ਡੀਲਰ ਨੇ ਸ਼ਸ਼ੀ ਸ਼ਰਮਾ ਤੋਂ ਖਰੀਦੀ ਗੱਡੀ, ਸਰਵਿਸ ਸਟੇਸ਼ਨ ''ਤੇ ਵਾਸ਼ਿੰਗ ਕਰਦੇ ਹੋਏ ਨਿਕਲੀ ਪਿਸਤੌਲ

08/25/2019 1:02:34 PM

ਜਲੰਧਰ (ਜ.ਬ.)— ਥਾਣਾ ਚਾਰ ਦੀ ਪੁਲਸ ਨੇ ਗੱਡੀਆਂ ਦੀ ਸੇਲ-ਪ੍ਰਚੇਜ਼ ਕਰਨ ਵਾਲੇ ਵਿਅਕਤੀਆਂ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਵਿਅਕਤੀ ਉਪਰ ਆਰਮਜ਼ ਐਕਟ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਕ ਪਿਸਟਲ ਅਤੇ 29 ਗੋਲੀਆਂ ਬਰਾਮਦ ਕੀਤੀਆਂ। ਪੁਲਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ ਤੋਂ ਬਾਅਦ ਵੱਡਾ ਖੁਲਾਸਾ ਹੋਣ ਦੀ ਸੰਭਾਵਨਾ ਹੈ। ਥਾਣਾ 4 ਦੇ ਮੁਖੀ ਕਮਲਜੀਤ ਸਿੰਘ ਨੇ ਕਿਹਾ ਕਿ ਸ਼ਿਕਾਇਤਕਰਤਾ ਪਰਵਿੰਦਰ ਸਿੰਘ ਦੇ ਪੁੱਤਰ ਸੁਰਜੀਤ ਸਿੰਘ ਨਿਵਾਸੀ ਜੇ. ਪੀ. ਨਗਰ ਨੇ ਦੱਸਿਆ ਕਿ ਉਹ ਅਸ਼ੋਕ ਨਗਰ ਵਿਚ ਗੱਡੀਆਂ ਦੀ ਸੇਲ-ਪ੍ਰਚੇਜ਼ ਦਾ ਕੰਮ ਕਰਦਾ ਹੈ। 22 ਅਗਸਤ ਨੂੰ ਬ੍ਰਿਜ਼ਾ ਮਾਰਕਾ ਗੋਲਡਨ ਰੰਗ ਦੀ ਗੱਡੀ ਸ਼ਸ਼ੀ ਸ਼ਰਮਾ ਪੁੱਤਰ ਸ਼ਾਮ ਪ੍ਰਕਾਸ਼ ਸ਼ਰਮਾ ਨਿਵਾਸੀ ਫਲੈਟ ਗੰਗਾ ਅਪਾਰਟਮੈਂਟ ਚੱਠਾ ਕੰਪਲੈਕਸ ਤੋਂ 6 ਲੱਖ 50 ਹਜ਼ਾਰ ਦੀ ਖਰੀਦੀ ਸੀ, ਜਿਸ ਤੋਂ ਬਾਅਦ 1 ਲੱਖ 50 ਹਜ਼ਾਰ ਰੁਪਏ ਸ਼ਸ਼ੀ ਸ਼ਰਮਾ ਨੂੰ ਕੈਸ਼ ਪੇਮੈਂਟ ਕਰ ਦਿੱਤੀ ਸੀ ਅਤੇ 5 ਲੱਖ ਰੁਪਏ ਉਸ ਦੇ ਖਾਤੇ 'ਚ ਟਰਾਂਸਫਰ ਕਰ ਦਿੱਤੇ ਸਨ।

24 ਅਗਸਤ ਨੂੰ 10 ਵਜੇ ਗੱਡੀ ਡਰਾਈਕਲੀਨ ਕਰਵਾਉਣ ਲਈ ਬੌਬੀ ਸਰਵਿਸ ਸਟੇਸ਼ਨ ਪਿੰਡ ਚੂਹੜਵਾਲੀ ਭੇਜੀ, ਜਿੱਥੇ ਡਰਾਈਕਲੀਨ ਕਰਦੇ ਸਮੇਂ ਕੰਡਕਟਰ ਸੀਟ 'ਤੇ ਬਣੇ ਇਕ ਬਾਕਸ 'ਚੋਂ ਪਿਸਟਲ 2 ਏ. ਐੱਮ. ਐੱਮ. ਮੀਨੀਏਚਰ ਸਮੇਤ ਮੈਗਜ਼ੀਨ, 2 ਗੋਲੀਆਂ 2 ਐੱਮ. ਐੱਮ. ਅਤੇ 27 ਗੋਲੀਆਂ 6.65 ਐੱਮ. ਐੱਮ. ਹੋਲਸਟਰ ਬੈਲਟ ਨਿਕਲੀਆਂ, ਜਿਸ ਨੂੰ ਉਸ ਨੇ ਥਾਣਾ ਨੰ. 4 ਦੇ ਹਵਾਲੇ ਕਰ ਦਿੱਤਾ। ਪੁਲਸ ਨੇ ਡੀਲਰ ਪਰਵਿੰਦਰ ਸਿੰਘ ਦੇ ਬਿਆਨਾਂ 'ਤੇ ਜਾਂਚ ਤੋਂ ਬਾਅਦ ਦੋਸ਼ੀ ਵਿਅਕਤੀ ਖਿਲਾਫ਼ 25-54-59 ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇ ਕਾਰਵਾਈ ਸ਼ੁਰੂ ਕੀਤੀ।

ਪੁਲਸ ਨੇ ਦੱਸਿਆ ਕਿ ਸਾਰੇ ਮਾਮਲੇ 'ਚ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਪਿਸਟਲ ਤੇ ਗੋਲੀਆਂ ਕਿਸ ਦੀਆਂ ਹਨ। ਪੁਲਸ ਹਰ ਤਰ੍ਹਾਂ ਮਾਮਲੇ ਦੀ ਜਾਂਚ-ਪੜਤਾਲ ਕਰ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਜਲਦੀ ਹੀ ਸਾਰੇ ਮਾਮਲੇ ਨੂੰ ਹੱਲ ਕਰ ਦਿੱਤਾ ਜਾਵੇਗਾ ਅਤੇ ਜਲਦ ਹੀ ਉਨ੍ਹਾਂ ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਜਿਹੜੇ ਇਸ ਮਾਮਲੇ ਨਾਲ ਜੁੜੇ ਹਨ। ਫਿਲਹਾਲ ਪੁਲਸ ਜਾਂਚ ਕਰ ਰਹੀ ਹੈ ਕਿ ਪਿਸਟਲ ਕਿਸ ਦੀ ਹੈ ਅਤੇ ਸ਼ਸ਼ੀ ਸ਼ਰਮਾ ਦੀ ਗੱਡੀ 'ਚ ਕਿਸ ਤਰ੍ਹਾਂ ਆਈ। ਪੁਲਸ ਗੱਡੀ ਨਾਲ ਸਬੰਧਿਤ ਹਰ ਉਸ ਵਿਅਕਤੀ ਨਾਲ ਗੱਲ ਕਰੇਗੀ, ਜਿਸ ਤੋਂ ਬਾਅਦ ਇਕ ਵੱਡਾ ਖੁਲਾਸਾ ਹੋਣ ਦੀ ਸੰਭਾਵਨਾ ਹੈ।

shivani attri

This news is Content Editor shivani attri