਿਸਟਲ ਤਾਨਣ ਦਾ ਵੀ ਦੋਸ਼ ਲਾਇਆ ਸੀ।
ਥਾਣਾ ਨਵੀਂ ਬਾਰਾਦਰੀ ’ਚ ਸਿਮਰਨਜੀਤ ਸਿੰਘ ਖ਼ਿਲਾਫ਼ ਕੇਸ ਦਰਜ ਹੋਇਆ ਸੀ ਪਰ ਹੁਣ ਸਿਮਰਨਜੀਤ ਸਿੰਘ ਦੀ ਗਿ੍ਰਫ਼ਤਾਰੀ ’ਤੇ ਰੋਕ ਲੱਗੀ ਹੋਈ ਹੈ। ਸਿਮਰਨਜੀਤ ਸਿੰਘ ਨੇ ਇਸ ਮਾਮਲੇ ਸਬੰਧੀ ਹਿਊਮਨ ਰਾਈਟਸ ਪੰਜਾਬ ’ਚ ਵੀ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਮੇਜਰ ਸਿੰਘ ਨੇ ਵੀ ਚੀਫ ਸੈਕੇਰੇਟਰੀ ਪੰਜਾਬ, ਡੀ. ਜੀ. ਪੀ. ਪੰਜਾਬ, ਲੋਕਲ ਬਾਡੀ ਡਿਪਾਰਟਮੈਂਟ, ਚੀਫ ਐਡਮਨਿਸਟ੍ਰੇਟਰ ਪੁੱਡਾ, ਏ. ਡੀ. ਜੀ. ਪੀ. ਵਿਜੀਲੈਂਸ ਤੇ ਏ. ਡੀ. ਜੀ. ਪੀ. ਸਕਿਓਰਿਟੀ ਨੂੰ ਸਿਮਰਜੀਤ ਸਿੰਘ ਤੇ ਉਨ੍ਹਾਂ ਦੇ ਪਾਰਟਨਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ।
 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦੱਸੋ। 


Aarti dhillon

Content Editor

Related News