3 ਦਿਨਾਂ ''ਚ ਵੱਡੀ ਮਾਤਰਾ ''ਚ ਨਾਜਾਇਜ਼ ਸ਼ਰਾਬ ਤੇ ਚਲਦੀਆਂ ਭੱਠੀਆਂ ਫੜਨ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ

08/07/2020 4:40:48 PM

ਸੁਲਤਾਨਪੁਰ ਲੋਧੀ (ਸੋਢੀ)— ਬੀਤੇ ਦਿਨੀਂ ਮਾਝੇ ਦੇ ਤਿੰਨ ਜ਼ਿਲ੍ਹਿਆਂ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਾਰੇ ਗਏ 100 ਤੋਂ ਵੱਧ ਗਰੀਬ ਵਿਅਕਤੀਆਂ ਦੀ ਹੋ ਗਈ।  ਇਸ ਦੁਖਾਂਤ ਦੀ ਘਟਨਾ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ਅਨੁਸਾਰ ਪੰਜਾਬ ਦੇ ਵੱਖ-ਵੱਖ ਥਾਣਿਆਂ ਦੀ ਪੁਲਸ ਵੱਲੋਂ ਆਪੋ-ਆਪਣੇ ਇਲਾਕੇ 'ਚੋਂ ਪਿਛਲੇ 3 ਦਿਨਾਂ 'ਚ ਹੀ ਵੱਡੀ ਗਿਣਤੀ 'ਚ ਨਾਜਾਇਜ਼ ਸ਼ਰਾਬ ਦੀਆਂ ਚਲਦੀਆਂ ਭੱਠੀਆਂ ਅਤੇ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਫੜੇ ਜਾਣ ਕਾਰਨ ਕਈ ਤਰ੍ਹਾਂ ਦੀ ਚਰਚਾ ਛਿੜ ਗਈ ਹੈ।

ਸੋਸ਼ਲ ਮੀਡੀਆ 'ਤੇ ਲੋਕ ਪੁਲਸ ਨੂੰ ਇਹ ਸਵਾਲ ਕਰ ਰਹੇ ਹਨ ਕਿ ਜ਼ਹਿਰੀਲੀ ਸ਼ਰਾਬ ਨਾਲ ਲੋਕਾਂ ਦੀਆਂ ਕੀਮਤੀ ਜਾਨਾਂ ਦੇ ਸੱਥਰ ਵਿਛ ਜਾਣ ਤੋਂ ਬਾਅਦ ਸਿਰਫ 3 ਦਿਨਾਂ 'ਚ ਹੀ ਪੁਲਸ ਨੇ ਇੰਨੀ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਦੀਆਂ ਭੱਠੀਆਂ ਤੇ ਨਾਜਾਇਜ਼ ਸ਼ਰਾਬ ਕਿਵੇਂ ਬਰਾਮਦ ਕਰ ਲਈ। ਇਸਤੋਂ ਇਹ ਸਾਬਿਤ ਹੁੰਦਾ ਹੈ ਕਿ ਪੁਲਸ ਨੂੰ ਪਹਿਲਾਂ ਹੀ ਨਜਾਇਜ਼ ਸ਼ਰਾਬ ਕੱਢਣ ਵਾਲੇ ਟਿਕਾਣਿਆਂ ਦਾ ਪਹਿਲਾਂ ਹੀ ਪਤਾ ਸੀ ਪਰ ਸੱਤਾਧਾਰੀ ਸਿਆਸੀ ਆਗੂਆਂ ਦੇ ਦਬਾਅ ਕਾਰਨ ਪੁਲਸ ਅਧਿਕਾਰੀ ਕੋਈ ਕਾਰਵਾਈ ਨਹੀਂ ਸੀ ਕਰ ਰਹੇ।

ਜ਼ਿਲ੍ਹੇ 'ਚ ਵੀ ਪਿਛਲੇ 3 ਦਿਨਾਂ 'ਚ ਹੀ ਵੱਖ-ਵੱਖ ਥਾਣਿਆਂ ਦੀ ਪੁਲਸ ਵੱਲੋਂ ਨਾਜਾਇਜ਼ ਸ਼ਰਾਬ ਅਤੇ ਚਾਲੂ ਭੱਠੀਆਂ ਕਾਬੂ ਕਰਕੇ ਕਾਫੀ ਮੁਕੱਦਮੇ ਵੀ ਦਰਜ ਕੀਤੇ ਹਨ। ਸ਼ਰਾਬ ਦੇ ਨਾਜਾਇਜ਼ ਕਾਰੋਬਾਰ 'ਚ ਲੱਗੇ ਲੋਕਾਂ ਖ਼ਿਲਾਫ਼ ਪੁਲਸ ਦੀ ਇਸ ਵੱਡੀ ਕਾਰਵਾਈ ਕਾਰਨ ਜਿੱਥੇ ਨਾਜਾਇਜ਼ ਸ਼ਰਾਬ ਕੱਢ ਕੇ ਵੇਚਣ ਵਾਲੇ ਗਲਤ ਅਨਸਰਾਂ 'ਚ ਭਗਦੜ ਮਚ ਗਈ ਹੈ, ਉੱਥੇ ਇਹ ਵੀ ਜਾਪ ਰਿਹਾ ਹੈ ਕਿ ਸ਼ਰਾਬ ਮਾਫੀਏ ਨੂੰ ਕਿਤੇ ਨਾਂ ਕਿਤੇ ਸੱਤਾਧਾਰੀ ਲੀਡਰਾਂ ਦਾ ਥਾਪੜਾ ਵੀ ਹਾਸਲ ਸੀ। ਜਿਨ੍ਹਾਂ ਹੁਣ ਮਾਝੇ 'ਚ ਵਾਪਰੇ ਜ਼ਹਿਰੀਲੀ ਸ਼ਰਾਬ ਦੇ ਵੱਡੇ ਦੁਖਾਂਤ ਤੋਂ ਬਾਅਦ ਆਪਣੇ ਹੱਥ ਪਿੱਛੇ ਖਿੱਚ ਲਏ ਹਨ। ਨਸ਼ਿਆਂ ਦੇ ਵਧਦੇ ਪਰਸਾਰ ਬਾਰੇ ਸਰਕਾਰ ਵਿਰੋਧੀ ਪਾਰਟੀਆਂ ਦੇ ਆਗੂਆਂ ਵੀ ਕੈਪਟਨ ਸਰਕਾਰ ਨੂੰ ਲੰਮੇ ਹੱਥੀਂ ਲਿਆ ਹੈ।

