13 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਛੱਪੜ ''ਚੋਂ ਬਰਾਮਦ

02/10/2020 5:09:22 PM

ਲਾਂਬੜਾ (ਵਰਿੰਦਰ)— ਪਿੰਡ ਲਾਂਬੜਾ ਕਾਲੋਨੀਆਂ ਦੇ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਹੋਏ ਇਕ ਨੌਜਵਾਨ ਦੀ ਲਾਸ਼ ਬੀਤੇ ਦਿਨ ਲਾਂਬੜਾ ਪਿੰਡ ਦੇ ਛੱਪੜ 'ਚੋਂ ਬਰਾਮਦ ਕੀਤੀ ਗਈ। ਸੂਚਨਾ ਮਿਲਦੇ ਹੀ ਸਥਾਨਕ ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਜਾਣਕਾਰੀ ਅਨੁਸਾਰ ਅਸ਼ਵਨੀ ਕੁਮਾਰ (31) ਪੁੱਤਰ ਹਰਮੇਸ਼ ਲਾਲ ਵਾਸੀ ਪਿੰਡ ਲਾਂਬੜਾ ਕਾਲੋਨੀਆਂ, ਜੋ ਲਾਂਬੜਾ ਵਿਖੇ ਹੀ ਇਕ ਫੈਕਟਰੀ 'ਚ ਕੰਮ ਕਰਦਾ ਸੀ, ਅਸ਼ਵਨੀ ਕੁਮਾਰ ਬੀਤੀ 27 ਜਨਵਰੀ ਤੋਂ ਹੀ ਲਾਪਤਾ ਸੀ।

PunjabKesari
ਆਖਰੀ ਦਿਨ ਘਰੋਂ ਜਾਣ ਸਮੇਂ ਅਸ਼ਵਨੀ ਕੁਮਾਰ ਨੇ ਪਹਿਲਾਂ ਸਵੇਰ ਸਮੇਂ ਆਪਣੇ ਘਰਦਿਆਂ ਨੂੰ ਕਿਹਾ ਕਿ ਅੱਜ ਉਸ ਨੇ ਫੈਕਟਰੀ ਨਹੀਂ ਜਾਣਾ, ਉਸ ਦੀ ਸਿਹਤ ਕੁਝ ਠੀਕ ਨਹੀਂ ਹੈ। ਬਾਅਦ ਵਿਚ ਦੁਪਹਿਰ ਨੂੰ ਉਸ ਨੇ ਘਰਦਿਆਂ ਨੂੰ ਫੈਕਟਰੀ ਵਿਚ ਅੱਧੀ ਦਿਹਾੜੀ ਲਾਉਣ ਲਈ ਆਖਿਆ ਅਤੇ ਘਰੋਂ ਚਲਾ ਗਿਆ ਪਰ ਅੱਜ ਤੱਕ ਉਹ ਮੁੜ ਘਰ ਨਹੀਂ ਪਰਤਿਆ ਸੀ। ਘਰਦਿਆਂ ਵੱਲੋਂ ਉਸ ਦੇ ਲਾਪਤਾ ਹੋਣ ਦੀ ਸੂਚਨਾ ਸਥਾਨਕ ਪੁਲਸ ਨੂੰ ਦੇ ਦਿੱਤੀ ਗਈ ਸੀ।

PunjabKesari
ਬੀਤੇ ਦਿਨ ਦੁਪਹਿਰ ਸਮੇਂ ਪਿੰਡ ਲਾਂਬੜਾ ਦੇ ਸ਼ਮਸ਼ਾਨਘਾਟ ਨੇੜੇ ਸਥਿਤ ਛੱਪੜ ਨੇੜਿਓਂ ਲੰਘਦੇ ਕੁਝ ਰਾਹਗੀਰਾਂ ਨੇ ਛੱਪੜ ਵਿਚ ਤੈਰ ਰਹੀ ਇਕ ਲਾਸ਼ ਦੇਖੀ। ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਬਾਹਰ ਕਢਵਾ ਕੇ ਉਸ ਦੀ ਸ਼ਨਾਖਤ ਕਰਵਾਈ ਗਈ ਤਾਂ ਇਹ ਲਾਸ਼ ਕਰੀਬ 13 ਦਿਨਾਂ ਤੋਂ ਲਾਪਤਾ ਹੋਏ ਨੌਜਵਾਨ ਅਸ਼ਵਨੀ ਕੁਮਾਰ ਦੀ ਨਿਕਲੀ। ਪਾਣੀ ਕਾਰਨ ਮ੍ਰਿਤਕ ਦੀ ਲਾਸ਼ ਕਾਫੀ ਫੁੱਲ ਗਈ ਸੀ। ਇਸ ਸਬੰਧੀ ਥਾਣਾ ਮੁਖੀ ਰਮਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਸ ਵੱਲੋਂ ਜਾਂਚ ਜਾਰੀ ਹੈ।


shivani attri

Content Editor

Related News