ਗੜ੍ਹਸ਼ੰਕਰ: ਸ਼ਿਵ ਮੰਦਿਰ 'ਚੋਂ ਮਿਲੀ ਵਿਅਕਤੀ ਦੀ ਲਾਸ਼

06/19/2020 6:35:41 PM

ਗੜ੍ਹਸ਼ੰਕਰ (ਅਮਰੀਕ)— ਗੜ੍ਹਸ਼ੰਕਰ-ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ 'ਤੇ ਸਥਿਤ ਪਿੰਡ ਰੋਡ ਮਜਾਰਾ ਵਿਖੇ ਸ਼ਿਵ ਮੰਦਿਰ 'ਚੋਂ ਇਕ ਨੌਜਵਾਨ ਦੀ ਲਾਸ਼ ਮਿਲੀ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਲਾਸ਼ ਬੀਤੀ ਬਾਅਦ ਦੁਪਹਿਰ ਪਿੰਡ ਦੇ ਲੋਕਾਂ ਵੱਲੋਂ ਮੰਦਿਰ 'ਚ ਘੰਟੀ ਦੇ ਹੇਠਾਂ ਪਈ ਵੇਖੀ ਗਈ ਅਤੇ ਇਸ ਸਬੰਧੀ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ।

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ (ਉਮਰ ਕਰੀਬ 27 ਸਾਲ) ਪੁੱਤਰ ਰਾਮ ਲੁਭਾਇਆ ਵਾਸੀ ਪਿੰਡ ਸੜੋਆ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਜੋਂ ਹੋਈ। ਮ੍ਰਿਤਕ ਦੇ ਗਲ 'ਚ ਰੱਸੇ ਦੇ ਨਿਸ਼ਾਨ ਸਨ, ਜਿਸ ਤੋਂ ਲਗਦਾ ਸੀ ਕਿ ਜਿਵੇਂ ਮੰਦਰ ਦੇ ਵੱਡੇ ਟੱਲ ਨਾਲ ਲਮਕ ਕੇ ਖੁਦਕਸ਼ੀ ਕੀਤੀ ਹੋਵੇ ਪਰ ਘੰਟੀ ਬਹੁਤੀ ਉੱਚੀ ਨਾ ਹੋਣ ਕਾਰਨ ਲੋਕ ਆਪੋ-ਆਪਣੇ ਕਿਆਸ ਲਗਾ ਰਹੇ ਸਨ।

ਮ੍ਰਿਤਕ ਦੇ ਪਿਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਅਨੁਸਾਰ ਜਸਵਿੰਦਰ ਸਿੰਘ ਦੀ ਦਿਮਾਗੀ ਹਾਲਤ ਕੁਝ ਪਰੇਸ਼ਾਨੀ 'ਚ ਸੀ ਅਤੇ ਦੁਪਹਿਰ ਤੋਂ ਘਰੋਂ ਗਿਆ ਹੋਇਆ ਸੀ ਅਤੇ ਸ਼ਾਮੀ ਉਸ ਦੀ ਮੌਤ ਬਾਰੇ ਪਤਾ ਲੱਗਾ। ਪੁਲਸ ਵੱਲੋਂ ਸਬ ਇੰਸਪੈਕਟਰ ਸੁਭਾਸ਼ ਚੰਦਰ ਅਤੇ ਰਾਜ ਕੁਮਾਰ ਅਨੁਸਾਰ ਮ੍ਰਿਤਕ ਦੇ ਪਿਤਾ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦੇ ਮੌਕੇ 'ਤੇ ਪਹੁੰਚ ਕੇ ਲਾਸ਼ ਕਬਜ਼ੇ 'ਚ ਲੈ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

shivani attri

This news is Content Editor shivani attri