ਕਾਂਗਰਸ ਦੇ ਕੁਝ ਵਿਧਾਇਕ ਤੇ ਮੰਤਰੀ ਖੁਦ ਹੀ ਨਸ਼ਾ ਸਮੱਗਲਰਾਂ ਦੀ ਪੁਸ਼ਤ ਪਨਾਹੀ : ਸਵਰਣ ਸਿੰਘ
ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪੀ. ਏ. ਸੀ. ਇੰਜ. ਸਵਰਨ ਸਿੰਘ ਨੇ ਨੇ ਦੋਸ਼ ਲਾਇਆ ਹੈ ਕਿ ਕਾਂਗਰਸ ਦੇ ਕੁਝ ਵਿਧਾਇਕ ਤੇ ਮੰਤਰੀ ਖੁਦ ਹੀ ਪੰਜਾਬ 'ਚ ਨਸ਼ਾ ਸਮੱਗਲਰਾਂ ਦੀ ਪੁਸ਼ਤ ਪਨਾਹੀ ਕਰ ਰਹੇ ਹਨ। ਜਿਸ ਕਾਰਣ ਗੁਰੂ ਸਾਹਿਬਾਨ ਦੀ ਪਵਿੱਤਰ ਧਰਤੀ ਪੰਜਾਬ 'ਚ ਨਸ਼ਿਆਂ ਦਾ ਗੜ੍ਹ ਬਣੀ ਹੋਈ ਹੈ ਤੇ ਨਸ਼ੇ ਕਈ ਕੀਮਤੀ ਜਾਨਾਂ ਲੈ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮਾਝੇ ਦੇ ਖੇਤਰ 'ਚ ਵੀ ਹਲਕੇ ਦੇ ਮੁੱਖ ਕਾਂਗਰਸੀ ਆਗੂਆਂ ਦੀ ਸਰਪ੍ਰਸਤੀ ਹੇਠ ਸ਼ਰਾਬ ਮਾਫੀਆ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰ ਕੇ ਜਿਥੇ ਪੰਜਾਬ ਦੇ ਖਜ਼ਾਨੇ ਨੂੰ ਚੂਨਾ ਲਗਾ ਰਿਹਾ ਹੈ, ਉੱਥੇ ਕਈ ਘਰਾਂ ਦੇ ਚਿਰਾਗ ਬੁਝਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਸਿੰਘ ਨੇ ਸਾਢੇ ਤਿੰਨ ਸਾਲ ਅੱਖਾਂ ਮੀਟ ਛੱਡੀਆਂ ਤੇ ਪੰਜਾਬ 'ਚ ਕਾਂਗਰਸ ਆਗੂਆਂ ਤੇ ਸਬੰਧਿਤ ਥਾਣਿਆਂ ਦੇ ਪੁਲਸ ਅਧਿਕਾਰੀਆਂ ਦੀ ਕਥਿਤ ਮਿਲੀ ਭੁਗਤ ਨਾਲ ਨਸ਼ਿਆਂ ਦਾ ਧੰਦਾ ਜੋਰਾਂ 'ਤੇ ਜਾਰੀ ਚੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਦੁੱਖ ਭਰੀ ਦਾਸਤਾਨ ਇਹ ਵੀ ਹੈ ਕਿ ਥਾਣਿਆਂ ਦੇ ਐੱਸ. ਐੱਚ. ਓ.-ਡੀ. ਐੱਸ. ਪੀ. ਤਾਂ ਹਲਕਾ ਵਿਧਾਇਕਾਂ ਦੀ ਮਰਜ਼ੀ ਦੇ ਲਗਾਏ ਜਾਂਦੇ ਹਨ ਤਾਂ ਜੋ ਉਨ੍ਹਾਂ ਰਾਹੀਂ ਵਿਧਾਇਕ ਵਿਰੋਧੀ ਪਾਰਟੀਆਂ ਦੇ ਵਰਕਰਾਂ 'ਤੇ ਕੇਸ ਬਣਾ ਕੇ ਦਬਾਅ ਪਾਇਆ ਜਾ ਸਕੇ ਤੇ ਫਿਰ ਉਨ੍ਹਾਂ ਪੁਲਸ ਅਧਿਕਾਰੀਆਂ ਤੋਂ ਕਿਵੇਂ ਆਸ ਕੀਤੀ ਜਾ ਸਕਦੀ ਹੈ ਕਿ ਲੋਕਾਂ ਨਾਲ ਨਿਆਂ ਕਰਨਗੇ।


shivani attri

Content Editor

Related News